ਕਿਸਾਨ ਨੂੰ ਸਮਰਥਨ ਦਾ ਅਨੋਖਾ ਢੰਗ, ਘੋੜੀ ਦੀ ਬਜਾਏ ਟਰੈਕਟਰ ’ਤੇ ਲਾੜੀ ਲੈਣ ਪੁੱਜਾ ਲਾੜਾ (ਤਸਵੀਰਾਂ)
Thursday, Dec 24, 2020 - 06:26 PM (IST)
 
            
            ਯਮੁਨਾਨਗਰ— ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਇਸ ਕੜਾਕੇ ਦੀ ਠੰਡ ’ਚ ਦਿੱਲੀ ਦੀਆਂ ਸੜਕਾਂ ’ਤੇ ਡਟੇ ਹੋਏ ਹਨ। ਅੱਜ ਕਿਸਾਨ ਅੰਦੋਲਨ ਦਾ 29ਵਾਂ ਦਿਨ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਮਨਾਉਣ ’ਤੇ ਅੜੇ ਹੋਏ ਹਨ ਕਿ ਤਿੰਨੋਂ ਖੇਤੀ ਕਾਨੂੰਨ ਵਾਪਸ ਹੋਣੇ ਚਾਹੀਦੇ ਹਨ। ਕਿਸਾਨਾਂ ਦੇ ਇਸ ਅੰਦੋਲਨ ਨੂੰ ਲੋਕਾਂ ਦਾ ਵੱਖਰੇ-ਵੱਖਰੇ ਅੰਦਾਜ਼ ਵਿਚ ਸਮਰਥਨ ਮਿਲ ਰਿਹਾ ਹੈ। ਇਸੇ ਕੜੀ ਵਿਚ ਯਮੁਨਾਨਗਰ ’ਚ ਲਾੜਾ ਕਿਸਾਨਾਂ ਦੇ ਸਮਰਥਨ ਵਿਚ ਘੋੜੀ ਦੀ ਬਜਾਏ ਟਰੈਕਟਰ ’ਤੇ ਲਾੜੀ ਲੈਣ ਪੁੱਜਾ।

ਕਿਸਾਨ ਅੰਦੋਲਨ ਦਾ ਸਮਰਥਨ ਕਰਦੇ ਹੋਏ ਯਮੁਨਾਨਗਰ ਨਾਲ ਲੱਗਦੇ ਪਿੰਡ ਭੁਖੜੀ ਦਾ ਲਾੜਾ ਰਜਤ ਟਰੈਕਟਰ ’ਤੇ ਬਰਾਤ ਲੈ ਕੇ ਪਿੰਡ ਹਰੀਪੁਰ ਜੱਟਾਨ ਆਇਆ। ਬਰਾਤ ਨੇ ਕਈ ਕਿਲੋਮੀਟਰ ਦਾ ਸਫ਼ਰ ਟਰੈਕਟਰ ’ਤੇ ਤੈਅ ਕੀਤਾ। ਇੰਗਲੈਂਡ ਵਿਚ ਵਕਾਲਤ ਦੀ ਪੜ੍ਹਾਈ ਕਰ ਚੁੱਕੇ ਰਜਤ ਨੇ ਖ਼ੁਦ ਟਰੈਕਟਰ ਚਲਾਇਆ। ਰਜਤ ਨੂੰ ਟਰੈਕਟਰ ’ਤੇ ਬੈਠੇ ਵੇਖ ਕੇ ਹਰੀਪੁਰ ਜੱਟਾਨ ਦੇ ਲੋਕਾਂ ਨੇ ਬਰਾਤੀਆਂ ਲਈ ਟਰੈਕਟਰਾਂ ਦਾ ਇੰਤਜ਼ਾਮ ਕੀਤਾ।

ਉੱਥੇ ਹੀ ਇਸ ਬਾਰੇ ਲਾੜੇ ਨੇ ਕਿਹਾ ਕਿ ਵਿਆਹ ਮਗਰੋਂ ਉਹ ਲਾੜੀ ਨੂੰ ਲੈ ਕੇ ਕਿਸਾਨਾਂ ਦਰਮਿਆਨ ਜਾਵੇਗਾ। ਉਹ ਕਿਸਾਨਾਂ ਦਾ ਸਮਰਥਨ ਕਰਦਾ ਹੈ। ਸਰਕਾਰ ਨੇ ਇਹ ਤਿੰਨੋਂ ਕਾਲੇ ਕਾਨੂੰਨਾਂ ਵਾਪਸ ਲੈਣਾ ਚਾਹੀਦਾ ਹੈ। ਰਜਤ ਦੇ ਪਿਤਾ ਜਸਵੀਰ ਸਿੰਘ ਖੇਤੀ ਕਰਦੇ ਹਨ। ਉਨ੍ਹਾਂ ਨੇ ਆਖਿਆ ਕਿ ਬੇਸ਼ੱਕ ਸ਼ਹਿਰ ਵਿਚ ਰਹਿੰਦੇ ਹਾਂ ਪਰ ਅੱਜ ਵੀ ਉਹ ਖੇਤਾਂ ਨਾਲ ਜੁੜੇ ਹੋਏ ਹਨ। ਕਿਸਾਨਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਹ ਪੂਰੀ ਦੁਨੀਆ ਦਾ ਅੰਨਦਾਤਾ ਕਹਾਉਂਦਾ ਹੈ। ਪਿਤਾ ਜਸਵੀਰ ਨੇ ਅੱਗੇ ਕਿਹਾ ਕਿ ਕਿਸਾਨਾਂ ਨੂੰ ਜਨਤਾ ਦਾ ਪੂਰਾ ਸਮਰਥਨ ਹੈ। ਓਧਰ ਲਾੜੀ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਮੈਨੂੰ ਕਿਸਾਨ ਦੀ ਧੀ ਹਾਂ ਅਤੇ ਵਿਆਹ ਮਗਰੋਂ ਉਹ ਕਿਸਾਨ ਅੰਦੋਲਨ ’ਚ ਸ਼ਾਮਲ ਜ਼ਰੂਰ ਹੋਵੇਗੀ। ਟਰੈਕਟਰ ’ਤੇ ਲਾੜੇ ਵਲੋਂ ਕੱਢੀ ਇਸ ਅਨੋਖੀ ਬਰਾਤ ਦਾ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
ਨੋਟ- ਲਾੜੇ ਵਲੋਂ ਕਿਸਾਨਾਂ ਨੂੰ ਅਜਿਹੇ ਸਮਰਥਨ ਬਾਰੇ ਤੁਸੀਂ ਕਿਵੇਂ ਵੇਖਦੇ ਹੋ, ਕੁਮੈਂਟ ਬਾਕਸ ’ਚ ਦਿਓ ਰਾਏ

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                            