ਚੜੂਨੀ ਦੀ ਸਰਕਾਰ ਨੂੰ ਚੇਤਾਵਨੀ, ਕਿਸਾਨਾਂ ’ਤੇ ਦਰਜ ਕੇਸ ਵਾਪਸ ਨਾ ਲਏ ਤਾਂ 24 ਨੂੰ ਸੂਬੇ ਭਰ ’ਚ ਚਲਾਈ ਜਾਵੇਗੀ ਰੇਲ ਰੋਕੋ ਮੁਹਿੰਮ

Tuesday, Nov 08, 2022 - 11:54 AM (IST)

ਸੋਨੀਪਤ (ਬਿਊਰੋ)– ਭਾਰਤੀ ਕਿਸਾਨ ਮੋਰਚਾ (ਚੜੂਨੀ) ਦੇ ਕੌਮੀ ਪ੍ਰਧਾਨ ਗੁਰਨਾਮ ਚੜੂਨੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਕੀਤੇ ਗਏ ਕੇਸ ਵਾਪਸ ਨਹੀਂ ਲਏ ਗਏ ਤਾਂ 24 ਨਵੰਬਰ ਨੂੰ ਸੂਬੇ ਭਰ ’ਚ ਰੇਲ ਰੋਕ ਕੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।

ਸਰਕਾਰ ਨੇ ਕਿਸਾਨਾਂ ਦੀਆਂ ਮੰਗਾਂ ਨਾਲ ਧੋਖਾ ਕੀਤਾ ਹੈ। ਜਿਹੜੀਆਂ ਮੰਗਾਂ ਨੂੰ ਜਲਦੀ ਮੰਨਣ ਦੀ ਗੱਲ ਕਹੀ ਗਈ ਸੀ, ਉਨ੍ਹਾਂ ਅੰਦੋਲਨ ਖ਼ਤਮ ਹੋਣ ਤੋਂ ਇਕ ਸਾਲ ਬੀਤ ਜਾਣ ਤੋਂ ਬਾਅਦ ਵੀ ਨਹੀਂ ਮੰਨੀਆਂ ਗਈਆਂ ਹਨ। ਚੜੂਨੀ ਸੋਮਵਾਰ ਨੂੰ ਛੋਟੇ ਸਕੱਤਰੇਤ ਕੰਪਲੈਕਸ ’ਚ ਧਰਨਾਰਤ ਜੂਆਂ ਪਿੰਡ ਦੇ ਲੋਕਾਂ ਦਾ ਸਮਰਥਨ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪਿੰਡ ਵਾਸੀ 18 ਦਿਨਾਂ ਤੋਂ ਮਰਨ ਵਰਤ ’ਤੇ ਹਨ ਅਤੇ ਪ੍ਰਸ਼ਾਸਨ ਸੁੱਤਾ ਹੋਇਆ ਹੈ। ਨਕਾਰਾਤਮਕ ਸਰਕਾਰ ਦੀ ਇਸ ਤੋਂ ਵੱਡੀ ਮਿਸਾਲ ਕੀ ਹੋਵੇਗੀ। ਚੜੂਨੀ ਨੇ ਕਿਹਾ ਕਿ ਜਿਸ ਮਕਸਦ ਲਈ ਯੂਨਾਈਟਿਡ ਕਿਸਾਨ ਮੋਰਚਾ ਬਣਾਇਆ ਗਿਆ ਸੀ, ਉਹ ਪੂਰਾ ਨਹੀਂ ਕੀਤਾ ਗਿਆ। ਮੋਰਚੇ ’ਚ ਅਜਿਹੇ ਲੋਕਾਂ ਨੂੰ ਭਰਤੀ ਕਰ ਲਿਆ ਗਿਆ ਸੀ, ਜੋ ਕਿਸਾਨਾਂ ਦੀ ਦੁਰਦਸ਼ਾ ਨੂੰ ਸਮਝਣ ਦੀ ਬਜਾਏ ਆਪਣੀ ਸਿਆਸਤ ਚਮਕਾਉਣ ’ਚ ਲੱਗੇ ਹੋਏ ਸਨ। ਅਜਿਹੇ ’ਚ ਮੋਰਚੇ ਦਾ ਹੁਣ ਕੋਈ ਅਰਥ ਨਹੀਂ ਰਹਿ ਜਾਂਦਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ’ਤੇ ਕੇਸ ਕਰ ਕੇ ਉਨ੍ਹਾਂ ਨੂੰ ਜੇਲਾਂ ’ਚ ਡੱਕ ਦਿੱਤਾ ਗਿਆ ਸੀ।

ਅੰਦੋਲਨ ਖਤਮ ਹੋਣ ਦੀ ਸ਼ਰਤ ਇਹ ਵੀ ਸੀ ਕਿ ਕਿਸਾਨਾਂ ’ਤੇ ਦਰਜ ਕੇਸ ਵਾਪਸ ਲਏ ਜਾਣਗੇ ਪਰ ਅੱਜ ਤੱਕ ਕਿਸਾਨਾਂ ’ਤੇ ਦਰਜ ਕੇਸ ਵਾਪਸ ਨਹੀਂ ਲਏ ਗਏ। ਅਜਿਹੇ ’ਚ ਕਿਸਾਨਾਂ ਨੇ ਫੈਸਲਾ ਕੀਤਾ ਹੈ ਕਿ ਹੁਣ 24 ਨਵੰਬਰ ਨੂੰ ਸੂਬੇ ਭਰ ’ਚ ਰੇਲ ਰੋਕੋ ਮੁਹਿੰਮ ਚਲਾਈ ਜਾਵੇਗੀ।

ਦੂਜੇ ਪਾਸੇ ਪਿੰਡ ਜੁਆਂ ਦੇ ਮੁੱਦੇ ’ਤੇ ਉਨ੍ਹਾਂ ਕਿਹਾ ਕਿ 18 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਪਿੰਡ ਵਾਸੀਆਂ ਦੀ ਦੇਖ-ਭਾਲ ਕਰਨ ਲਈ ਵੀ ਡਾਕਟਰ ਦਾ ਪ੍ਰਬੰਧ ਨਹੀਂ ਕੀਤਾ ਗਿਆ, ਆਖਿਰ ਪ੍ਰਸ਼ਾਸਨ ਇੰਨਾ ਬੇਰਹਿਮ ਕਿਵੇਂ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ 4-5 ਕਿਸਾਨਾਂ ਦੀ ਇਕ ਕਮੇਟੀ ਬਣਾ ਕੇ ਵਾਟਰ ਲੌਗਿੰਗ ਦੀ ਸਮੱਸਿਆ ਦੇ ਹੱਲ ਲਈ ਯਤਨ ਕੀਤੇ ਜਾਣਗੇ। ਇਹ ਕਮੇਟੀ ਦੋਵਾਂ ਧਿਰਾਂ ਨਾਲ ਗੱਲਬਾਤ ਕਰੇਗੀ।


Rakesh

Content Editor

Related News