25000 ਕਰੋੜ ਦੇ ਰੋਸ਼ਨੀ ਘਪਲੇ ''ਚ ਫਾਰੂਕ ਦੀ ਭੈਣ ਦਾ ਨਾਮ ਸ਼ਾਮਲ, ਦੂਜੀ ਸੂਚੀ ਜਾਰੀ
Wednesday, Nov 25, 2020 - 10:41 PM (IST)
ਸ਼੍ਰੀਨਗਰ : ਰੋਸ਼ਨੀ ਕਾਨੂੰਨ ਦੇ ਤਹਿਤ ਜ਼ਮੀਨ ਹਾਸਲ ਕਰਨ ਵਾਲੇ 130 ਲੋਕਾਂ ਦੀ ਦੂਜੀ ਸੂਚੀ 'ਚ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਦੀ ਭੈਣ ਅਤੇ ਕਾਂਗਰਸ ਦੇ ਇੱਕ ਨੇਤਾ ਸਮੇਤ ਦੋ ਪ੍ਰਮੁੱਖ ਹੋਟਲ ਵਪਾਰੀਆਂ ਦੇ ਨਾਮ ਸ਼ਾਮਲ ਹਨ। ਇਸ ਕਾਨੂੰਨ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ।
ਕਸ਼ਮੀਰ ਦੇ ਮੰਡਲ ਕਮਿਸ਼ਨਰ ਦੀ ਵੈਬਸਾਈਟ 'ਤੇ ਅਪਲੋਡ ਕੀਤੀ ਗਈ ਨਵੀਂ ਸੂਚੀ ਮੁਤਾਬਕ, ਲਾਭ ਹਾਸਲ ਕਰਨ ਵਾਲਿਆਂ 'ਚ ਇੱਕ ਸਾਬਕਾ ਨੌਕਰਸ਼ਾਹ ਅਤੇ ਉਨ੍ਹਾਂ ਦੀ ਪਤਨੀ ਵੀ ਸ਼ਾਮਲ ਹਨ, ਜਿਨ੍ਹਾਂ ਨੇ ਯੋਜਨਾ ਦੇ ਤਹਿਤ ਆਪਣੇ ਰਿਹਾਇਸ਼ੀ ਥਾਂ ਨੂੰ ਜਾਇਜ਼ ਬਣਾਇਆ, ਜਦੋਂ ਕਿ ਦਰਜਨਾਂ ਹੋਰ ਕਾਰੋਬਾਰੀਆਂ ਨੇ ਆਪਣੇ ਵਪਾਰਕ ਇਮਾਰਤਾਂ ਦਾ ਮਾਲਿਕਾਨਾ ਹੱਕ ਪ੍ਰਾਪਤ ਕੀਤਾ।
ਦੂਜੀ ਸੂਚੀ 'ਚ 35 ਲਾਭਪਾਤਰੀਆਂ ਦੇ ਨਾਮ
ਜੰਮੂ-ਕਸ਼ਮੀਰ ਹਾਈ ਕੋਰਟ ਦੇ 9 ਅਕਤੂਬਰ ਦੇ ਨਿਰਦੇਸ਼ ਮੁਤਾਬਕ, ਮੰਡਲ ਪ੍ਰਸ਼ਾਸਨ ਵੱਲੋਂ ਜਾਰੀ ਲਾਭਪਾਤਰੀਆਂ ਦੀ ਇਹ ਦੂਜੀ ਸੂਚੀ ਹੈ। ਉੱਚ ਅਦਾਲਤ ਨੇ ਰੋਸ਼ਨੀ ਕਾਨੂੰਨ ਨੂੰ ‘ਗ਼ੈਰ-ਕਾਨੂੰਨੀ, ਗੈਰ ਸੰਵਿਧਾਨਕ ਅਤੇ ਗੈਰ ਵਿਵਹਾਰਕ’ ਕਰਾਰ ਦਿੱਤਾ ਅਤੇ ਇਸ ਕਾਨੂੰਨ ਦੇ ਤਹਿਤ ਜ਼ਮੀਨ ਦੇ ਅਲਾਟਮੈਂਟ 'ਤੇ ਸੀ.ਬੀ.ਆਈ. ਜਾਂਚ ਦਾ ਹੁਕਮ ਦਿੱਤਾ। ਪ੍ਰਸ਼ਾਸਨ ਨੇ 35 ਲਾਭਪਾਤਰੀਆਂ ਦੀ ਸੂਚੀ ਅਪਲੋਡ ਕੀਤੀ, ਜਿਸ 'ਚ ਸਾਬਕਾ ਵਿੱਤ ਮੰਤਰੀ ਹਸੀਬ ਦਰਾਬੂ, ਉਨ੍ਹਾਂ ਦੇ ਕੁੱਝ ਰਿਸ਼ਤੇਦਾਰ ਅਤੇ ਸਿਖਰ ਹੋਟਲ ਪੇਸ਼ਾਵਰ ਅਤੇ ਇੱਕ ਸਾਬਕਾ ਨੌਕਰਸ਼ਾਹ ਦੇ ਨਾਮ ਸ਼ਾਮਲ ਹਨ।