ਪੰਜਾਬ ਦੇ ਕਿਸਾਨਾਂ ਦਾ ਇਸ ਵਾਰ ਸ਼ੰਭੂ ਬਾਰਡਰ ਪਾਰ ਕਰਨਾ ਹੋਵੇਗਾ ਔਖਾ

Sunday, Feb 11, 2024 - 09:59 AM (IST)

ਅੰਬਾਲਾ ਸ਼ਹਿਰ (ਰਾਕੇਸ਼)- ਤਿੰਨ ਮੁੱਖ ਮੰਗਾਂ ਨੂੰ ਲੈ ਕੇ 13 ਫਰਵਰੀ ਨੂੰ ਹਰਿਆਣਾ, ਪੰਜਾਬ ਸਮੇਤ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ ਕਈ ਕਿਸਾਨ ਜਥੇਬੰਦੀਆਂ ਨੇ ਦਿੱਲੀ ਜਾਣ ਦਾ ਸੱਦਾ ਦਿੱਤਾ ਹੋਇਆ ਹੈ। ਇਸ ਦੇ ਕਾਰਨ ਅੰਬਾਲਾ ਪੁਲਸ ਨੇ ਸ਼ਨੀਵਾਰ ਤੋਂ ਹੀ ਸ਼ੰਭੂ ਬਾਰਡਰ ’ਤੇ ਅਭੇਦ ਕਿਲੇਬੰਦੀ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਅੰਬਾਲਾ ਪੁਲਸ ਨੇ ਪੰਜਾਬ ਦੇ ਕਿਸਾਨਾਂ ਦੀ ਕਦਮਤਾਲ ਰੋਕਣ ਲਈ ਬਾਰਡਰ ’ਤੇ ਠੋਸ ਪ੍ਰਬੰਧ ਕੀਤੇ ਹਨ। ਇਸ ਵਾਰ ਘੱਗਰ ਪੁਲ ਨੂੰ ਪਾਰ ਕਰਨਾ ਪੰਜਾਬ ਦੇ ਕਿਸਾਨਾਂ ਲਈ ਔਖਾ ਹੋਵੇਗਾ ਕਿਉਂਕਿ ਘੱਗਰ ਪੁਲ ’ਤੇ 5 ਲੇਅਰ ਦੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਹੈ। ਪਹਿਲੀ ਲੇਅਰ ’ਚ ਹਾਈਵੇਅ ’ਤੇ ਕੰਕਰੀਟ ਦੇ ਵੱਡੇ ਸਾਰੇ ਭਾਰੀ ਬਲਾਕ ਰੱਖੇ ਗਏ ਹਨ, ਜਿਨ੍ਹਾਂ ਨੂੰ ਆਪਸ ’ਚ ਜੋੜ ਕੇ ਉਨ੍ਹਾਂ ’ਚ ਸੀਮੈਂਟ ਭਰਿਆ ਗਿਆ ਹੈ।

ਇਸ ਤੋਂ ਬਾਅਦ ਕੰਕਰੀਟ ਦੇ ਛੋਟੇ ਬਲਾਕ ਲਾਏ ਗਏ ਹਨ, ਜਿਨ੍ਹਾਂ ਨੂੰ ਆਪਸ ’ਚ ਬੰਨ੍ਹਿਆ ਗਿਆ ਹੈ। ਇਸ ਤੋਂ ਬਾਅਦ ਕੰਡਿਆਲੀ ਤਾਰਾਂ ਲਗਾ ਦਿੱਤੀਆਂ ਗਈਆਂ ਹਨ। ਉਸ ਤੋਂ ਬਾਅਦ ਸੀ.ਆਰ.ਪੀ.ਐੱਫ. ਅਤੇ ਲੋਕਲ ਪੁਲਸ ਦੀ ਵਿਸ਼ੇਸ਼ ਕੰਪਨੀ ਤਾਇਨਾਤ ਕੀਤੀ ਗਈ ਹੈ। ਇਸ ਤਰ੍ਹਾਂ ਵਾਟਰ ਕੈਨਨ ਦੀਆਂ ਗੱਡੀਆਂ ਦੀ ਸ਼ੰਭੂ ਬਾਰਡਰ ’ਤੇ ਤਾਇਨਾਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ।

ਘੱਗਰ ਦੇ ਰਸਤੇ ’ਚ ਪੁੱਟੇ ਗਏ ਡੂੰਘੇ ਖੱਡੇ

ਸਾਲ 2020 ’ਚ ਪੰਜਾਬ ਤੋਂ ਆਈਆਂ ਕਿਸਾਨ ਜਥੇਬੰਦੀਆਂ ਨੇ ਇਕ ਪਾਸੇ ਹਾਈਵੇਅ ’ਤੇ ਲਗਾਏ ਬੈਰੀਕੇਡਾਂ ਨੂੰ ਉਖਾੜ ਦਿੱਤਾ ਸੀ। ਉਥੇ ਹੀ ਕਈ ਕਿਸਾਨ ਟਰੈਕਟਰਾਂ ਨਾਲ ਹਰਿਆਣਾ ਦੀ ਸਰਹੱਦ ਵਿਚ ਦਾਖ਼ਲ ਹੋਏ ਸਨ ਪਰ ਇਸ ਵਾਰ ਪੁਲਸ ਨੇ ਪੁਰਾਣੇ ਤਜਰਬੇ ਤੋਂ ਸਬਕ ਲੈਂਦਿਆਂ ਘੱਗਰ ਦਰਿਆ ਦੇ ਕੰਢਿਆਂ ਅਤੇ ਦੋਵਾਂ ਪੁਲਾਂ ਦੇ ਵਿਚਕਾਰ ਜੇ.ਸੀ.ਬੀ. ਦੀ ਮਦਦ ਨਾਲ ਕਈ ਮੀਟਰ ਡੂੰਘੇ ਖੱਡੇ ਖੋਦੇ ਗਏ ਹਨ ਜਿਸ ਨਾਲ ਜੇਕਰ ਕੋਈ ਕਿਸਾਨ ਟਰੈਕਟਰ ਲੈ ਕੇ ਹਰਿਆਣਾ ’ਚ ਦਾਖਲ ਹੋਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਹ ਕਾਮਯਾਬ ਨਾ ਹੋ ਸਕੇ।

ਹਾਈਵੇਅ ਬੰਦ ਹੋਣ ਕਾਰਨ ਮੁਸਾਫਰਾਂ ਦੀ ਵਧੀ ਪ੍ਰੇਸ਼ਾਨੀ

ਅੰਮ੍ਰਿਤਸਰ ਦਿੱਲੀ ਹਾਈਵੇਅ ਬੰਦ ਹੋਣ ਕਾਰਨ ਪੰਜਾਬ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੰਜਾਬ ਤੋਂ ਆਉਣ ਵਾਲੀਆਂ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਨੂੰ ਸ਼ੰਭੂ ਬਾਰਡਰ ਤੋਂ ਕਰੀਬ ਇਕ ਕਿਲੋਮੀਟਰ ਪਿੱਛੇ ਰੋਕਿਆ ਜਾ ਰਿਹਾ ਹੈ।


Tanu

Content Editor

Related News