ਸਾਉਣੀ ਦੀ ਬੀਜਾਈ ’ਚ ਕਿਸਾਨ ਫਿਰ ਹੋ ਸਕਦੇ ਹਨ ਪ੍ਰੇਸ਼ਾਨ, ਰੂਸ-ਯੂਕ੍ਰੇਨ ਜੰਗ ਕਾਰਨ ਵਧੇ ਖਾਦ ਦੇ ਮੁੱਲ
Monday, Apr 18, 2022 - 10:48 AM (IST)
ਨਵੀਂ ਦਿੱਲੀ– ਉੱਤਰੀ ਭਾਰਤ ’ਚ ਪੈ ਰਹੀ ਭਿਆਨਕ ਗਰਮੀ ਕਾਰਨ ਕਣਕ ਦਾ ਦਾਣਾ ਸੁੰਗੜ ਜਾਣ ਕਾਰਨ ਜਿੱਥੇ ਕਿਸਾਨ ਪਹਿਲਾਂ ਹੀ ਪ੍ਰੇਸ਼ਾਨ ਹਨ, ਉੱਥੇ ਹੀ ਹੁਣ ਕਿਸਾਨਾਂ ਨੂੰ ਮਹਿੰਗੀ ਖਾਦ ਦੀ ਮਾਰ ਵੀ ਝੱਲਣੀ ਪੈ ਸਕਦੀ ਹੈ। ਸਾਉਣੀ ਦੀ ਬੀਜਾਈ ਦਾ ਸੀਜ਼ਨ ਆ ਰਿਹਾ ਹੈ ਅਤੇ ਦੇਸ਼ ’ਚ ਖਾਦ ਦਾ ਸੰਕਟ ਲਗਾਤਾਰ ਵਧ ਰਿਹਾ ਹੈ। ਰੂਸ-ਯੂਕ੍ਰੇਨ ਜੰਗ ਕਾਰਨ ਅੰਤਰਰਾਸ਼ਟਰੀ ਬਾਜ਼ਾਰ ’ਚ ਖਾਦ ਦੀਆਂ ਕੀਮਤਾਂ ਤੇਜ਼ੀ ਨਾਲ ਵਧੀਆਂ ਹਨ। ਦੇਸ਼ ’ਚ ਸਭ ਤੋਂ ਜ਼ਿਆਦਾ ਖਪਤ ਵਾਲੀ ਖਾਦ ਯੂਰੀਆ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ’ਚ 1,200 ਡਾਲਰ ਪ੍ਰਤੀ ਟਨ ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ, ਡਾਈ-ਅਮੋਨੀਅਮ ਫਾਸਫੇਟ (ਡੀ. ਏ. ਪੀ.) ਲਈ ਜ਼ਰੂਰੀ ਫਾਸਫੋਰਿਕ ਐਸਿਡ ਦੀ ਕੀਮਤ ਵਧ ਕੇ 2,025 ਡਾਲਰ ਪ੍ਰਤੀ ਟਨ ਹੋ ਗਈ ਹੈ। ਇਸ ਸਮੇਂ ਦੇਸ਼ ’ਚ ਲਗਭਗ 30 ਲੱਖ ਟਨ ਡੀ. ਏ. ਪੀ. ਦਾ ਸਟਾਕ ਹੈ।
ਅੱਧ ਵਿਚਾਲੇ ਹੀ ਰਹਿ ਗਈ ਖਾਦ ਦੀ ਦਰਾਮਦ ਦੀ ਗੱਲਬਾਤ
ਭਾਰਤ ’ਚ ਵਿਸ਼ੇਸ਼ ਰੂਪ ’ਚ ਫਾਸਫੇਟਿਕ ਅਤੇ ਪੋਟਾਸ਼ੀਅਮ ਫਰਟੀਲਾਈਜ਼ਰਾਂ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਭਾਰਤ ਨੇ ਫਰਵਰੀ ’ਚ ਖਾਦਾਂ ਦੀ ਲੰਮੀ ਮਿਆਦ ਦੀ ਸਪਲਾਈ ਲਈ ਰੂਸ ਨਾਲ ਦੋ-ਪੱਖੀ ਗੱਲਬਾਤ ਕੀਤੀ ਸੀ। ਜੇਕਰ ਇਹ ਸੌਦਾ ਹੁੰਦਾ ਤਾਂ ਭਾਰਤ ਨੂੰ ਅੰਤਰਰਾਸ਼ਟਰੀ ਕੀਮਤਾਂ ’ਚ ਵਾਧਾ ਹੋਣ ਦੇ ਬਾਵਜੂਦ ਸਥਿਰ ਦਰਾਂ ’ਤੇ ਦਰਾਮਦ ’ਚ ਮਦਦ ਮਿਲਦੀ। ਇਸ ਮਹੀਨੇ ਦੀ ਸ਼ੁਰੂਆਤ ’ਚ ਦੇਸ਼ ਦੇ ਸਟਾਕ ’ਚ ਲਗਭਗ 25-30 ਲੱਖ ਟਨ ਡਾਈ-ਅਮੋਨੀਅਮ ਫਾਸਫੇਟ (ਡੀ. ਏ. ਪੀ.), ਪੰਜ ਲੱਖ ਟਨ ਮਿਊਰੇਟ ਆਫ ਪੁਟਾਸ਼ (ਐੱਮ. ਓ. ਪੀ.) ਅਤੇ 10 ਲੱਖ ਟਨ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ ਅਤੇ ਸਲਫਰ ਦੇ ਔਖੇ ਫਰਟੀਲਾਈਜ਼ਰਾਂ (ਐੱਨ. ਪੀ. ਕੇ. ਐੱਸ.) ਦੇ ਹੋਣ ਦਾ ਅੰਦਾਜ਼ਾ ਸੀ। ਜਦੋਂ ਕਿ ਇਕੱਲੇ ਸਾਉਣੀ ਸੀਜ਼ਨ ’ਚ ਡੀ. ਏ. ਪੀ. ਦੀ ਖਪਤ ਲਗਭਗ 50 ਲੱਖ ਟਨ ਹੁੰਦੀ ਹੈ।
ਇਨ੍ਹਾਂ ਦੇਸ਼ਾਂ ਤੋਂ ਹੁੰਦੀ ਹੈ ਖਾਦਾਂ ਦੀ ਦਰਾਮਦ
ਭਾਰਤ ਪ੍ਰਮੁੱਖ ਤੌਰ ’ਤੇ ਰੂਸ, ਚੀਨ, ਯੂ. ਏ. ਈ., ਅਮਰੀਕਾ, ਇਰਾਕ, ਸਊਦੀ ਅਰਬ, ਹਾਂਗਕਾਂਗ, ਜਾਪਾਨ ਅਤੇ ਸਿੰਗਾਪੁਰ ਵਰਗੇ ਦੇਸ਼ਾਂ ਤੋਂ ਫਰਟੀਲਾਈਜ਼ਰਾਂ ਦੀ ਦਰਾਮਦ ਕਰਦਾ ਹੈ। ਹਾਲਾਂਕਿ ਮਿਊਰੇਟ ਆਫ ਪੋਟਾਸ਼ ਦੀ ਸਪਲਾਈ ਲਈ ਭਾਰਤ ਨੇ ਕੈਨੇਡਾ, ਜਾਰਡਨ ਅਤੇ ਇਜ਼ਰਾਈਲ ਨਾਲ ਕਰਾਰ ਕੀਤਾ ਹੈ। ਹਰਿਦੁਆਰ ਜ਼ਿਲੇ ’ਚ ਖਾਦ ਦੀ ਕਿੱਲਤ ਸਭ ਤੋਂ ਜ਼ਿਆਦਾ ਹੈ। ਇੱਥੇ ਯੂਰੀਆ ਤਾਂ ਭਰਪੂਰ ਹੈ ਪਰ ਡੀ. ਏ. ਪੀ. ਦੀ ਕਮੀ ਹੈ। ਡੀ. ਏ. ਪੀ. ਦੇ 50 ਕਿੱਲੋ ਦੇ ਕੱਟੇ ’ਤੇ 150 ਰੁਪਏ ਤੱਕ ਦਾ ਵਾਧਾ ਹੋ ਗਿਆ ਹੈ। ਪਥਰੀ ਕਿਸਾਨ ਸਹਿਕਾਰੀ ਕਮੇਟੀ ਦੇ ਸਕੱਤਰ ਚਰਨ ਸਿੰਘ ਨੇ ਦੱਸਿਆ ਕਿ 1200 ਰੁਪਏ ’ਚ ਮਿਲਣ ਵਾਲਾ ਡੀ. ਏ. ਪੀ. ਦਾ ਕੱਟਾ ਹੁਣ 1350 ਰੁਪਏ ’ਚ ਮਿਲ ਰਿਹਾ ਹੈ। ਕੁਮਾਊਂ ਮੰਡਲ ’ਚ ਖਾਦ ਸੰਕਟ ਨਹੀਂ ਹੈ।
ਸਬਸਿਡੀ ਦੀਆਂ ਨਵੀਆਂ ਦਰਾਂ ਨਹੀਂ ਹੋਈਆਂ ਨੋਟੀਫਾਈ
ਦੇਸ਼ ’ਚ ਪਿਛਲੇ ਮਹੀਨੇ ਡੀ. ਏ. ਪੀ. ਦੀ ਕੀਮਤ ’ਚ 150 ਰੁਪਏ ਪ੍ਰਤੀ ਬੈਗ (50 ਕਿੱਲੋ) ਦੇ ਵਾਧੇ ਦੇ ਬਾਵਜੂਦ ਘਾਟਾ ਕਾਫ਼ੀ ਜ਼ਿਆਦਾ ਹੋ ਰਿਹਾ ਹੈ। ਸਰਕਾਰ ਨੇ ਪਿਛਲੇ ਸਾਲ ਮਈ ਅਤੇ ਉਸ ਤੋਂ ਬਾਅਦ ਅਕਤੂਬਰ ’ਚ ਡੀ. ਏ. ਪੀ. ’ਤੇ ਸਬਸਿਡੀ ’ਚ ਭਾਰੀ ਵਾਧਾ ਕਰ ਕੇ ਇਸ ਦੀ ਕੀਮਤ ਨੂੰ 1200 ਰੁਪਏ ਪ੍ਰਤੀ ਬੈਗ ’ਤੇ ਸਥਿਰ ਰੱਖਿਆ ਸੀ ਪਰ ਦਰਾਮਦ ਕੀਮਤਾਂ ਅਤੇ ਕੱਚੇ ਮਾਲ ਦੀਆਂ ਕੀਮਤਾਂ ’ਚ ਵਾਧੇ ਕਾਰਨ ਮਾਰਚ, 2022 ’ਚ ਕੰਪਨੀਆਂ ਨੇ ਡੀ. ਏ. ਪੀ. ਦੀ ਕੀਮਤ ਨੂੰ ਵਧਾ ਕੇ 1350 ਰੁਪਏ ਪ੍ਰਤੀ ਬੈਗ ਕਰ ਦਿੱਤਾ ਹੈ। ਇਸ ਸਮੇਂ ਡੀ. ਏ. ਪੀ. ਦਾ ਵਿਕਰੀ ਮੁੱਲ 27 ਹਜ਼ਾਰ ਰੁਪਏ ਪ੍ਰਤੀ ਟਨ ਹੈ। ਸਰਕਾਰ ਹਰ ਸਾਲ ਅਪ੍ਰੈਲ ਤੋਂ ਐੱਨ. ਬੀ. ਐੱਸ. ਯੋਜਨਾ ਦੇ ਤਹਿਤ ਖਾਦਾਂ ’ਤੇ ਸਬਸਿਡੀ ਦੀਆਂ ਦਰਾਂ ਨੋਟੀਫਾਈ ਕਰਦੀ ਹੈ ਪਰ ਅਜੇ ਤੱਕ ਨਵੀਆਂ ਦਰਾਂ ਨੋਟੀਫਾਈ ਨਹੀਂ ਹੋਈਆਂ ਹਨ।