ਨੂਪੁਰ ਦੇ ਹਮਾਇਤੀਆਂ ਵਿਰੁੱਧ ਵਿਖਾਵੇ ਨੂੰ ਲੈ ਕੇ 200 ਤੋਂ ਵਧ ਲੋਕਾਂ ਵਿਰੁੱਧ ਮਾਮਲਾ ਦਰਜ
Thursday, Jun 16, 2022 - 11:17 AM (IST)
ਠਾਣੇ, (ਭਾਸ਼ਾ)– ਮਹਾਰਾਸ਼ਟਰ ’ਚ ਭਿਵੰਡੀ ਪੁਲਸ ਨੇ ਭਾਜਪਾ ਦੀ ਸਾਬਕਾ ਨੇਤਰੀ ਨੂਪੁਰ ਸ਼ਰਮਾ ਦੇ ਹਮਾਇਤੀਆਂ ਵਿਰੁੱਧ ਵਿਖਾਵਾ ਕਰਨ ਲਈ ਕਥਿਤ ਤੌਰ ’ਤੇ ਗੈਰ-ਕਾਨੂੰਨੀ ਢੰਗ ਨਾਲ ਇਕੱਠੇ ਹੋਣ ਦੇ ਦੋਸ਼ ਹੇਠ 200 ਤੋਂ ਵਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਪੁਲਸ ਨੇ ਬੁੱਧਵਾਰ ਦੱਸਿਆ ਕਿ ਭਿਵੰਡੀ ’ਚ 12 ਜੂਨ ਨੂੰ ਇਕ ਥਾਂ ’ਤੇ ਵੱਡੀ ਗਿਣਤੀ ’ਚ ਲੋਕ ਇਕੱਠੇ ਹੋ ਗਏ ਸਨ। ਇਸ ਕਾਰਨ ਹਾਲਾਤ ਖਿਚਾਅ ਭਰਪੂਰ ਬਣ ਗਏ ਸਨ। ਕੁਝ ਲੋਕਾਂ ਨੇ ਸ਼ਹਿਰ ’ਚ ਰੋਸ ਮਾਰਚ ਵੀ ਕੀਤਾ। ਭਿਵੰਡੀ ਦੇ ਦੋ ਥਾਣਿਆਂ ’ਚ 200 ਤੋਂ ਵਧ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।
ਭਿਵੰਡੀ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ਨਵੀਨ ਜਿੰਦਲ
ਭਾਰਤੀ ਜਨਤਾ ਪਾਰਟੀ ਤੋਂ ਕੱਢੇ ਨੇਤਾ ਨਵੀਨ ਕੁਮਾਰ ਜਿੰਦਲ ਪੈਗੰਬਰ ਮੁਹੰਮਦ ਵਿਰੁੱਧ ਆਪਣੇ ਕਥਿਤ ਵਿਵਾਦਗ੍ਰਸਤ ਟਵੀਟ ਦੇ ਮਾਮਲੇ ’ਚ ਬੁੱਧਵਾਰ ਨੂੰ ਇਥੇ ਭਿਵੰਡੀ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਭਿਵੰਡੀ ਪੁਲਸ ਨੇ ਜਿੰਦਲ ਵਿਰੁੱਧ ਇਥੇ ਦਰਜ ਮਾਮਲੇ ਦੇ ਸਬੰਧ ’ਚ ਬਿਆਨ ਦਰਜ ਕਰਵਾਉਣ ਲਈ ਉਨ੍ਹਾਂ ਨੂੰ ਸੰਮਨ ਭੇਜਿਆ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉਹ ਬੁੱਧਵਾਰ ਨੂੰ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ। ਉਨ੍ਹਾਂ ਦੱਸਿਆ ਕਿ ਜਿੰਦਲ ਵੱਲੋਂ ਅਜੇ ਤੱਕ ਕੋਈ ਸੂਚਨਾ ਵੀ ਨਹੀਂ ਦਿੱਤੀ ਗਈ ਹੈ। ਭਿਵੰਡੀ ਪੁਲਸ ਨੇ ਮਾਮਲੇ ’ਚ ਸੋਮਵਾਰ ਨੂੰ ਨੁਪੁਰ ਸ਼ਰਮਾ ਨੂੰ ਵੀ ਸੰਮਨ ਭੇਜਿਆ ਸੀ ਅਤੇ ਉਨ੍ਹਾਂ ਨੇ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਸ ਤੋਂ 4 ਹਫਤਿਆਂ ਦਾ ਸਮਾਂ ਮੰਗਿਆ ਸੀ।