ਸੰਯੁਕਤ ਕਿਸਾਨ ਮੋਰਚੇ ਨੇ ਬੈਠਕ ’ਚ ਲਿਆ ਵੱਡਾ ਫ਼ੈਸਲਾ, ਮੁਲਤਵੀ ਕੀਤਾ ਟਰੈਕਟਰ ਮਾਰਚ
Saturday, Nov 27, 2021 - 06:36 PM (IST)
ਨਵੀਂ ਦਿੱਲੀ— ਸੰਯੁਕਤ ਕਿਸਾਨ ਮੋਰਚਾ ਦੇ 9 ਮੈਂਬਰਾਂ ਦੀ ਕੋਰ ਕਮੇਟੀ ਨੇ ਅੱਜ ਯਾਨੀ ਕਿ ਸਿੰਘੂ ਬਾਰਡਰ ’ਤੇ ਅਹਿਮ ਬੈਠਕ ਕੀਤੀ। ਇਸ ਬੈਠਕ ’ਚ ਕਿਸਾਨ ਮੋਰਚੇ ਨੇ ਵੱਡਾ ਫ਼ੈਸਲਾ ਲਿਆ। ਕਿਸਾਨ ਮੋਰਚੇ ਦੇ ਆਗੂਆਂ ਮੁਤਾਬਕ ਉਹ 29 ਨਵੰਬਰ ਨੂੰ ਸੰਸਦ ਵੱਲ ਟਰੈਕਟਰ ਮਾਰਚ ਨਹੀਂ ਕਰਨਗੇ। ਸੂਤਰਾਂ ਮੁਤਾਬਕ 29 ਨਵੰਬਰ ਨੂੰ ਸੰਸਦ ਤੱਕ ਟਰੈਕਟਰ ਮਾਰਚ ਦੇ ਐਲਾਨ ਪ੍ਰੋਗਰਾਮ ਨੂੰ ਮੁਲਤਵੀ ਕੀਤੇ ਜਾਣ ਦਾ ਅਧਿਕਾਰਤ ਐਲਾਨ ਮੋਰਚਾ ਵਲੋਂ ਪ੍ਰੈੱਸ ਕਾਨਫਰੰਸ ’ਚ ਕੀਤਾ ਜਾਵੇਗਾ। ਕਿਸਾਨ 4 ਦਸੰਬਰ ਨੂੰ ਮੁੜ ਬੈਠਕ ਕਰਨਗੇ।
ਦੱਸ ਦੇਈਏ ਕਿ 29 ਨਵੰਬਰ ਨੂੰ ਸੰਸਦ ਦਾ ਸਰਦ ਰੱਤ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਕਿਸਾਨਾਂ ਨੇ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਜਦੋਂ ਤੱਕ ਸੰਸਦ ਵਿਚ ਰਸਮੀ ਰੂਪ ਨਾਲ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ, ਉਹ ਟਰੈਕਟਰ ਮਾਰਚ ਕਰਨਗੇ ਪਰ ਹੁਣ ਕਿਸਾਨਾਂ ਨੇ ਇਸ ਨੂੰ ਮੁਲਤਵੀ ਕਰਨਾ ਦਾ ਫ਼ੈਸਲਾ ਲਿਆ ਹੈ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਗਿਆ ਸੀ। ਜਿਸ ਨੂੰ ਕਿਸਾਨਾਂ ਦੀ ਵੱਡੀ ਜਿੱਤ ਵਜੋਂ ਵੇਖਿਆ ਜਾ ਰਿਹਾ ਹੈ।