'ਤੇਰਾ ਮੁੰਡਾ ਤੇਰੇ ਵਰਗਾ ਨਹੀਂ..!', ਪਿੰਡ ਵਾਲਿਆਂ ਦੇ ਤਾਅਨਿਆਂ ਤੋਂ ਤੰਗ ਆ ਹੈਵਾਨ ਬਣ ਗਿਆ ਪਿਓ
Wednesday, Apr 15, 2026 - 01:22 PM (IST)
ਨੈਸ਼ਨਲ ਡੈਸਕ- ਕਰਨਾਟਕ ਦੇ ਵਿਜੇਪੁਰਾ ਜ਼ਿਲ੍ਹੇ ਤੋਂ ਇਕ ਬਹੁਤ ਹੀ ਦਰਦਨਾਕ ਅਤੇ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਪਿਤਾ ਨੇ ਆਪਣੇ ਹੀ 6 ਸਾਲ ਦੇ ਮਾਸੂਮ ਪੁੱਤ ਦਾ ਕਤਲ ਕਰ ਦਿੱਤਾ। ਦੋਸ਼ੀ ਪਿਤਾ ਨੇ ਇਸ ਵਾਰਦਾਤ ਨੂੰ ਸਿਰਫ ਇਸ ਸ਼ੱਕ ਅਤੇ ਅਫਵਾਹਾਂ ਦੇ ਕਾਰਨ ਅੰਜਾਮ ਦਿੱਤਾ ਕਿ ਬੱਚੇ ਦੀ ਸ਼ਕਲ ਉਸ ਨਾਲ ਨਹੀਂ ਮਿਲਦੀ ਸੀ।
ਪੁਲਸ ਜਾਣਕਾਰੀ ਅਨੁਸਾਰ, ਨਾਗਠਾਨਾ ਪਿੰਡ ਦੇ ਰਹਿਣ ਵਾਲੇ ਦੋਸ਼ੀ ਪਿਤਾ ਮਲਿਕਾਰਜੁਨ ਆਰਕੇਰੀ ਨੇ 16 ਮਾਰਚ ਨੂੰ ਆਪਣੇ ਬੇਟੇ ਸਿਧਾਰਥ ਨੂੰ ਸਕੂਲ 'ਚ ਦਾਖਲਾ ਦਿਵਾਉਣ ਦੇ ਬਹਾਨੇ ਘਰੋਂ ਲਿਆਂਦਾ ਸੀ। ਇਸ ਤੋਂ ਬਾਅਦ ਉਹ ਬੱਚੇ ਨੂੰ ਮਹਾਰਾਸ਼ਟਰ ਦੇ ਕਰਾਡ ਲੈ ਗਿਆ ਅਤੇ ਉੱਥੇ ਕ੍ਰਿਸ਼ਨਾ ਨਦੀ 'ਚ ਧੱਕਾ ਦੇ ਕੇ ਉਸ ਦਾ ਕਤਲ ਕਰ ਦਿੱਤਾ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਪਿੰਡ ਵਾਲੇ ਅਕਸਰ ਮਲਿਕਾਰਜੁਨ ਦਾ ਇਹ ਕਹਿ ਕੇ ਮਜ਼ਾਕ ਉਡਾਉਂਦੇ ਸਨ ਕਿ "ਬੱਚਾ ਤੇਰੇ ਵਰਗਾ ਨਹੀਂ ਦਿਖਦਾ।'' ਇਸ ਕਾਰਨ ਉਹ ਮਾਨਸਿਕ ਤਣਾਅ 'ਚ ਰਹਿਣ ਲੱਗਾ ਅਤੇ ਉਸ ਨੂੰ ਸ਼ੱਕ ਹੋ ਗਿਆ ਕਿ ਬੱਚਾ ਉਸ ਦਾ ਆਪਣਾ (ਜੈਵਿਕ) ਪੁੱਤਰ ਨਹੀਂ ਹੈ। ਇਸੇ ਸ਼ੱਕ ਦੇ ਚਲਦਿਆਂ ਉਸ ਨੇ ਇੰਨਾ ਵੱਡਾ ਕਦਮ ਚੁੱਕਿਆ।
ਕਤਲ ਕਰਨ ਤੋਂ ਬਾਅਦ ਦੋਸ਼ੀ ਨੇ ਆਪਣੇ ਪਰਿਵਾਰ ਨੂੰ ਗੁੰਮਰਾਹ ਕੀਤਾ ਅਤੇ ਦੱਸਿਆ ਕਿ ਉਸ ਨੇ ਬੱਚੇ ਨੂੰ ਸਿੰਦਗੀ ਦੇ ਇਕ ਹੋਸਟਲ 'ਚ ਦਾਖਲ ਕਰਵਾ ਦਿੱਤਾ ਹੈ ਪਰ 1 ਅਪ੍ਰੈਲ ਨੂੰ ਬੱਚੇ ਦੇ ਜਨਮਦਿਨ ਮੌਕੇ ਜਦੋਂ ਮਾਂ ਨੇ ਬੱਚੇ ਨੂੰ ਦੇਖਣ ਦੀ ਜ਼ਿੱਦ ਕੀਤੀ, ਤਾਂ ਦੋਸ਼ੀ ਘਰੋਂ ਫਰਾਰ ਹੋ ਗਿਆ। ਪਰਿਵਾਰ ਨੂੰ ਸ਼ੱਕ ਹੋਣ 'ਤੇ ਉਨ੍ਹਾਂ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਜਦੋਂ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਸਖ਼ਤੀ ਨਾਲ ਪੁੱਛਗਿੱਛ ਕੀਤੀ, ਤਾਂ ਉਸ ਨੇ ਆਪਣਾ ਗੁਨਾਹ ਕਬੂਲ ਕਰ ਲਿਆ। ਜਾਂਚ 'ਚ ਪਤਾ ਲੱਗਾ ਕਿ ਮਹਾਰਾਸ਼ਟਰ ਪੁਲਸ ਨੂੰ 16 ਮਾਰਚ ਨੂੰ ਕ੍ਰਿਸ਼ਨਾ ਨਦੀ 'ਚੋਂ ਇਕ ਅਣਪਛਾਤੇ ਬੱਚੇ ਦੀ ਲਾਸ਼ ਮਿਲੀ ਸੀ, ਜਿਸ ਦੀ ਪਛਾਣ ਬਾਅਦ 'ਚ ਸਿਧਾਰਥ ਵਜੋਂ ਹੋਈ। ਵਿਜੇਪੁਰਾ ਪੁਲਸ ਨੇ ਕੇਸ ਦਰਜ ਕਰਕੇ ਪਿਤਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
