ਕਿਸਾਨੀ ਘੋਲ: ਅੰਦੋਲਨ ਅਤੇ ਅੰਦੋਲਨਕਾਰੀਆਂ ਨੂੰ ‘ਭਟਕਾਉਣ ਦੀ ਸਾਜ਼ਿਸ਼’

02/10/2021 12:48:18 PM

ਨਵੀਂ ਦਿੱਲੀ (ਕੁਮਾਰ ਗਜੇਂਦਰ)- ਸਿੰਘੂ ਬਾਰਡਰ ’ਤੇ ਮੰਗਲਵਾਰ ਨੂੰ ਅੰਦੋਲਨਕਾਰੀ ਕਿਸਾਨ ਆਗੂਆਂ ਨੇ ਅੰਦੋਲਨਕਾਰੀਆਂ ਨੂੰ ਸੋਸ਼ਲ ਮੀਡੀਆ ’ਚ ਫੈਲਾਈਆਂ ਜਾ ਰਹੀਆਂ ਅਫਵਾਹਾਂ ਤੋਂ ਸਾਵਧਾਨ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੰਦੋਲਨ ਖਿਲਾਫ ਸੋਸ਼ਲ ਮੀਡੀਆ ’ਤੇ ਕਈ ਤਰ੍ਹਾਂ ਦੀਆਂ ਅਫਵਾਹਾਂ ਚੱਲ ਰਹੀਆਂ ਹਨ। ਕਿਸਾਨਾਂ ਨੂੰ ਬਦਨਾਮ ਕਰਨ ਲਈ ਸੈਂਕੜੇ ਫਰਜ਼ੀ ਤੇ ਪੁਰਾਣੀਆਂ ਫੋਟੋਆਂ ਅਤੇ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਨੇ ਕਿਹਾ ਕਿ ਕੁਝ ਲੋਕ ਅੰਦੋਲਨ ਤੇ ਅੰਦੋਲਨਕਾਰੀਆਂ ਨੂੰ ਭਟਕਾਉਣ ਦੀ ਸਾਜ਼ਿਸ਼ ਰਚ ਰਹੇ ਹਨ, ਜਿਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ।

PunjabKesari

ਕਿਸਾਨ ਨੇਤਾਵਾਂ ਨੇ ਸੋਸ਼ਲ ਮੀਡੀਆ ’ਤੇ ਚੱਲ ਰਹੀਆਂ ਕੁਝ ਫੋਟੋਆਂ ਮੰਚ ਤੋਂ ਵੀ ਦਿਖਾਈਆਂ। ਉਨ੍ਹਾਂ ਕਿਹਾ ਕਿ ਇਹ ਅਜਿਹੀਆਂ ਫੋਟੋਆਂ ਹਨ, ਜੋ ਪੰਜਾਬ ਦੀਆਂ ਹਨ ਅਤੇ ਕਾਫੀ ਪੁਰਾਣੀਆਂ ਹਨ ਪਰ ਇਕ ਵਰਗ ਵਿਸ਼ੇਸ਼ ਇਨ੍ਹਾਂ ਨੂੰ 26 ਜਨਵਰੀ ਦੀਆਂ ਦੱਸ ਕੇ ਲਾਲ ਕਿਲੇ ਵਾਲੀ ਘਟਨਾ ਨਾਲ ਜੋੜ ਕੇ ਲੋਕਾਂ ਨੂੰ ਸੋਸ਼ਲ ਮੀਡੀਆ ’ਤੇ ਸਰਕੁਲੇਟ ਕਰ ਰਿਹਾ ਹੈ। ਫੋਟੋ ਵਿਚ ਸੜਕ ਵਿਚਕਾਰ ਅਕਾਲ ਤਖਤ ਦੀ ਫੌਜ ਦੇ ਕੁਝ ਨਿਹੰਗ ਯੋਧੇ ਇਕ ਬੱਸ ਡਰਾਈਵਰ ਨੂੰ ਕੁੱਟਦੇ ਹੋਏ ਨਜ਼ਰ ਆ ਰਹੇ ਹਨ। ਕਿਸਾਨ ਨੇਤਾਵਾਂ ਨੇ ਬਾਕਾਇਦਾ ਫੋਟੋ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਇਹ ਫੋਟੋ ਪੰਜਾਬ ਦੀ ਹੈ, ਜਿਸ ਵਿਚ ਬੱਸ ਨੇ ਨਿਹੰਗ ਸੈਨਾ ਦੇ ਦਸਤੇ ਵਿਚ ਚੱਲ ਰਹੇ ਇਕ ਘੋੜੇ ਨੂੰ ਟੱਕਰ ਮਾਰ ਦਿੱਤੀ ਸੀ, ਜਿਸ ਕਾਰਨ ਨਿਹੰਗ ਸੈਨਾ ਦੇ ਲੋਕ ਗੁੱਸੇ ਵਿਚ ਆ ਗਏ ਸਨ। ਉਨ੍ਹਾਂ ਇਸ ਗੱਲ ’ਤੇ ਬੱਸ ਡਰਾਈਵਰ ਨੂੰ ਸੜਕ ’ਤੇ ਹੀ ਕੁੱਟ ਸੁੱਟਿਆ ਸੀ। ਹਾਲਾਂਕਿ ਪੁਲਸ ਦੇ ਪਹੁੰਚ ਜਾਣ ਤੋਂ ਬਾਅਦ ਨਿਹੰਗ ਸੈਨਿਕਾਂ ਨੇ ਬੱਸ ਡਰਾਈਵਰ ਨੂੰ ਛੱਡ ਦਿੱਤਾ ਸੀ।

PunjabKesari

‘ਸਿੰਘੂ ਬਾਰਡਰ ’ਤੇ ਪਾਨੀਪਤ ਦੇ ਕਿਸਾਨ ਦੀ ਸ਼ੱਕੀ ਹਾਲਤ ’ਚ ਮੌਤ’
ਸਿੰਘੂ ਬਾਰਡਰ ’ਤੇ ਮੰਗਲਵਾਰ ਸਵੇਰੇ ਪਾਨੀਪਤ ਦੇ ਸਿਵਾਹ ਪਿੰਡ ਦੇ ਕਿਸਾਨ ਹਰਿੰਦਰ ਸਿੰਘ (50) ਦੀ ਸ਼ੱਕੀ ਹਾਲਤ ਵਿਚ ਮੌਤ ਹੋ ਗਈ। ਪੁਲਸ ਨੇ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਹੈ। ਪੁਲਸ ਅਨੁਸਾਰ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਮੌਤ ਦਾ ਕਾਰਣ ਪਤਾ ਲੱਗੇਗਾ ਪਰ ਮੁੱਢਲੀ ਜਾਂਚ ’ਚ ਡਾਕਟਰ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸ ਰਹੇ ਹਨ। ਹੁਣ ਤਕ ਸਿੰਘੂ ਬਾਰਡਰ ’ਤੇ 17 ਕਿਸਾਨਾਂ ਦੀ ਮੌਤ ਹੋ ਚੁੱਕੀ ਹੈ।

PunjabKesari

‘ਦਿੱਲੀ ਦੀਆਂ ਸਥਾਨਕ ਬੀਬੀਆਂ ਬਣ ਰਹੀਆਂ ਹਨ ਅੰਦੋਲਨ ਦੀ ਤਾਕਤ’
ਕਿਸਾਨ ਅੰਦੋਲਨ ਵਿਚ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਤੋਂ ਆਉਣ ਵਾਲੀਆਂ ਬੀਬੀਆਂ  ਦੀ ਹਿੱਸੇਦਾਰੀ ਪਹਿਲਾਂ ਦੇ ਮੁਕਾਬਲੇ ਘੱਟ ਨਜ਼ਰ ਆ ਰਹੀ ਹੈ। ਹੁਣ ਜ਼ਿਆਦਾਤਰ ਬੀਬੀਆਂ  ਦਿਨ ਵੇਲੇ ਹੀ ਆਉਂਦੀਆਂ ਹਨ ਅਤੇ ਸ਼ਾਮ ਨੂੰ ਵਾਪਸ ਚਲੀਆਂ ਜਾਂਦੀਆਂ ਹਨ। ਉੱਥੋਂ ਦੀਆਂ ਸਥਾਨਕ ਔਰਤਾਂ ਅੰਦੋਲਨ ਦੀ ਤਾਕਤ ਬਣ ਰਹੀਆਂ ਹਨ। ਧਰਨੇ ਵਾਲੀ ਥਾਂ ’ਤੇ ਸਬਜ਼ੀ ਕੱਟ ਰਹੀ ਗਾਜ਼ੀਆਬਾਦ ਦੀ ਵਾਸੀ ਮਮਤਾ ਨੇ ਦੱਸਿਆ ਕਿ ਐੱਨ. ਸੀ. ਆਰ. ਤੋਂ ਬੀਬੀਆਂ ਵੱਡੀ ਗਿਣਤੀ ਵਿਚ ਉੱਥੇ ਪਹੁੰਚ ਰਹੀਆਂ ਹਨ ਪਰ ਉਹ ਸ਼ਾਮ ਨੂੰ ਆਪਣੇ ਘਰ ਵਾਪਸ ਚਲੀਆਂ ਜਾਂਦੀਆਂ ਹਨ। ਧਰਨੇ ਵਾਲੀ ਥਾਂ ’ਤੇ ਬਣਿਆ ਮਹਿਲਾ ਬਲਾਕ ਤੇ ਟੈਂਟ ਹੁਣ ਖਾਲੀ ਦਿਖਾਈ ਦੇਣ ਲੱਗਾ ਹੈ। ਪਹਿਲਾਂ ਕੜਾਕੇ ਦੀ ਠੰਡ ਵਿਚ ਜਿੱਥੇ ਬੀਬੀਆਂ ਦੀ ਲੰਬੀ ਲਾਈਨ ਦਿਖਾਈ ਦਿੰਦੀ ਸੀ, ਹੁਣ ਟੈਂਟ ਦੇ ਅੰਦਰ ਕਦੇ-ਕਦੇ 4-5 ਬੀਬੀਆਂ ਹੀ ਨਜ਼ਰ ਆਉਂਦੀਆਂ ਹਨ।

PunjabKesari

ਦਿੱਲੀ ਦੇ ਉੱਤਮ ਨਗਰ ਦੀ ਰਹਿਣ ਵਾਲੀ ਰੀਨਾ ਚੌਹਾਨ ਨੇ ਦੱਸਿਆ ਕਿ ਉਹ 2 ਹਫਤਿਆਂ ਤੋਂ ਲਗਾਤਾਰ ਇੱਥੇ ਆ ਰਹੀ ਹੈ ਅਤੇ ਲੰਗਰ ਵਿਚ ਸੇਵਾ ਨਿਭਾਅ ਰਹੀ ਹੈ। ਹੁਣ ਖੇਤੀ ਦਾ ਸਮਾਂ ਹੈ, ਸ਼ਾਇਦ ਇਸੇ ਕਾਰਨ ਬੀਬੀਆਂ  ਅੰਦੋਲਨ ਵਿਚ ਘੱਟ ਆ ਰਹੀਆਂ ਹਨ। ਇਸੇ ਤਰ੍ਹਾਂ ਦਿੱਲੀ ਦੇ ਤ੍ਰਿਲੋਕਪੁਰੀ ਤੋਂ 7 ਔਰਤਾਂ ਦੀ ਟੀਮ ਧਰਨੇ ਵਾਲੀ ਥਾਂ ’ਤੇ ਲਗਭਗ 2 ਮਹੀਨਿਆਂ ਤੋਂ ਰੋਜ਼ਾਨਾ ਆ ਰਹੀ ਹੈ। ਤ੍ਰਿਲੋਕਪੁਰੀ ਦੀ ਰਹਿਣ ਵਾਲੀ ਆਸ਼ਾ ਦਾ ਕਹਿਣਾ ਹੈ ਕਿ ਜਦੋਂ ਤਕ ਇਹ ਅੰਦੋਲਨ ਚੱਲੇਗਾ, ਉਹ ਇੱਥੇ ਆਉਂਦੀ ਰਹੇਗੀ। ਤਿਲਕ ਨਗਰ, ਪਾਂਡਵ ਨਗਰ, ਦੁਆਰਕਾ, ਉੱਤਮ ਨਗਰ, ਪਾਲਮ ਆਦਿ ਤੋਂ ਵੱਡੀ ਗਿਣਤੀ ਵਿਚ ਔਰਤਾਂ ਸਮੂਹ ਬਣਾ ਕੇ ਧਰਨੇ ਵਾਲੀ ਥਾਂ ’ਤੇ ਪਹੁੰਚਦੀਆਂ ਹਨ ਅਤੇ ਲੰਗਰ ਵਿਚ ਸੇਵਾ ਨਿਭਾਉਂਦੀਆਂ ਹਨ।

 


Tanu

Content Editor

Related News