ਬੱਚਿਆਂ ਦੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਪਿਤਾ ਦੀ : ਹਾਈ ਕੋਰਟ
Tuesday, Jun 17, 2025 - 04:10 AM (IST)

ਨਵੀਂ ਦਿੱਲੀ – ਦਿੱਲੀ ਹਾਈ ਕੋਰਟ ਨੇ ਬੱਚਿਆਂ ਤੇ ਔਰਤਾਂ ਦੇ ਹੱਕ ਵਿਚ ਇਕ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਕਿਹਾ ਹੈ ਕਿ ਮਾਂ ਜ਼ਿਆਦਾ ਕਮਾਉਂਦੀ ਹੈ ਤਾਂ ਵੀ ਬੱਚੇ ਦੀ ਦੇਖਭਾਲ ਦੀ ਪੂਰੀ ਜ਼ਿੰਮੇਵਾਰੀ ਪਿਤਾ ਦੀ ਹੋਵੇਗੀ। ਪਿਤਾ ਨੂੰ ਬੱਚੇ ਦੇ ਪਾਲਣ-ਪੋਸ਼ਣ ਦਾ ਪੂਰਾ ਖਰਚਾ ਦੇਣਾ ਪਵੇਗਾ।
ਇਕ ਤਲਾਕਸ਼ੁਦਾ ਵਿਅਕਤੀ ਨੇ ਅਦਾਲਤ ਨੂੰ ਬੇਨਤੀ ਕੀਤੀ ਸੀ ਕਿ ਉਸ ਦੀ ਸਾਬਕਾ ਪਤਨੀ ਹਰ ਮਹੀਨੇ 75 ਤੋਂ 80 ਹਜ਼ਾਰ ਰੁਪਏ ਕਮਾਉਂਦੀ ਹੈ, ਇਸ ਲਈ ਆਪਣੇ 2 ਬੱਚਿਆਂ ਦੇ ਪਾਲਣ-ਪੋਸ਼ਣ ਦਾ ਖਰਚਾ ਬਰਾਬਰ-ਬਰਾਬਰ ਵੰਡਣਾ ਚਾਹੀਦਾ ਹੈ ਪਰ ਪਿਤਾ ਦੀ ਮੰਗ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ।
ਹਾਈ ਕੋਰਟ ਨੇ ਕਿਹਾ ਕਿ ਭਾਵੇਂ ਸਾਬਕਾ ਪਤਨੀ ਨੌਕਰੀਪੇਸ਼ਾ ਹੋਵੇ ਅਤੇ ਪ੍ਰਤੀ ਮਹੀਨਾ 75 ਤੋਂ 80 ਹਜ਼ਾਰ ਰੁਪਏ ਕਮਾਉਂਦੀ ਹੋਵੇ ਪਰ 2 ਬੱਚਿਆਂ ਦੇ ਪਾਲਣ-ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਪਿਤਾ ’ਤੇ ਹੀ ਹੋਣੀ ਚਾਹੀਦੀ ਹੈ ਜੋ ਲੱਗਭਗ ਇਕ ਲੱਖ 75 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਮਾਉਂਦਾ ਹੈ। ਅਦਾਲਤ ਨੇ ਆਮਦਨ ਦੇ ਆਧਾਰ ’ਤੇ ਖਰਚੇ ਨੂੰ ਬਰਾਬਰ-ਬਰਾਬਰ ਵੰਡਣ ਦੀ ਪਿਤਾ ਦੀ ਮੰਗ ਨੂੰ ਖਾਰਜ ਕਰ ਦਿੱਤਾ।