ਇਕ ਹੋਰ ਮਹਿਲਾ ਸ਼ੂਟਰ ਨੇ ਕੀਤੀ ਖ਼ੁਦਕੁਸ਼ੀ, ਅਦਾਕਾਰ ਸੋਨੂੰ ਸੂਦ ਨੇ ਦਿਵਾਈ ਸੀ 2.70 ਲੱਖ ਦੀ ਰਾਈਫਲ
Thursday, Dec 16, 2021 - 12:48 PM (IST)
ਧਨਬਾਦ : ਉਭਰਦੀ ਮਹਿਲਾ ਨਿਸ਼ਾਨੇਬਾਜ਼ ਕੋਨਿਕਾ ਲਾਇਕ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਉਹ ਝਾਰਖੰਡ ਦੇ ਧਨਬਾਦ ਦੀ ਰਹਿਣ ਵਾਲੀ ਸੀ ਅਤੇ ਇਸ ਸਮੇਂ ਕੋਲਕਾਤਾ ਵਿਚ ਹੋਸਟਲ ਵਿਚ ਰਹਿ ਕੇ ਰਾਈਫਲ ਸ਼ੂਟਿੰਗ ਦੀ ਟ੍ਰੇਨਿੰਗ ਲੈ ਰਹੀ ਸੀ। ਜਾਣਕਾਰੀ ਮੁਤਾਬਕ ਕੋਨਿਕਾ ਨੇ ਹੋਸਟਲ ਵਿਚ ਹੀ ਫਾਂਸੀ ਲਗਾਈ। ਦੱਸ ਦੇਈਏ ਕਿ ਇਕ ਹਫ਼ਤਾ ਪਹਿਲਾਂ ਵੀ ਫ਼ਰੀਦਕੋਟ ਦੀ ਇਕ ਹੋਣਹਾਰ ਸ਼ੂਟਿੰਗ ਖਿਡਾਰਨ ਖੁਸ਼ਸੀਰਤ ਕੌਰ ਨੇ ਨੈਸ਼ਨਲ ਸ਼ੂਟਿੰਗ ਚੈਪੀਅਨਸ਼ਿਪ ਵਿਚ ਮੈਡਲ ਨਾ ਜਿੱਤਣ ਦੇ ਸਦਮੇਂ ਦੇ ਚੱਲਦਿਆਂ ਆਪਣੀ ਹੀ ਸ਼ੂਟਿੰਗ ਗੰਨ ਨਾਲ ਖੁਦ ਨੂੰ ਗੋਲੀ ਮਾਰ ਕੇ ਜੀਵਨ ਲੀਲਾ ਸਮਾਪਤ ਕਰ ਲਈ ਸੀ। ਕੋਨਿਕਾ ਨੇ ਝਾਰਖੰਡ ਸੂਬਾ ਪੱਧਰ ’ਤੇ ਕਈ ਮੈਡਲ ਵੀ ਜਿੱਤੇ। ਉਹ 10 ਮੀਟਰ ਏਅਰ ਰਾਈਫਲ ਕੈਟੇਗਰੀ ਵਿਚ ਸਟੇਟ ਚੈਂਪੀਅਨ ਸੀ।
ਕੁੱਝ ਮਹੀਨੇ ਪਹਿਲਾਂ ਕੋਨਿਕਾ ਉਸ ਸਮੇਂ ਚਰਚਾ ਵਿਚ ਆਈ ਸੀ, ਜਦੋਂ ਅਦਾਕਾਰ ਸੋਨੂੰ ਸੂਦ ਤੋਂ ਉਸ ਨੇ ਰਾਈਫਲ ਲਈ ਮਦਦ ਮੰਗੀ ਸੀ। ਉਸ ਸਮੇਂ ਕੋਨਿਕਾ ਦੀ ਚੋਣ ਨੈਸ਼ਨਲ ਟੀਮ ਵਿਚ ਹੋਈ ਸੀ ਪਰ ਉਸ ਕੋਲ ਖ਼ੁਦ ਦੀ ਰਾਈਫਲ ਨਹੀਂ ਸੀ। ਇਸੇ ਦੇ ਚੱਲਦੇ ਉਹ ਟੂਰਨਾਮੈਂਟ ਵਿਚ ਹਿੱਸਾ ਨਹੀਂ ਲੈ ਸਕੀ ਸੀ। ਫਿਰ ਉਸ ਨੇ ਸੋਨੂੰ ਸੂਦ ਤੋਂ ਮਦਦ ਮੰਗੀ। ਫਿਰ ਸੋਨੂੰ ਸੂਦ ਨੇ 2.70 ਲੱਖ ਰੁਪਏ ਦੀ ਜਰਮਨ ਰਾਈਫਲ ਉਸ ਲਈ ਭੇਜੀ ਸੀ। ਇਸ ਤੋਂ ਕੋਨਿਕਾ ਲਾਇਕ ਨੇ ਟਵੀਟ ਕਰਕੇ ਸੋਨੂੰ ਸੂਦ ਦਾ ਧੰਨਵਾਦ ਕੀਤਾ ਸੀ। ਇਸ ਤੋਂ ਪਹਿਲਾਂ ਤੱਕ ਉਹ ਆਪਣੇ ਕੋਚ ਰਜਿੰਦਰ ਸਿੰਘ ਅਤੇ ਦੋਸਤਾਂ ਦੀ ਰਾਈਫਲ ਜ਼ਰੀਏ ਹੀ ਅਭਿਆਸ ਕਰਦੀ ਸੀ।
ਇਹ ਵੀ ਪੜ੍ਹੋ : ਦਿਲਪ੍ਰੀਤ ਦੀ ਹੈਟ੍ਰਿਕ, ਭਾਰਤ ਨੇ ਬੰਗਲਾਦੇਸ਼ ਨੂੰ 9-0 ਨਾਲ ਹਰਾਇਆ
ਕੋਨਿਕਾ ਦਿੱਗਜ ਸ਼ੂਟਰ ਜੈਦੀਪ ਕਰਮਾਕਰ ਦੀ ਅਕੈਡਮੀ ਵਿਚ ਕੋਲਕਾਤਾ ਵਿਚ ਟ੍ਰੇਨਿੰਗ ਲੈ ਰਹੀ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ 3-4 ਦਿਨਾਂ ਤੋਂ ਅਕੈਡਮੀ ਵੀ ਨਹੀਂ ਗਈ ਸੀ। ਅਜਿਹਾ ਕਦਮ ਉਸ ਨੇ ਕਿਉਂ ਚੁੱਕਿਆ ਇਹ ਸਮਝ ਤੋਂ ਪਰੇ ਹੈ।