ਦਿਲ ਨੂੰ ਝੰਜੋੜ ਦੇਣ ਵਾਲਾ ਮੰਜ਼ਰ, ਪ੍ਰੀਖਿਆ ਮਗਰੋਂ ਧੀ ਨੇ ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ

Thursday, Mar 05, 2020 - 01:49 PM (IST)

ਦਿਲ ਨੂੰ ਝੰਜੋੜ ਦੇਣ ਵਾਲਾ ਮੰਜ਼ਰ, ਪ੍ਰੀਖਿਆ ਮਗਰੋਂ ਧੀ ਨੇ ਪਿਤਾ ਦੀ ਅਰਥੀ ਨੂੰ ਦਿੱਤਾ ਮੋਢਾ

ਧਮਤਰੀ— ਮੰਗਲਵਾਰ ਨੂੰ ਛੱਤੀਸਗੜ੍ਹ ਦੇ ਧਮਤਰੀ 'ਚ ਕੁਝ ਅਜਿਹਾ ਵਾਪਰਿਆ, ਜਿਸ ਨੂੰ ਦੇਖ ਕੇ ਉੱਥੇ ਮੌਜੂਦ ਹਰ ਇਕ ਅੱਖ 'ਚ ਹੰਝੂ ਆ ਗਏ। ਇਕ ਧੀ ਨੇ ਪੁੱਤਰ ਦਾ ਫਰਜ਼ ਨਿਭਾਇਆ। ਦਰਅਸਲ ਧਮਤਰੀ ਦੇ ਆਮਦੀ ਨਗਰ ਪੰਚਾਇਤ 'ਚ 3 ਮਾਰਚ ਨੂੰ ਗਮਗੀਨ ਮਾਹੌਲ ਰਿਹਾ। ਸੜਕ ਹਾਦਸੇ 'ਚ ਪਿਤਾ ਦਾ ਦਿਹਾਂਤ ਤੋਂ ਬਾਅਦ ਧੀ ਨੇ ਉਨ੍ਹਾਂ ਦੀ ਇੱਛਾ ਮੁਤਾਬਕ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ। ਪ੍ਰੀਖਿਆ ਤੋਂ ਬਾਅਦ ਜਦੋਂ ਉਹ ਪਰਤੀ ਤਾਂ ਪਿਤਾ ਦੀ ਅਰਥੀ ਨੂੰ ਮੋਢਾ ਦਿੱਤਾ।

ਧੀ ਨੇ ਹੀ ਪਿਤਾ ਦੇ ਅੰਤਿਮ ਸੰਸਕਾਰ ਦੀਆਂ ਸਾਰੀਆਂ ਰਸਮਾਂ ਨਿਭਾਈਆਂ। ਮੁੱਖ ਅਗਨੀ ਦਿੱਤੀ ਅਤੇ ਇਸ ਦੌਰਾਨ ਧੀ ਸਕੂਲ ਡਰੈੱਸ 'ਚ ਹੀ ਸੀ। ਇਸ ਅਤਿ ਗਮਹੀਨ ਮਾਹੌਲ ਨੂੰ ਜਿਸ ਨੇ ਵੀ ਦੇਖਿਆ, ਉਸ ਦੀਆਂ ਅੱਖਾਂ ਨਮ ਹੋ ਗਈਆਂ। 
ਦਰਅਸਲ ਧਮਤਰੀ ਦੇ ਆਮਦੀ ਨਗਰ ਪੰਚਾਇਤ ਦਫਤਰ ਦੇ ਸਾਹਮਣੇ ਬੀਤੀ 2 ਮਾਰਚ ਨੂੰ ਦਰਦਨਾਕ ਹਾਦਸਾ ਵਾਪਰਿਆ। ਹਾਦਸੇ 'ਚ ਕੁਮਾਰ ਸਾਹੂ ਦੀ ਗੰਭੀਰ ਹਾਲਤ 'ਚ ਜ਼ਖਮੀ ਹੋਣ ਮਗਰੋਂ ਮੌਤ ਹੋ ਗਈ। ਮਰਨ ਤੋਂ ਪਹਿਲਾਂ ਪਿਤਾ ਨੇ ਧੀ ਕਿਰਨ ਨੂੰ ਕਿਹਾ ਸੀ ਕਿ ਉਹ ਆਪਣੀ ਬੋਰਡ ਦੀ ਪ੍ਰੀਖਿਆ ਵਿਚਾਲੇ ਨਾ ਛੱਡੇ। ਹਾਦਸੇ 'ਚ ਕਿਰਨ ਦੇ ਭਰਾ ਰੋਹਿਤ ਸਾਹੂ ਨੂੰ ਵੀ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਹ ਜੇਰੇ ਇਲਾਜ ਹੈ।

ਪਿਤਾ ਦੀ ਮੌਤ ਅਤੇ ਭਰਾ ਦੇ ਗੰਭੀਰ ਹਾਲਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਵੀ ਕਿਰਨ ਨੇ 10ਵੀਂ ਬੋਰਡ ਦੀ ਪ੍ਰੀਖਿਆ ਦਿੱਤੀ। ਪ੍ਰੀਖਿਆ ਤੋਂ ਬਾਅਦ ਉਹ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਈ। ਕੁਮਾਰ ਸਾਹੂ ਦੀਆਂ 3 ਧੀਆਂ ਹਨ, ਜਿਨ੍ਹਾਂ 'ਚੋਂ ਕਿਰਨ ਸਭ ਤੋਂ ਵੱਡੀ ਹੈ। ਤਿੰਨੋਂ ਧੀਆਂ ਨੇ ਮਿਲ ਕੇ ਪਿਤਾ ਨੂੰ ਮੁੱਖ ਅਗਨੀ ਦਿੱਤੀ।


author

Tanu

Content Editor

Related News