ਫਾਰੂਕ ਅਬਦੁੱਲਾ ਤੋਂ ਬਾਅਦ ਹੁਣ ਉਮਰ ਅਬਦੁੱਲਾ ਨੂੰ ਹੋਇਆ ਕੋਰੋਨਾ, ਟਵੀਟ ਕਰ ਦਿੱਤੀ ਜਾਣਕਾਰੀ
Friday, Apr 09, 2021 - 05:59 PM (IST)
ਸ਼੍ਰੀਨਗਰ- ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ (ਐੱਨ.ਸੀ.) ਦੇ ਉੱਪ ਪ੍ਰਧਾਨ ਉਮਰ ਅਬਦੁੱਲਾ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਨਾਲ ਪੀੜਤ ਪਾਏ ਗਏ। ਅਬਦੁੱਲਾ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ,''ਇਕ ਸਾਲ ਤੱਕ ਮੈਂ ਵਾਇਰਸ ਨੂੰ ਚਕਮਾ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਆਖ਼ਰਕਾਰ ਇਸ ਨੇ ਮੈਨੂੰ ਆਪਣੀ ਲਪੇਟ 'ਚ ਲੈ ਲਿਆ। ਸ਼ੁੱਕਰਵਾਰ ਦੁਪਹਿਰ ਬਾਅਦ ਮੈਂ ਕੋਰੋਨਾ ਨਾਲ ਪੀੜਤ ਪਾਇਆ ਗਿਆ।'' ਅਬਦੁੱਲਾ ਨੇ ਕਿਹਾ ਕਿ ਡਾਕਟਰੀ ਸਲਾਹ ਕਾਰਨ ਉਨ੍ਹਾਂ ਨੇ ਖ਼ੁਦ ਨੂੰ ਆਪਣੇ ਘਰ 'ਚ ਆਈਸੋਲੇਟ ਕਰ ਲਿਆ ਹੈ। ਨਾਲ ਹੀ ਆਕਸੀਜਨ ਸੇਚੁਰੇਸ਼ਨ ਪੱਧਰ ਅਤੇ ਹੋਰ ਮੈਡੀਕਲ ਪੈਰਾਮੀਟਰ ਦੀ ਨਿਗਰਾਨੀ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਵਿਡ-19 ਨਾਲ ਪੀੜਤ ਫਾਰੂਕ ਅਬਦੁੱਲਾ ਹਸਪਤਾਲ 'ਚ ਕਰਵਾਏ ਗਏ ਦਾਖ਼ਲ
ਦੱਸਣਯੋਗ ਹੈ ਕਿ ਉਮਰ ਅਬਦੁੱਲਾ ਦੇ ਪਿਤਾ ਅਤੇ ਐੱਨ.ਸੀ. ਦੇ ਪ੍ਰਧਾਨ ਡਾ. ਫਾਰੂਕ ਅਬਦੁੱਲਾ ਸ਼੍ਰੀਨਗਰ ਦੇ ਸ਼ੇਰ-ਏ-ਕਸ਼ਮੀਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਐੱਸ.ਕੇ.ਆਈ.ਐੱਮ.ਐੱਸ.) 'ਚ ਕੋਰੋਨਾ ਵੈਕਸੀਨ ਦੀ ਪਹਿਲੀ ਖੁਰਾਕ ਲੈਣ ਦੇ ਕੁਝ ਹਫ਼ਤਿਆਂ ਬਾਅਦ 30 ਮਾਰਚ ਨੂੰ ਕੋਰੋਨਾ ਪੀੜਤ ਪਾਏ ਗਏ ਸਨ। ਬਾਅਦ 'ਚ ਉਨ੍ਹਾਂ ਨੂੰ ਬਿਹਤਰ ਨਿਗਰਾਨੀ ਲਈ ਡਾਕਟਰਾਂ ਦੀ ਸਲਾਹ 'ਤੇ ਐੱਸ.ਕੇ.ਆਈ.ਐੱਮ.ਐੱਸ. 'ਚ ਦਾਖ਼ਲ ਕਰਵਾਇਆ ਗਿਆ ਸੀ। ਜੰਮੂ ਕਸ਼ਮੀਰ ਦੇ ਉੱਪ ਰਾਜਪਾਲ ਮਨੋਜ ਸਿਨਹਾ ਨੇ ਐਤਵਾਰ ਨੂੰ ਐੱਸ.ਕੇ.ਆਈ.ਐੱਮ.ਐੱਸ. ਦਾ ਦੌਰਾ ਕੀਤਾ ਸੀ ਅਤੇ ਡਾ. ਅਬਦੁੱਲਾ ਦੀ ਸਿਹਤ ਬਾਰੇ ਜਾਣਕਾਰੀ ਲਈ ਸੀ। ਡਾ. ਅਬਦੁੱਲਾ ਮੁੜ ਕੋਰੋਨਾ ਨਾਲ ਪੀੜਤ ਪਾਏ ਗਏ ਹਨ।
ਇਹ ਵੀ ਪੜ੍ਹੋ : ਕੋਵਿਡ-19 ਦੇ ਵੱਧਦੇ ਖ਼ਤਰੇ ਦੇ ਮੱਦੇਨਜ਼ਰ ਕਸ਼ਮੀਰ ਪ੍ਰਸ਼ਾਸਨ ਨੇ ਲਿਆ ਵੱਡਾ ਫ਼ੈਸਲਾ