ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ, ਅੰਦੋਲਨ ਨੂੰ ਮਜ਼ਬੂਤ ਬਣਾ ਰਹੇ ਹਨ ‘ਬੱਚੇ’

Sunday, Jan 17, 2021 - 12:13 PM (IST)

ਦਿੱਲੀ ਦੀਆਂ ਬਰੂਹਾਂ ’ਤੇ ਡਟੇ ਕਿਸਾਨ, ਅੰਦੋਲਨ ਨੂੰ ਮਜ਼ਬੂਤ ਬਣਾ ਰਹੇ ਹਨ ‘ਬੱਚੇ’

ਚੰਡੀਗੜ੍ਹ/ਨਵੀਂ ਦਿੱਲੀ (ਅਰਚਨਾ)- ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਹੁਣ ਬੱਚੇ ਵੀ ਅੜ ਗਏ ਹਨ। ਸਿੰਘੂ ਬਾਰਡਰ ਹੋਵੇ ਜਾਂ ਟਿਕਰੀ ਬਾਰਡਰ, ਕਿਸਾਨਾਂ ਦੀ ਲਾਈਨ ਅਤੇ ਹਰ ਟਰੈਕਟਰ ਵਿਚ ਬੈਠੇ ਬੱਚੇ ਵੀ ਕਾਨੂੰਨ ਰੱਦ ਕਰਵਾਵਾਂਗੇ, ਉਦੋਂ ਹੀ ਘਰ ਜਾਵਾਂਗੇ ਦਾ ਨਾਅਰਾ ਲਗਾ ਰਹੇ ਹਨ। ਇਹ ਬੱਚੇ ਬਾਰਡਰ ’ਤੇ ਬੈਠੇ ਕਦੇ ਆਪਣੇ ਮਾਂ-ਬਾਪ ਦੇ ਭਾਸ਼ਣ ਸੁਣਦੇ ਹਨ ਅਤੇ ਕਦੇ ਸਾਥੀ ਬੱਚਿਆਂ ਦੇ ਨਾਲ ਖੇਡਣਾ ਸ਼ੁਰੂ ਕਰ ਦਿੰਦੇ ਹਨ। ਬੱਚੇ ਇਹ ਵੀ ਸਿੱਖ ਚੁੱਕੇ ਹਨ ਕਿ ਤਿੰਨੇ ਕਾਨੂੰਨ ਅਜਿਹੇ ਹਨ, ਜਿਨ੍ਹਾਂ ਨਾਲ ਬਹੁਤ ਨੁਕਸਾਨ ਹੋਣ ਵਾਲਾ ਹੈ। ਮਾਂ, ਦਾਦੀ ਤੇ ਨਾਨੀ ਬੱਚਿਆਂ ਨੂੰ ਕੜਾਕੇ ਦੀ ਠੰਢ ਤੋਂ ਬਚਾਉਣ ਲਈ ਕਦੇ ਕੰਬਲਾਂ ਨਾਲ ਉਨ੍ਹਾਂ ਨੂੰ ਢਕ ਦਿੰਦੇ ਹਨ ਅਤੇ ਕਦੇ ਅੱਗ ਸਿਕਾਉਂਦੇ, ਬੱਚੇ ਵੀ ਪੂਰਾ ਸਾਥ ਦੇ ਰਹੇ ਹਨ।

PunjabKesari

‘ਬੱਚੇ ਦੇ ਰਹੇ ਨਵੀਂ ਦਿਸ਼ਾ’
ਕਿਸਾਨ ਨੇਤਾ ਪਰਮਜੀਤ ਪੰਮੀ ਦਾ ਕਹਿਣਾ ਹੈ ਕਿ ਛੋਟੇ ਬੱਚੇ ਅੰਦੋਲਨ ਨੂੰ ਨਵੀਂ ਦਿਸ਼ਾ ਦੇ ਰਹੇ ਹਨ। ਉਹ ਵੀ ਜਾਣ ਚੁੱਕੇ ਹਨ ਕਿ ਨਵੇਂ ਖੇਤੀ ਕਾਨੂੰਨ ਸਭ ਦਾ ਨੁਕਸਾਨ ਕਰ ਦੇਣਗੇ। ਭਾਸ਼ਣਾਂ ਦੌਰਾਨ ਉਹ ਮੰਚ ’ਤੇ ਜਾਂਦੇ ਹਨ ਅਤੇ ਜੈ ਕਿਸਾਨ ਦਾ ਨਾਅਰਾ ਵੀ ਲਗਾਉਂਦੇ ਹਨ। ਛੋਟੇ ਬੱਚੇ ਤਾਂ ਬਜ਼ੁਰਗਾਂ ਵਿਚ ਵੀ ਜੋਸ਼ ਭਰ ਰਹੇ ਹਨ। ਪੰਮੀ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ-ਨਾਲ ਬੱਚਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ। ਜਦੋਂ ਬੱਚੇ, ਔਰਤਾਂ, ਬਜ਼ੁਰਗ ਅਤੇ ਕਿਸਾਨ ਮਿਲ ਕੇ ਅੰਦੋਲਨ ਕਰ ਰਹੇ ਹਨ ਤਾਂ ਸਰਕਾਰ ਨੂੰ ਕਾਨੂੰਨ ਵਾਪਸ ਲੈਣੇ ਹੀ ਪੈਣਗੇ।

PunjabKesari

‘ਅੰਦੋਲਨ ਦੌਰਾਨ ਲੋਕਾਂ ’ਚ ਭਰ ਰਹੇ ਜੋਸ਼’
ਫਾਜ਼ਿਲਕਾ ਤੋਂ ਆਈ 8 ਸਾਲਾ ਮਨਪ੍ਰੀਤ ਬਾਰਡਰ ’ਤੇ ਮਾਂ ਨੀਲਮ ਦੀ ਗੋਦ ਵਿਚ ਬੈਠੀ ਕਹਿੰਦੀ ਹੈ ਕਿ ਤਿੰਨੇ ਕਾਲੇ ਕਾਨੂੰਨ ਰੱਦ ਕਰਵਾਉਣੇ ਹਨ। 6 ਸਾਲ ਦਾ ਉਸ ਦਾ ਭਰਾ ਕਾਨੂੰਨ ਤਾਂ ਨਹੀਂ ਬੋਲ ਪਾ ਰਿਹਾ ਪਰ ਕਰਵਾਉਣੇ ਹਨ, ਕਰਵਾਉਣੇ ਹਨ ਕਹਿ ਕੇ ਵੱਡਿਆਂ ’ਚ ਅੰਦੋਲਨ ਲਈ ਜੋਸ਼ ਨਾਲ ਭਰ ਰਿਹਾ ਹੈ। ਨੀਲਮ ਦਾ ਕਹਿਣਾ ਹੈ ਕਿ ਉਹ ਕਿਸਾਨ ਪਰਿਵਾਰ ਤੋਂ ਹਨ। ਤਿੰਨੇ ਕਾਨੂੰਨ ਰੱਦ ਨਾ ਹੋਏ ਤਾਂ ਗੁਜਰ-ਬਸਰ ਮੁਸ਼ਕਲ ਹੋ ਜਾਵੇਗਾ। ਕਾਲੇ ਕਾਨੂੰਨਾਂ ਖਿਲਾਫ਼ ਆਵਾਜ਼ ਨਾ ਚੁੱਕੀ ਗਈ ਤਾਂ ਬੱਚਿਆਂ ਦਾ ਭਵਿੱਖ ਹਨ੍ਹੇਰੇ ਵਿਚ ਚਲਾ ਜਾਵੇਗਾ। ਇਹ ਬੱਚੇ ਵੱਡੀਆਂ-ਵੱਡੀਆਂ ਕੰਪਨੀਆਂ ਦੇ ਅੱਗੇ ਦਿਹਾੜੀਦਾਰ, ਮਜਦੂਰ ਬਣ ਕੇ ਰਹਿ ਜਾਣਗੇ। ਬੱਚਿਆਂ ਦਾ ਕਿਸਾਨ ਅੰਦੋਲਨ ਵਿਚ ਸ਼ਾਮਲ ਹੋਣਾ ਬੇਹੱਦ ਹੀ ਜ਼ਰੂਰੀ ਹੈ।

PunjabKesari

‘ਨਹੀਂ ਦੇਵਾਂਗੇ ਕਿਸੇ ਨੂੰ ਆਪਣੀ ਜ਼ਮੀਨ’
ਹੁਸ਼ਿਆਰਪੁਰ ਤੋਂ ਆਏ 12 ਸਾਲਾ ਦਮਨਪ੍ਰੀਤ ਦਾ ਕਹਿਣਾ ਹੈ ਕਿ ਉਹ ਆਪਣੀ ਜ਼ਮੀਨ ਕਿਸੇ ਨੂੰ ਨਹੀਂ ਦੇਣਗੇ। ਸਰਕਾਰ ਕਿਸਾਨਾਂ ਦੀ ਜ਼ਮੀਨ ਲੈਣਾ ਚਾਹੁੰਦੀ ਹੈ। ਉਨ੍ਹਾਂ ਦੀ ਜ਼ਮੀਨ ਚਲੀ ਗਈ ਤਾਂ ਉਹ ਕਿਵੇਂ ਰਹਿਣਗੇ? ਦਮਨਪ੍ਰੀਤ ਨੇ ਕਿਹਾ ਕਿ ਅਸੀਂ ਕਾਨੂੰਨ ਰੱਦ ਕਰਵਾਉਣ ਆਏ ਹਾਂ ਅਤੇ ਕਰਵਾ ਕੇ ਹੀ ਘਰ ਵਾਪਸ ਜਾਵਾਂਗੇ। ਦਮਨਪ੍ਰੀਤ ਦੀ 6 ਸਾਲ ਦੀ ਭੈਣ ਪਰੀ ਵੀ ਅੰਦੋਲਨ ਵਿਚ ਬੈਠੀ ਹੈ। ਦੋਵੇਂ ਆਪਣੀ ਦਾਦੀ ਹਰਪਾਲ ਕੌਰ ਨਾਲ ਬਾਰਡਰ ’ਤੇ ਬੈਠੇ ਕਿਸਾਨ ਅੰਦੋਲਨ ਦਾ ਹਿੱਸਾ ਬਣੇ ਹੋਏ ਹਨ।

PunjabKesari

ਹਰਪਾਲ ਕੌਰ ਦਾ ਕਹਿਣਾ ਹੈ ਕਿ ਬੱਚਿਆਂ ਦੇ ਪਿਤਾ ਦੀ ਹਾਰਟ ਅਟੈਕ ਕਾਰਨ ਮੌਤ ਹੋਈ ਸੀ ਅਤੇ ਹੁਣ ਗੁਜਾਰੇ ਲਈ ਜ਼ਮੀਨ ਅਤੇ ਖੇਤੀ ਹੀ ਇਕ ਆਸਰਾ ਹੈ। ਖੇਤੀਬਾੜੀ ਕਾਨੂੰਨ ਰੱਦ ਨਾ ਹੋਏ ਤਾਂ ਉਹ ਦਿਨ ਵੀ ਦੂਰ ਨਹੀਂ ਜਦੋਂ ਉਹ ਲੋਕ ਆਪਣੀ ਹੀ ਜ਼ਮੀਨ ਲਈ ਪਰਾਏ ਹੋ ਜਾਣਗੇ। ਉਥੇ ਹੀ, ਫਾਜ਼ਿਲਕਾ ਤੋਂ ਗੁਰਬੀਰ ਬਾਵਾ, ਪਰਨੀਤਾ ਪਾਂਡੂ ਆਰਜੂ ਕੰਬੋਜ ਅਤੇ ਚੰਚਲ ਬਾਵਾ ਵੀ ਆਪਣੇ ਪਰਿਵਾਰ ਦੇ ਨਾਲ ਬਾਰਡਰ ’ਤੇ ਪੁੱਜੇ ਹਨ।

PunjabKesari

‘ਪੜ੍ਹਾਈ ਛੱਡ ਪਰਿਵਾਰਾਂ ਨਾਲ ਬਾਰਡਰ ’ਤੇ ਆਏ ਬੱਚੇ’
16 ਸਾਲ ਦੀ ਆਰਜੂ ਦਾ ਕਹਿਣਾ ਹੈ ਕਿ ਉਹ 11ਵੀਂ ਦੀ ਮੈਡੀਕਲ ਦੀ ਵਿਦਿਆਰਥਣ ਹੈ ਪਰ ਹੁਣ 6 ਦਿਨਾਂ ਤੋਂ ਪੜ੍ਹਾਈ ਛੱਡ ਕੇ ਪਰਿਵਾਰ ਦੇ ਨਾਲ ਬਾਰਡਰ ’ਤੇ ਆ ਗਈ ਹੈ ਤਾਂ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਰਕਾਰ ਨੂੰ ਮਜਬੂਰ ਕਰ ਸਕੇ। ਆਰਜੂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਨੂੰ ਹੁਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਕਿਸਾਨ ਉਦੋਂ ਤਕ ਅੰਦੋਲਨ ਖਤਮ ਨਹੀਂ ਕਰਨਗੇ, ਜਦੋਂ ਤਕ ਕਾਨੂੰਨ ਰੱਦ ਨਾ ਕੀਤੇ ਗਏ। ਸਰਕਾਰ ਨੂੰ ਲੱਗ ਰਿਹਾ ਹੈ ਕਿ ਕਿਸਾਨ ਥੱਕ ਕੇ ਆਪਣੇ ਘਰਾਂ ਨੂੰ ਵਾਪਸ ਚਲੇ ਜਾਣਗੇ ਪਰ ਇਹ ਉਸ ਦੀ ਗਲਤਫ਼ਹਿਮੀ ਹੈ।

PunjabKesari


author

Tanu

Content Editor

Related News