‘ਜੇਕਰ ਕਿਸਾਨ ਕੋਰੋਨਾ ਫੈਲਾਉਂਦਾ ਤਾਂ ਦਿੱਲੀ ਦੀਆਂ ਸਰਹੱਦਾਂ ’ਤੇ ਸਭ ਤੋਂ ਵੱਧ ਮਾਮਲੇ ਹੁੰਦੇ’
Sunday, Jun 06, 2021 - 01:03 PM (IST)
ਨਵੀਂ ਦਿੱਲੀ (ਭਾਸ਼ਾ)— ਕੋਰੋਨਾ ਵਾਇਰਸ ਦੇ ਮਾਮਲੇ ਘੱਟ ਹੋਣ ਸਬੰਧੀ ਖ਼ਬਰਾਂ ਤੋਂ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਰਾਹਤ ਦਾ ਸਾਹ ਲਿਆ ਹੈ। ਅਜਿਹਾ ਕਿਹਾ ਜਾ ਰਿਹਾ ਸੀ ਕਿ ਵਾਇਰਸ ਦੇ ਮਾਮਲਿਆਂ ਦੇ ਚੱਲਦੇ ਪ੍ਰਦਰਸ਼ਨ ਵਾਲੀਆਂ ਥਾਵਾਂ ’ਤੇ ਕਿਸਾਨਾਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਹਾਲਾਂਕਿ ਕਿਸਾਨਾਂ ਦਾ ਦਾਅਵਾ ਹੈ ਕਿ ਕੋਰੋਨਾ ਵਾਇਰਸ ਦਾ ਅਸਰ- ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਸਰਹੱਦਾਂ ’ਤੇ ਲੱਗਭਗ ਨਾ ਦੇ ਬਰਾਬਰ ਸੀ। ਜਮਹੂਰੀ ਕਿਸਾਨ ਸਭਾ ਦੇ ਜਨਰਲ ਸਕੱਤਰ ਅਤੇ ਵਿਵਾਦਪੂਰਨ ਕਾਨੂੰਨਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰਨ ਵਾਲੀ ਟੀਮ ’ਚ ਸ਼ਾਮਲ ਰਹੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਲੋਕਾਂ ਦੀ ਗਿਣਤੀ ਘੱਟ ਨਹੀਂ ਸੀ, ਸਗੋਂ ਅਸੀਂ ਖ਼ੁਦ ਪ੍ਰਸ਼ਾਸਨ ਦੀ ਅਪੀਲ ’ਤੇ ਲੋਕਾਂ ਦੀ ਗਿਣਤੀ ਨੂੰ ਅੰਦੋਲਨ ਵਾਲੀ ਥਾਂ ’ਤੇ ਘੱਟ ਰੱਖਿਆ ਸੀ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 6 ਮਹੀਨੇ ਪੂਰੇ, ਜਾਣੋ ਅੰਦੋਲਨ ਦੀ ਸ਼ੁਰੂਆਤ ਤੋਂ ਹੁਣ ਤਕ ਦੀ ਪੂਰੀ ਕਹਾਣੀ, ਤਸਵੀਰਾਂ ਦੀ ਜ਼ੁਬਾਨੀ
ਸੰਧੂ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਅਜੇ ਵੀ ਕਰੀਬ 60-70 ਹਜ਼ਾਰ ਲੋਕ ਬੈਠੇ ਹੋਏ ਹਨ। ਇਕ ਦੋ-ਦਿਨ ਵਿਚ ਇਨ੍ਹਾਂ ਦੀ ਗਿਣਤੀ 1 ਲੱਖ ਹੋ ਜਾਵੇਗੀ ਪਰ ਅਸੀਂ ਇਸ ਤੋਂ ਜ਼ਿਆਦਾ ਲੋਕ ਨਹੀਂ ਆਉਣ ਦੇਵਾਂਗੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਸਾਨੂੰ ਕਿਹਾ ਸੀ ਕਿ ਅਸੀਂ ਕੋਈ ਕਾਰਵਾਈ ਨਹੀਂ ਕਰਾਂਗੇ, ਇਸ ਲਈ ਲੋਕਾਂ ਨੂੰ ਨਾ ਬੁਲਾਓ। ਮਹਾਮਾਰੀ ਦੀ ਦੂਜੀ ਲਹਿਰ ਦੇ ਬਾਵਜੂਦ ਤਿੰਨੋਂ ਅੰਦੋਲਨ ਵਾਲੀਆਂ ਥਾਵਾਂ ਤੋਂ ਵਾਇਰਸ ਦੇ ਮਾਮਲੇ ਨਾ ਆਉਣ ਦੇ ਸਵਾਲ ’ਤੇ ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਕੋਈ ਮਾਮਲਾ ਹੋਵੇਗਾ ਤਾਂ ਅਸੀਂ ਕਿਉਂ ਨਹੀਂ ਦੱਸਾਂਗੇ? ਅਸੀਂ ਜ਼ਿੰਦਗੀ ਦੇਣ ਲਈ ਲੜ ਰਹੇ ਹਾਂ, ਜ਼ਿੰਦਗੀ ਗੁਆਉਣ ਲਈ ਥੋੜ੍ਹੀ ਲੜ ਰਹੇ ਹਾਂ।
ਇਹ ਵੀ ਪੜ੍ਹੋ : ਭੁਲੇਖੇ ’ਚ ਨਾ ਰਹੇ ਸਰਕਾਰ, ‘ਕੋਰੋਨਾ ਕਾਰਨ ਖ਼ਤਮ ਨਹੀਂ ਹੋਵੇਗਾ ਕਿਸਾਨ ਅੰਦੋਨਲ’: ਟਿਕੈਤ
ਸੰਧੂ ਨੇ ਦਾਅਵਾ ਕੀਤਾ ਕਿ ਸਿੰਘੂ ਸਰਹੱਦ ’ਤੇ ਦੋ ਮੌਤਾਂ ਕੋਰੋਨਾ ਨਾਲ ਹੋਈਆਂ ਦੱਸੀਆਂ ਗਈਆਂ ਸਨ ਪਰ ਉਹ ਕੋਰੋਨਾ ਨਾਲ ਨਹੀਂ ਹੋਈਆਂ ਸਨ। ਇਕ ਵਿਅਕਤੀ ਦੀ ਮੌਤ ਸ਼ੂੁਗਰ ਵੱਧਣ ਨਾਲ ਅਤੇ ਦੂਜੇ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ। ਹਾਲਾਂਕਿ ਅੰਦੋਲਨ ’ਚ ਆਏ ਲੋਕਾਂ ਦਾ ਕਹਿਣਾ ਹੈ ਕਿ ਕੁਝ ਲੋਕਾਂ ’ਚ ਖੰਘ, ਜੁਕਾਮ ਦੇ ਲੱਛਣ ਤਾਂ ਦਿੱਸੇ ਪਰ ਉਹ 2-3 ਦਿਨ ਵਿਚ ਠੀਕ ਹੋ ਗਏ। ਉਨ੍ਹਾਂ ਆਖਿਆ ਕਿ ਕਿਸਾਨ ਖੇਤਾਂ ਵਿਚ ਭਰੀ ਦੁਪਹਿਰ ਕੰਮ ਕਰਦੇ ਹਨ, ਤਾਜ਼ਾ ਦੁੱਧ ਪੀਂਦੇ ਹਨ, ਜਿਸ ਨਾਲ ਉਨ੍ਹਾਂ ਦੀ ਰੋਗ ਪ੍ਰਤੀਰੋਧਕ ਸਮਰੱਥਾ ਮਜ਼ਬੂਤ ਹੋ ਜਾਂਦੀ ਹੈ। ਇਸ ਲਈ ਕੋਰੋਨਾ ਦੇ ਜ਼ਬਰਦਸਤ ਕਹਿਰ ਦੇ ਬਾਵਜੂਦ ਅੰਦੋਲਨ ਵਿਚ ਮਾਮਲੇ ਨਹੀਂ ਆਏ।
ਇਹ ਵੀ ਪੜ੍ਹੋ : ਕੋਰੋਨਾ ਨਾਲ ਲੜਨ ਲਈ ਕਿਸਾਨ ਡੱਟ ਕੇ ਕਰ ਰਹੇ ਹਨ ਸ਼ਿਕੰਜਵੀ, ਕਾੜ੍ਹੇ ਅਤੇ ਮਲਟੀ-ਵਿਟਾਮਿਨ ਕੈਪਸੂਲਾਂ ਦੀ ਵਰਤੋਂ
ਸੰਧੂ ਨੇ ਪਿੰਡਾਂ ਵਿਚ ਕੋਰੋਨਾ ਫੈਲਣ ਦੇ ਸਵਾਲ ’ਤੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ ’ਤੇ ਜੋ ਲੋਕ ਹਨ, ਉਨ੍ਹਾਂ ਦੀ ਮੌਤ ਨਹੀਂ ਹੋ ਰਹੀ ਪਰ ਪਿੰਡਾਂ ਵਿਚ ਜਾਣ ’ਤੇ ਮੌਤ ਹੋ ਰਹੀ ਹੈ। ਉਨ੍ਹਾਂ ਨੇ ਦੋਸ਼ ਲਾਇਆ ਕਿ ਸਰਕਾਰ ਦੀ ਢਿੱਲ-ਮੱਠ ਕਾਰਨ ਪਿੰਡਾਂ ਵਿਚ ਕੋਰੋਨਾ ਫੈਲਿਆ ਹੈ। ਜੇਕਰ ਕਿਸਾਨ ਕੋਰੋਨਾ ਫੈਲਾਉਂਦਾ ਤਾਂ ਸਰਹੱਦ ’ਤੇ ਵਾਇਰਸ ਫੈਲਦਾ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਹਾਲ ਵਿਚ ਹੀ ਕਿਹਾ ਸੀ ਕਿ ਸੂਬੇ ਦੇ ਪਿੰਡਾਂ ’ਚ ਕੋਰੋਨਾ ਵਾਇਰਸ ਕਿਸਾਨ ਅੰਦੋਲਨ ਵਿਚ ਆਉਣ-ਜਾਣ ਵਾਲੇ ਲੋਕਾਂ ਦੀ ਵਜ੍ਹਾ ਕਰ ਕੇ ਫੈਲਿਆ ਹੈ। ਦੱਸ ਦੇਈਏ ਕਿ ਖੇਤੀ ਕਾਨੂੰਨਾਂ ਖ਼ਿਲਾਫ਼ 26 ਨਵੰਬਰ 2020 ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਧਰਨਾ ਦੇ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਇਹ ਕਾਨੂੰਨ ਤਾਂ ਵਾਪਸ ਲਵੇ ਹੀ ਅਤੇ ਨਾਲ ਹੀ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਵੀ ਦੇਵੇ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ‘ਕਾਲਾ ਦਿਵਸ’, ਗਾਜ਼ੀਪੁਰ ਬਾਰਡਰ ’ਤੇ ਲਹਿਰਾਏ ਗਏ ਕਾਲੇ ਝੰਡੇ