ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ

Wednesday, Nov 15, 2023 - 03:06 PM (IST)

ਉੱਤਰਕਾਸ਼ੀ ਹਾਦਸਾ : 72 ਘੰਟਿਆਂ ਤੋਂ ਸੁਰੰਗ 'ਚ ਫਸੀਆਂ 40 ਜ਼ਿੰਦਗੀਆਂ ਨੂੰ ਬਚਾਉਣ ਦੀ ਜੰਗ ਜਾਰੀ

ਉੱਤਰਕਾਸ਼ੀ (ਭਾਸ਼ਾ)- ਯਮੁਨੋਤਰੀ ਨੈਸ਼ਨਲ ਹਾਈਵੇਅ 'ਤੇ ਨਿਰਮਾਣ ਅਧੀਨ ਸਿਲਕਿਆਰਾ ਸੁਰੰਗ ਵਿਚ ਪਿਛਲੇ 72 ਘੰਟਿਆਂ ਤੋਂ ਫਸੇ 40 ਮਜ਼ਦੂਰਾਂ ਨੂੰ ਬਚਾਉਣ ਦੇ ਯਤਨਾਂ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਇਕ 'ਏਸਕੇਪ ਟਨਲ' ਬਣਾਉਣ ਲਈ ਸ਼ੁਰੂ ਕੀਤੀ ਡ੍ਰਿਲਿੰਗ ਨੂੰ ਤਾਜ਼ਾ ਜ਼ਮੀਨ ਖਿਸਕਣ ਕਾਰਨ ਰੋਕਣਾ ਪਿਆ। ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਸਵੇਰੇ 12.30 ਵਜੇ ਤੱਕ ਮਲਬੇ ਵਿਚ ਵੱਡੇ ਵਿਆਸ ਦੇ ਹਲਕੇ ਸਟੀਲ ਦੀਆਂ ਪਾਈਪਾਂ ਪਾਉਣ ਲਈ ਡ੍ਰਿਲਿੰਗ ਦਾ ਕੰਮ ਚੱਲ ਰਿਹਾ ਸੀ ਪਰ ਜ਼ਮੀਨ ਖਿਸਕਣ ਕਾਰਨ ਇਸ ਨੂੰ ਅੱਧ ਵਿਚਾਲੇ ਹੀ ਰੋਕਣਾ ਪਿਆ। ਇਸ ਦੌਰਾਨ ਸਿਲਕਿਆਰਾ ਸੁਰੰਗ ਵਿਚ ਡ੍ਰਿਲਿੰਗ ਲਈ ਲਗਾਈ ਗਈ ਆਗਰ ਮਸ਼ੀਨ ਵੀ ਖ਼ਰਾਬ ਹੋਣ ਦੀ ਸੂਚਨਾ ਹੈ। ਇਸ ਤੋਂ ਪਹਿਲਾਂ ਮੰਗਲਵਾਰ ਰਾਤ ਨੂੰ ਵੀ ਸੁਰੰਗ 'ਚ ਉੱਪਰ ਤੋਂ ਮਲਬਾ ਡਿੱਗਿਆ ਸੀ। ਇਸ ਮਗਰੋਂ ਮਚੀ ਭਗਦੜ ਵਰਗੀ ਸਥਿਤੀ ਵਿਚ ਬਚਾਅ ਕਾਰਜ ਵਿੱਚ ਲੱਗੇ 2 ਮਜ਼ਦੂਰ ਮਾਮੂਲੀ ਜ਼ਖ਼ਮੀ ਹੋ ਗਏ ਅਤੇ ਉਨ੍ਹਾਂ ਨੂੰ ਇਲਾਜ ਲਈ ਸੁਰੰਗ ਦੇ ਬਾਹਰ ਬਣੇ ਅਸਥਾਈ ਹਸਪਤਾਲ ਵਿੱਚ ਲਿਜਾਣਾ ਪਿਆ।

PunjabKesari

ਪੁਲਸ ਦੇ ਡਾਇਰੈਕਟਰ ਜਨਰਲ ਅਸ਼ੋਕ ਕੁਮਾਰ ਨੇ ਦੇਹਰਾਦੂਨ ਵਿਚ ਦੱਸਿਆ ਕਿ ਭਾਰਤੀ ਹਵਾਈ ਫ਼ੌਜ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਦਿੱਲੀ ਤੋਂ ਜਲਦੀ ਹੀ ਵੱਡੀਆਂ ਮਸ਼ੀਨਾਂ ਮੌਕੇ 'ਤੇ ਭੇਜੀਆਂ ਜਾਣਗੀਆਂ ਤਾਂ ਜੋ ਮਜ਼ਦੂਰਾਂ ਨੂੰ ਸੁਰੰਗ ਵਿੱਚੋਂ ਬਾਹਰ ਕੱਢਿਆ ਜਾ ਸਕੇ। ਦਿੱਲੀ ਤੋਂ 2 ਹਰਕਿਊਲਿਸ ਜਹਾਜ਼ ਬਚਾਅ ਕਾਰਜਾਂ ਲਈ ਸਮਾਨ ਲੈ ਕੇ ਘਟਨਾ ਵਾਲੀ ਥਾਂ ਨੇੜੇ ਚਿਨਿਆਲੀਸੌਰ ਹਵਾਈ ਅੱਡੇ 'ਤੇ ਪਹੁੰਚਣਗੇ ਜਿੱਥੋਂ ਉਨ੍ਹਾਂ ਨੂੰ ਸਿਲਕਿਆਰਾ ਲਿਆਂਦਾ ਜਾਵੇਗਾ। ਦੂਜੇ ਪਾਸੇ ਸਿਲਕਿਆਰਾ ਸਥਿਤ ਪੁਲਸ ਕੰਟਰੋਲ ਰੂਮ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਆਗਰ ਮਸ਼ੀਨ ਲਗਾਉਣ ਲਈ ਬਣਾਏ ਪਲੇਟਫਾਰਮ ਨੂੰ ਢਾਹ ਕੇ ਵੱਡੀਆਂ ਮਸ਼ੀਨਾਂ ਲਈ ਨਵਾਂ ਪਲੇਟਫਾਰਮ ਬਣਾਇਆ ਜਾਵੇਗਾ। ਮਲਬੇ ਵਿਚ ਹਰੀਜੱਟਲ ਡ੍ਰਿਲਿੰਗ ਲਈ ਆਗਰ ਮਸ਼ੀਨ ਲਗਾਉਣ ਲਈ ਪਲੇਟਫਾਰਮ ਬਣਾਉਣ ਵਿਚ ਮੰਗਲਵਾਰ ਨੂੰ ਲਗਭਗ ਪੂਰਾ ਦਿਨ ਲੱਗ ਗਿਆ। ਬਚਾਅ ਕਾਰਜ 'ਚ ਰੁਕਾਵਟ ਕਾਰਨ ਸੁਰੰਗ 'ਚ ਫਸੇ ਮਜ਼ਦੂਰਾਂ ਦੇ ਬਾਹਰ ਆਉਣ ਦੀ ਉਡੀਕ ਐਤਵਾਰ ਸਵੇਰ ਤੋਂ ਹੀ ਲੰਬੀ ਹੁੰਦੀ ਜਾ ਰਹੀ ਹੈ। ਰਾਜ ਦੇ ਆਫ਼ਤ ਪ੍ਰਬੰਧਨ ਸਕੱਤਰ ਰਣਜੀਤ ਸਿਨਹਾ ਨੇ ਸੋਮਵਾਰ ਨੂੰ ਉਮੀਦ ਜਤਾਈ ਸੀ ਕਿ ਮੰਗਲਵਾਰ ਰਾਤ ਜਾਂ ਬੁੱਧਵਾਰ ਸਵੇਰ ਤੱਕ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਜਾਵੇਗਾ। ਬਾਅਦ ਵਿਚ 900 ਮਿਲੀਮੀਟਰ ਵਿਆਸ ਵਾਲੀ ਪਾਈਪ ਰਾਹੀਂ 'ਏਸਕੇਪ ਟਨਲ' ਬਣਾ ਕੇ ਮਜ਼ਦੂਰਾਂ ਨੂੰ ਬਾਹਰ ਕੱਢਣ ਦੀ ਨਵੀਂ ਯੋਜਨਾ ਦਾ ਸਾਹਮਣੇ ਆਉਣ ਤੋਂ ਬਾਅਦ ਉੱਤਰਕਾਸ਼ੀ ਦੇ ਜ਼ਿਲ੍ਹਾ ਮੈਜਿਸਟਰੇਟ ਅਭਿਸ਼ੇਕ ਰੁਹੇਲਾ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਜੇਕਰ ਸਭ ਕੁਝ ਠੀਕ ਰਿਹਾ, ਤਾਂ ਮਜ਼ਦੂਰਾਂ ਨੂੰ ਬੁੱਧਵਾਰ ਦਿਨ ਤੱਕ ਬਾਹਰ ਕੱਢ ਲਿਆ ਜਾਵੇਗਾ।

PunjabKesari

ਹਾਲਾਂਕਿ ਸੁਰੰਗ 'ਚ ਫਸੇ ਸਾਰੇ ਮਜ਼ਦੂਰ ਸੁਰੱਖਿਅਤ ਦੱਸੇ ਜਾ ਰਹੇ ਹਨ, ਜਿਨ੍ਹਾਂ ਨੂੰ ਪਾਈਪ ਰਾਹੀਂ ਲਗਾਤਾਰ ਆਕਸੀਜਨ, ਪਾਣੀ, ਸੁੱਕੇ ਮੇਵੇ ਸਮੇਤ ਹੋਰ ਖਾਣ-ਪੀਣ ਦੀਆਂ ਸਮੱਗਰੀ, ਬਿਜਲੀ, ਦਵਾਈਆਂ ਆਦਿ ਪਹੁੰਚਾਈਆਂ ਜਾ ਰਹੀਆਂ ਹਨ। ਚਾਰਧਾਮ ਆਲ ਵੈਦਰ ਸੜਕ ਪ੍ਰਾਜੈਕਟ ਦੇ ਅਧੀਨ ਨਿਰਮਾਣ ਅਧੀਨ ਸੁਰੰਗ ਦਾ ਸਿਲਕਿਆਰਾ ਵੱਲੋਂ ਮੁਹਾਨੇ ਤੋਂ 270 ਮੀਟਰ ਅੰਦਰ ਕਰੀਬ 30 ਮੀਟਰ ਦਾ ਹਿੱਸਾ ਢਹਿ ਗਿਆ ਸੀ ਅਤੇ ਉਦੋਂ ਤੋਂ ਮਜ਼ਦੂਰ ਉੱਥੇ ਫਸੇ ਹੋਏ ਹਨ। ਉਨ੍ਹਾਂ ਨੂੰ ਕੱਢਣ ਲਈ ਜੰਗੀ ਪੱਧਰ 'ਤੇ ਬਚਾਅ ਅਤੇ ਰਾਹਤ ਮੁਹਿੰਮ ਚਲਾਈ ਜਾ ਰਹੀ ਹੈ। ਰਾਸ਼ਟਰੀ ਆਫ਼ਤ ਰਿਸਪਾਂਸ ਫ਼ੋਰਸ, ਰਾਜ ਆਫ਼ਤ ਰਿਸਪਾਂਸ ਫ਼ੋਰਸ, ਭਾਰਤ-ਤਿੱਬਤ ਸਰਹੱਦੀ ਪੁਲਸ, ਸਰਹੱਦੀ ਸੜਕ ਸੰਗਠਨ ਦੇ 160 ਬਚਾਅ ਕਰਮਚਾਰੀਆਂ ਦਾ ਦਲ ਦਿਨ-ਰਾਤ ਬਚਾਅ ਕੰਮਾਂ 'ਚ ਜੁਟਿਆ ਹੋਇਆ ਹੈ। ਫਸੇ ਮਜ਼ਦੂਰਾਂ ਦੀ ਸਲਾਮਤੀ ਲਈ ਇਕ ਸਥਾਨਕ ਪੁਜਾਰੀ ਨੇ ਮੌਕੇ 'ਤੇ ਪੂਜਾ ਵੀ ਸੰਪੰਨ ਕਰਵਾਈ। ਗੰਗੋਤਰੀ ਮੰਦਰ ਦੇ ਕਿਵਾੜ ਬੰਦ ਹੋਣ ਮੌਕੇ ਮਜ਼ਦੂਰਾਂ ਦੇ ਸਹੀ ਸਲਾਮ ਬਾਹਰ ਆਉਣ ਲਈ ਪ੍ਰਾਰਥਨਾ ਵੀ ਕੀਤੀ ਗਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News