The Kashmir Files: ਫਿਲਮ ਡਾਇਰੈਕਟਰ ਵਿਵੇਕ ਅਗਨੀਹੋਤਰੀ ਨੂੰ ਦਿੱਤੀ ਗਈ 'Y' ਕੈਟੇਗਰੀ ਦੀ ਸੁਰੱਖਿਆ

Friday, Mar 18, 2022 - 01:35 PM (IST)

ਨੈਸ਼ਨਲ ਡੈਸਕ- ਡਾਇਰੈਕਟਰ ਵਿਵੇਕ ਰੰਜਨ ਅਗਨੀਹੋਤਰੀ ਦੀ ਫਿਲਮ 'ਦਿ ਕਸ਼ਮੀਰ ਫਾਈਲਸ' ਲਗਾਤਾਰ ਚਰਚਾ 'ਚ ਬਣੀ ਹੋਈ ਹੈ। ਅਜਿਹੇ 'ਚ ਫੈਨਜ਼ ਨਾਲ ਕਈ ਬਾਲੀਵੁੱਡ ਅਦਾਕਾਰ ਵੀ ਇਸ ਫਿਲਮ ਨੂੰ ਲੈ ਕੇ 2 ਧਿਰਾਂ 'ਚ ਨਜ਼ਰ ਆ ਰਹੇ ਹਨ। ਇਹੀ ਨਹੀਂ, ਦਿ ਕਸ਼ਮੀਰ ਫਾਈਲਸ ਨੂੰ ਲੈ ਕੇ ਸਿਆਸਤ ਵੀ ਤੇਜ਼ ਹੋ ਗਈ ਹੈ। ਇਸੇ ਕ੍ਰਮ 'ਚ ਜਿੱਥੇ ਕੁਝ ਸੂਬਿਆਂ 'ਚ ਇਹ ਫਿਲਮ ਟੈਕਸ ਫ੍ਰੀ ਹੋ ਗਈ ਹੈ ਤਾਂ ਉੱਥੇ ਹੀ ਕੁਝ ਇਸ ਨੂੰ ਲੈ ਕੇ ਸਵਾਲ ਖੜ੍ਹੇ ਕਰ ਰਹੇ ਹਨ। ਸਰਕਾਰੀ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਵਿਵੇਕ ਅਗਨੀਹੋਤਰੀ ਨੂੰ ਪੂਰੇ ਭਾਰਤ 'ਚ ਸੀ.ਆਰ.ਪੀ.ਐੱਫ. ਕਵਰ ਨਾਲ 'ਵਾਈ' ਸ਼੍ਰੇਣੀ ਦੀ ਸੁਰੱਖਿਆ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ ਵਿਵੇਕ ਰੰਜਨ ਅਗਨੀਹੋਤਰੀ ਵਲੋਂ ਨਿਰਦੇਸ਼ਿਤ ਫਿਲਮ 'ਦਿ ਕਸ਼ਮੀਰ ਫਾਈਲਸ' ਜੰਮੂ ਕਸ਼ਮੀਰ 'ਚ 90 ਦੇ ਦਹਾਕਿਆਂ 'ਚ ਕਸ਼ਮੀਰੀ ਪੰਡਿਤਾਂ 'ਤੇ ਹੋਏ ਅੱਤਿਆਚਾਰ ਅਤੇ ਘਾਟੀ ਤੋਂ ਉਨ੍ਹਾਂ ਦੇ ਦਰਦਨਾਕ ਪਲਾਇਨ 'ਤੇ ਆਧਾਰਤ ਹੈ। ਜਦੋਂ ਤੋਂ ਇਹ ਫਿਲਮ ਰਿਲੀਜ਼ ਹੋਈ ਹੈ, ਉਦੋਂ ਤੋਂ ਇਹ ਵਿਵਾਦਾਂ 'ਚ ਘਿਰੀ ਹੋਈ ਹੈ। ਅਜਿਹੇ 'ਚ ਸੋਸ਼ਲ ਮੀਡੀਆ ਤੋਂ ਲੈ ਕੇ ਟੀ.ਵੀ. ਤੱਕ ਇਸ 'ਤੇ ਖੂਬ ਬਹਿਸਬਾਜ਼ੀ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਇਸ ਫਿਲਮ 'ਚ ਬਾਲੀਵੁੱਡ ਦੇ ਦਿੱਗਜ ਅਭਿਨੇਤਾ ਅਨੁਪਮ ਖੇਰ ਅਤੇ ਮਿਥੁਨ ਚੱਕਰਵਰਤੀ ਤੋਂ ਇਲਾਵਾ ਦਰਸ਼ਨ ਕੁਮਾਰ ਅਤੇ ਪਲਵੀ ਜੋਸ਼ੀ ਨੇ ਅਭਿਨੈ ਕੀਤਾ ਹੈ। 11 ਮਾਰਚ ਨੂੰ ਫਿਲਮ 'ਦਿ ਕਸ਼ਮੀਰ ਫਾਈਲਸ' ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਦੇ ਲੇਖਕ ਸੌਰਭ ਐੱਮ. ਪਾਂਡੇ ਦਾ ਕਹਿਣਾ ਹੈ ਕਿ ਇਸ 'ਚ ਸਿਰਫ਼ 5 ਫੀਸਦੀ ਹੀ ਦਿਖਾਇਆ ਗਿਆ ਹੈ ਬਾਕੀ ਨਾ ਦਿਖਾਇਆ ਜਾ ਸਕਦਾ ਹੈ ਅਤੇ ਨਾ ਹੀ ਦੇਖਿਆ ਜਾ ਸਕਦਾ ਹੈ। ਸੌਰਭ ਪਾਂਡੇ ਨੇ ਕਿਹਾ ਕਿ ਫਿਲਮ ਨੂੰ ਲੈ ਕੇ ਰਿਸਰਚ ਕਰਨ ਅਤੇ ਇਸ ਦੀ ਕਹਾਣੀ ਲਿਖਣ 'ਚ 3 ਸਾਲ ਦਾ ਸਮਾਂ ਲੱਗ ਗਿਆ।


DIsha

Content Editor

Related News