ਦਿੱਲੀ 'ਚ ਪਹਿਲਵਾਨਾਂ ਦੇ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਕਿਸਾਨਾਂ ਨੇ ਤੋੜੇ ਬੈਰੀਕੇਡ
Monday, May 08, 2023 - 04:11 PM (IST)
ਨਵੀਂ ਦਿੱਲੀ (ਭਾਸ਼ਾ)- ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਬ੍ਰਜਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਪਹਿਲਵਾਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਸ਼ਾਮਲ ਹੋਣ ਲਈ ਸੋਮਵਾਰ ਨੂੰ ਕਿਸਾਨਾਂ ਨੇ ਪੁਲਸ ਬੈਰੀਕੇਡ ਤੋੜ ਦਿੱਤੇ। ਹਾਲਾਂਕਿ ਦਿੱਲੀ ਪੁਲਸ ਨੇ ਪ੍ਰਦਰਸ਼ਨ ਸਥਾਨ 'ਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਇਨਕਾਰ ਕੀਤਾ। ਘਟਨਾ ਨਾਲ ਸੰਬੰਧਤ ਵੀਡੀਓ 'ਚ ਕਿਸਾਨ ਬੈਰੀਕੇਡਾਂ 'ਤੇ ਚੜ੍ਹਦੇ ਅਤੇ ਇੱਥੇ ਤੱਕ ਕਿ ਇਨ੍ਹਾਂ 'ਚੋਂ ਕੁਝ ਨੂੰ ਘਸੀਟਦੇ ਹੋਏ ਵਿਰੋਧ ਸਥਾਨ 'ਤੇ ਪ੍ਰਵੇਸ਼ ਕਰਨ ਦੀ ਕੋਸ਼ਿਸ਼ ਕਰਦੇ ਦਿੱਸਦੇ ਹਨ। ਪੁਲਸ ਡਿਪਟੀ ਕਮਿਸ਼ਨਰ ਪ੍ਰਣਵ ਤਾਇਲ ਨੇ ਕਿਹਾ ਕਿ ਇਹ ਘਟਨਾ ਉਦੋਂ ਹੋਈ, ਜਦੋਂ ਕੁਝ ਕਿਸਾਨ ਧਰਨਾ ਸਥਾਨ 'ਤੇ ਪਹੁੰਚਣ ਦੀ ਜਲਦੀ 'ਚ ਸਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਪ੍ਰਦਰਸ਼ਨ ਸਥਾਨ ਤੱਕ ਲਿਜਾਉਣ ਲਈ ਬੈਰੀਕੇਡ ਹਟਾ ਦਿੱਤੇ ਗਏ ਸਨ ਅਤੇ ਬੈਠਕ ਸ਼ਾਂਤੀਪੂਰਨ ਤਰੀਕੇ ਨਾਲ ਹੋ ਰਹੀ ਹੈ। ਪੁਲਸ ਡਿਪਟੀ ਕਮਿਸ਼ਨ ਨੇ ਇਕ ਟਵੀਟ 'ਚ ਕਿਹਾ,''ਕਿਸਾਨਾਂ ਦੇ ਇਕ ਸਮੂਹ ਨੂੰ ਜੰਤਰ-ਮੰਤਰ ਤੱਕ ਲਿਜਾਇਆ ਗਿਆ। ਉਹ ਧਰਨਾ ਸਥਾਨ ਤੱਕ ਪਹੁੰਚਣ ਦੀ ਜਲਦੀ 'ਚ ਸਨ ਅਤੇ ਉਨ੍ਹਾਂ 'ਚੋਂ ਕੁਝ ਬੈਰੀਕੇਡ 'ਤੇ ਚੜ੍ਹ ਗਏ, ਜੋ ਹੇਠਾਂ ਡਿੱਗ ਗਏ ਅਤੇ ਉਨ੍ਹਾਂ ਨੂੰ ਹਟਾ ਦਿੱਤਾ ਗਿਆ। ਪੁਲਸ ਮੁਲਾਜ਼ਮਾਂ ਨੇ ਉਨ੍ਹਾਂ ਦੇ ਪ੍ਰਵੇਸ਼ ਦੀ ਸਹੂਲਤ ਲਈ ਬੈਰੀਕੇਡਾਂ ਨੂੰ ਇਕ ਪਾਸੇ ਕਰ ਦਿੱਤਾ।''
ਉਨ੍ਹਾਂ ਕਿਹਾ,''ਪ੍ਰਦਰਸ਼ਨਕਾਰੀ ਧਰਨਾ ਸਥਾਨ 'ਤੇ ਪਹੁੰਚ ਗਏ ਹਨ ਅਤੇ ਬੈਠਕ ਸ਼ਾਂਤੀਪੂਰਵਕ ਚੱਲ ਰਹੀ ਹੈ।'' ਪੁਲਸ ਨੇ ਜ਼ੋਰ ਦੇ ਕੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨਾਲ ਕੋਈ ਝੜਪ ਨਹੀਂ ਹੋਈ ਅਤੇ ਸਥਾਨ 'ਤੇ ਪੁਲਸ ਪ੍ਰਦਰਸ਼ਨਕਾਰੀਆਂ ਨੂੰ ਸਹੂਲਤ ਪ੍ਰਦਾਨ ਕਰਨ ਅਤੇ ਸ਼ਾਂਤੀਪੂਰਨ ਸਭਾ ਯਕੀਨੀ ਕਰਨ ਦਾ ਕੰਮ ਕਰ ਰਹੀ ਹੈ। ਦਿੱਲੀ ਪੁਲਸ ਦੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ 'ਚ ਕਿਹਾ ਗਿਆ,''ਸਾਰਿਆਂ ਨੂੰ ਅਪੀਲ ਹੈ ਕਿ ਉਹ ਫਰਜ਼ੀ ਖ਼ਬਰਾਂ 'ਤੇ ਭਰੋਸਾ ਨਾ ਕਰਨ। ਜੰਤਰ-ਮੰਤਰ 'ਤੇ ਪ੍ਰਦਰਸ਼ਨਕਾਰੀਆਂ ਨੂੰ ਸਹੂਲਤ ਦਿੱਤੀ ਜਾ ਰਹੀ ਹੈ। ਸੁਰੱਖਿਆ ਯਕੀਨੀ ਕਰਨ ਲਈ ਡੀ.ਐੱਫ.ਐੱਮ.ਡੀ. ਦੇ ਮਾਧਿਅਮ ਨਾਲ ਪ੍ਰਵੇਸ਼ ਨੂੰ ਨਿਯਮਿਤ ਕੀਤਾ ਜਾ ਰਿਹਾ ਹੈ। ਕ੍ਰਿਪਾ ਸ਼ਾਂਤੀਪੂਰਨ ਰਹਿਣ ਅਤੇ ਕਾਨੂੰਨ ਦੀ ਪਾਲਣਾ ਕਰਨ।'' ਪਹਿਲਵਾਨ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਧਰਨੇ 'ਤੇ ਬੈਠੇ ਹਨ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਮੁਖੀ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਤੇ ਕਾਰਵਾਈ ਦੀ ਮੰਗ ਕਰ ਰਹੇ ਹਨ। ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਇਕਜੁਟਤਾ ਜ਼ਾਹਰ ਕਰਨ ਲਈ ਵੱਡੀ ਗਿਣਤੀ 'ਚ ਕਿਸਾਨ ਧਰਨਾ ਸਥਾਨ 'ਤੇ ਇਕੱਠੇ ਹੋਏ ਹਨ।