ਦੇਸ਼ 'ਚ ਕੋਰੋਨਾ ਵਾਇਰਸ ਨਾਲ 5ਵੀਂ ਮੌਤ, 63 ਸਾਲ ਦੇ ਸ਼ਖਸ ਨੇ ਤੋੜਿਆ ਦਮ
Sunday, Mar 22, 2020 - 11:19 AM (IST)
ਮੁੰਬਈ— ਭਾਰਤ 'ਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। ਹੁਣ ਤੱਕ ਭਾਰਤ 'ਚ 315 ਕੇਸ ਹੋ ਚੁੱਕੇ ਹਨ। ਮਹਾਰਾਸ਼ਟਰ 'ਚ ਵਾਇਰਸ ਤੋਂ ਪੀੜਤ ਇਕ ਹੋਰ ਮੌਤ ਹੋ ਗਈ ਹੈ। 63 ਸਾਲ ਦੇ ਬਜ਼ੁਰਗ ਸ਼ਖਸ ਨੇ ਦਮ ਤੋੜ ਦਿੱਤਾ ਹੈ। ਕੋਰੋਨਾ ਵਾਇਰਸ ਦੇ ਪਾਜ਼ੀਟਿਵ 63 ਸਾਲਾ ਮਰੀਜ਼ ਨੂੰ ਸ਼ੂਗਰ, ਹਾਈ ਬਲੱਡ ਪ੍ਰੈੱਸ਼ਰ ਅਤੇ ਦਿਲ ਦੀ ਬੀਮਾਰੀ ਨਾਲ ਪੀੜਤ ਸੀ। ਮਹਾਰਾਸ਼ਟਰ ਜਨਤਕ ਸਿਹਤ ਵਿਭਾਗ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ।
ਇੱਥੇ ਦੱਸ ਦੇਈਏ ਕਿ ਮਹਾਰਾਸ਼ਟਰ 'ਚ ਪਹਿਲਾਂ ਵੀ ਇਕ ਬਜ਼ੁਰਗ ਵਿਅਕਤੀ ਦੀ ਵਾਇਰਸ ਨਾਲ ਮੌਤ ਹੋ ਚੁੱਕੀ ਹੈ। ਇੱਥੇ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ ਹੈ। ਮਹਾਰਾਸ਼ਟਰ ਵਾਇਰਸ ਨਾਲ ਸਭ ਤੋਂ ਜ਼ਿਆਦਾ ਮਾਰ ਝੱਲ ਰਿਹਾ ਹੈ, ਜਿੱਥੇ ਮਰੀਜ਼ਾਂ ਦੀ ਤਾਦਾਦ 74 ਤਕ ਹੋ ਗਈ ਹੈ। ਦਿੱਲੀ, ਕਰਨਾਟਕ, ਪੰਜਾਬ 'ਚ ਵਾਇਰਸ ਨਾਲ ਇਕ-ਇਕ ਅਤੇ ਮਹਾਰਾਸ਼ਟਰ 'ਚ ਦੋ ਮੌਤਾਂ ਹੋ ਚੁੱਕੀਆਂ ਹਨ। ਇਸ ਤਰ੍ਹਾਂ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 5 ਹੋ ਗਈ ਹੈ।
ਭਾਰਤ 'ਚ ਇਸ ਵਾਇਰਸ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸਵੇਰੇ 7 ਵਜੇ ਤੋਂ ਸ਼ਾਮ 9 ਵਜੇ ਤਕ ਜਨਤਾ ਕਰਫਿਊ ਦਾ ਐਲਾਨ ਕੀਤਾ ਗਿਆ ਹੈ। ਇੱਥੇ ਦੱਸ ਦੇਈਏ ਕਿ ਕੋਰੋਨਾ ਨਾਲ ਦੇਸ਼ ਦੇ 22 ਸੂਬੇ ਪ੍ਰਭਾਵਿਤ ਹਨ, ਇਸ ਤੋਂ ਬਚਣ ਲਈ ਜਨਤਾ ਕਰਫਿਊ ਲਾਇਆ ਗਿਆ ਹੈ, ਤਾਂ ਕਿ ਲੋਕ ਸੁਰੱਖਿਅਤ ਰਹਿਣ ਅਤੇ ਇਸ ਵਾਇਰਸ ਤੋਂ ਬਚਿਆ ਜਾ ਸਕੇ।
ਦੱਸਣਯੋਗ ਹੈ ਕਿ ਚੀਨ ਦੇ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਤੋਂ ਪੈਰ ਪਸਾਰਣ ਵਾਲੇ ਜਾਨਲੇਵਾ ਕੋਰੋਨਾ ਵਾਇਰਸ ਦੀ ਲਪੇਟ 'ਚ ਹੁਣ ਤਕ ਦੁਨੀਆ ਦੇ 180 ਤੋਂ ਵਧੇਰੇ ਦੇਸ਼ ਆ ਚੁੱਕੇ ਹਨ। ਵਿਸ਼ਵ ਸਿਹਤ ਸੰਗਠਨ ਨੇ ਇਸ ਵਾਇਰਸ ਦੇ ਵੱਧਦੇ ਖਤਰੇ ਨੂੰ ਦੇਖਦਿਆਂ ਇਸ ਨੂੰ ਗਲੋਬਲ ਮਹਾਮਾਰੀ ਐਲਾਨਿਆ ਹੈ। ਚੀਨ ਤੋਂ ਬਾਅਦ ਇਟਲੀ ਅਜਿਹਾ ਦੇਸ਼ ਹੈ, ਜਿੱਥੇ ਵਾਇਰਸ ਦਾ ਖਤਰਾ ਸਭ ਤੋਂ ਵਧੇਰੇ ਹੈ। ਇੱਥੇ 4 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੁਨੀਆ ਭਰ 'ਚ ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 12,000 ਤੋਂ ਵਧੇਰੇ ਹੋ ਚੁੱਕੀ ਹੈ ਅਤੇ 3 ਲੱਖ ਦੇ ਕਰੀਬ ਲੋਕ ਵਾਇਰਸ ਦੀ ਲਪੇਟ 'ਚ ਹਨ।
ਇਹ ਵੀ ਪੜ੍ਹੋ : ਕੋਵਿਡ-19 : ਦੇਸ਼ 'ਚ 315 ਪੌਜੀਟਿਵ ਮਾਮਲੇ, 23 ਲੋਕ ਠੀਕ ਹੋ ਕੇ ਪਰਤੇ ਘਰ