ਕਿਸਾਨੀ ਘੋਲ: ਕਿਸਾਨਾਂ ਨੇ KMP ਐਕਸਪ੍ਰੈੱਸ ਵੇਅ ਕੀਤਾ ਜਾਮ, ਪੁਲਸ ਨੇ ਬਦਲੇ ਰੂਟ
Saturday, Apr 10, 2021 - 11:07 AM (IST)
ਸੋਨੀਪਤ— ਕੇਂਦਰ ਸਰਕਾਰ ਦੇ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅੰਦੋਲਨ ਤੇਜ਼ ਕਰਦੇ ਹੋਏ ਕਿਸਾਨਾਂ ਨੇ ਅੱਜ ਯਾਨੀ ਕਿ ਸ਼ਨੀਵਾਰ ਨੂੰ 24 ਘੰਟਿਆਂ ਲਈ ਕੁੰਡਲੀ-ਮਾਨੇਸਰ-ਪਲਵਲ (ਕੇ. ਐੱਮ. ਪੀ.) ਐਕਸਪ੍ਰੈੱਸ ਵੇਅ ਨੂੰ ਜਾਮ ਕੀਤਾ ਹੈ। ਕਿਸਾਨਾਂ ਨੇ ਸਵੇਰੇ 8 ਵਜੇ ਤੋਂ ਐਕਸਪ੍ਰੈੱਸ ਵੇਅ ਬੰਦ ਕੀਤਾ ਅਤੇ 24 ਘੰਟਿਆਂ ਤੱਕ ਬੰਦ ਰੱਖਣ ਦੀ ਅਪੀਲ ਕੀਤੀ ਹੈ। ਦਰਅਸਲ ਸੰਯੁਕਤ ਕਿਸਾਨ ਮੋਰਚਾ ਨੇ ਸ਼ੁੱਕਰਵਾਰ ਨੂੰ ਕੇ. ਐੱਮ. ਪੀ. ਐਕਸਪ੍ਰੈੱਸ ਵੇਅ 24 ਘੰਟਿਆਂ ਲਈ ਜਾਮ ਕਰਨ ਦੀ ਅਪੀਲ ਕੀਤੀ ਸੀ। ਕਰੀਬ 136 ਕਿਲੋਮੀਟਰ ਲੰਬੇ ਇਸ ਐਕਸਪ੍ਰੈੱਸ ਵੇਅ ਨੂੰ ਵੈਸਟਰਨ ਪੈਰੀਫੇਰਲ ਐਕਸਪ੍ਰੈੱਸ ਵੇਅ ਦੇ ਨਾਂ ਤੋਂ ਜਾਣਿਆ ਜਾਂਦਾ ਹੈ।
ਇਹ ਵੀ ਪੜ੍ਹੋ- ਜੇ ਤਾਲਾਬੰਦੀ ਵੀ ਲੱਗ ਜਾਂਦੀ ਹੈ ਤਾਂ ਵੀ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਰਹਾਂਗੇ: ਟਿਕੈਤ
ਫ਼ਿਲਹਾਲ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਕਿਹਾ ਕਿ ਐਮਰਜੈਂਸੀ ਵਾਹਨਾਂ ਦੀ ਆਵਾਜਾਈ ਦੀ ਆਗਿਆ ਦਿੱਤੀ ਜਾਵੇਗੀ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣਗੇ। ਇਸ ਦਰਮਿਆਨ ਇਫਕੋ ਨੇ ਖਾਦਾਂ ਦੀ ਕੀਮਤ ਵਿਚ ਭਾਰੀ ਵਾਧਾ ਕਰ ਦਿੱਤਾ ਹੈ। ਸਰਕਾਰ ਨੇ ਕੰਟਰੋਲ ਵਾਲੇ ਯੂਰੀਏ ਨੂੰ ਛੱਡ ਕੇ ਹੋਰ ਖਾਦਾਂ ਦੀ ਕੀਮਤ 45 ਤੋਂ 58 ਫ਼ੀਸਦੀ ਤੱਕ ਵਧਾ ਦਿੱਤੀ ਹੈ। ਇਸ ਤਰ੍ਹਾਂ ਦਾ ਫ਼ੈਸਲਾ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਣ ਵਰਗਾ ਹੈ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੌਰਾਨ ਜਾਨ ਗੁਆਉਣ ਵਾਲੇ ਕਿਸਾਨਾਂ ਲਈ ‘ਸ਼ਹੀਦ ਸਮਾਰਕ’ ਦੀ ਰੱਖੀ ਗਈ ਨੀਂਹ
ਓਧਰ ਭਾਰਤੀ ਕਿਸਾਨ ਯੂਨੀਅਨ (ਲਖੋਵਾਲ) ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲਖੋਵਾਲ ਨੇ ਕਿਹਾ ਕਿ ਐਕਸਪ੍ਰੈੱਸ ਵੇਅ ਨੂੰ 24 ਘੰਟਿਆਂ ਲਈ ਬੰਦ ਕੀਤਾ ਜਾਵੇਗਾ। ਇਸ ਦਰਮਿਆਨ ਹਰਿਆਣਾ ਪੁਲਸ ਨੇ ਆਵਾਜਾਈ ਐਡਵਾਇਜ਼ਰੀ ਜਾਰੀ ਕਰਦੇ ਹੋਏ ਜਨਤਾ ਨੂੰ ਕੇ. ਐੱਮ. ਪੀ. ਹਾਈਵੇਅ ਤੋਂ ਯਾਤਰਾ ਨਾ ਕਰਨ ਲਈ ਕਿਹਾ ਹੈ। ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਸ ਨਵਦੀਪ ਸਿੰਘ ਵਿਰਕ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸ਼ਾਂਤੀ ਬਣਾ ਕੇ ਰੱਖਣ, ਕਿਸੇ ਵੀ ਤਰ੍ਹਾਂ ਦੀ ਹਿੰਸਾ ਤੋਂ ਬਚਣ ਅਤੇ ਐਕਸਪ੍ਰੈੱਸ ਵੇਅ ’ਤੇ ਆਵਾਜਾਈ ਲਈ ਵਿਆਪਕ ਬੰਦੋਬਸਤ ਕੀਤੇ ਗਏ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਭਾਵਿਤ ਜ਼ਿਲ੍ਹਿਆਂ ਖ਼ਾਸ ਤੌਰ ’ਤੇ ਸੋਨੀਪਤ, ਝੱਜਰ, ਪਾਨੀਪਤ, ਰੋਹਤਕ, ਪਲਵਲ, ਫਰੀਦਾਬਾਦ, ਗੁਰੂਗ੍ਰਾਮ ਅਤੇ ਨੂਹ ਵਿਚ ਆਵਾਜਾਈ ਲਈ ਰੂਟ ਬਦਲੇ ਗਏ ਹਨ।
ਇਹ ਵੀ ਪੜ੍ਹੋ: 26 ਨਵੰਬਰ 2020 ਤੋਂ ਹੁਣ ਤੱਕ ਜਾਣੋ ਕਿਸਾਨ ਅੰਦੋਲਨ ਦੇ ‘100 ਦਿਨ’ ਦਾ ਪੂਰਾ ਘਟਨਾਕ੍ਰਮ, ਤਸਵੀਰਾਂ ਦੀ ਜ਼ੁਬਾਨੀ
ਨੈਸ਼ਨਲ ਹਾਈਵੇਅ-44 ’ਤੇ ਅੰਬਾਲਾ-ਚੰਡੀਗੜ੍ਹ ਵਲੋਂ ਆਉਣ ਵਾਲੇ ਯਾਤਰੀ ਕਰਨਾਲ ਤੋਂ ਹੁੰਦੇ ਹੋਏ ਉੱਤਰ ਪ੍ਰਦੇਸ਼ ਵਿਚ ਗਾਜ਼ੀਆਬਾਦ ਅਤੇ ਨੋਇਡਾ ਤੇ ਪਾਨੀਪਤ ਤੋਂ ਸਿਨੌਲੀ ਵੱਲ ਜਾ ਸਕਦੇ ਹਨ। ਗੁਰੂਗ੍ਰਾਮ ਅਤੇ ਜੈਪੁਰ ਵੱਲ ਜਾਣ ਵਾਲੇ ਵਾਹਨ ਪਾਨੀਪਤ ਤੋਂ ਨੈਸ਼ਨਲ ਹਾਈਵੇਅ-71 ’ਤੇ ਜਾ ਸਕਦੇ ਹਨ ਅਤੇ ਗੋਹਾਨਾ, ਰੋਹਤਕ, ਝੱਜਰ ਅਤੇ ਰੇਵਾੜੀ ਤੋਂ ਹੋ ਕੇ ਯਾਤਰਾ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਬੀਤੇ ਸਾਲ ਸਤੰਬਰ ਵਿਚ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਪੰਜਾਬ, ਹਰਿਆਣਾ, ਪੱਛਮੀ-ਉੱਤਰ ਪ੍ਰਦੇਸ਼ ਦੇ ਸੈਂਕੜੇ ਕਿਸਾਨਾਂ ਨੇ ਦਿੱਲੀ ਦੀਆਂ ਤਿੰਨ ਸਰਹੱਦਾਂ-ਸਿੰਘੂ, ਟਿਕਰੀ ਅਤੇ ਗਾਜ਼ੀਪੁਰ ’ਤੇ ਡੇਰੇ ਲਾਏ ਹੋਏ ਹਨ।
ਇਹ ਵੀ ਪੜ੍ਹੋ- ‘ਕਿਸਾਨ ਅੰਦੋਲਨ’ ਲਈ ਮੇਰੀ ਜਾਨ ਵੀ ਚਲੀ ਜਾਵੇ ਪਰ ਕਿਸਾਨਾਂ ਦਾ ਸਾਥ ਨਹੀਂ ਛੱਡਾਂਗਾ: ਕੇਜਰੀਵਾਲ
ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ ’ਤੇ ਸੁਪਰੀਮ ਕੋਰਟ ਵਲੋਂ ਬਣਾਈ 3 ਮੈਂਬਰੀ ਕਮੇਟੀ ਨੇ ਚੁੱਪ-ਚਪੀਤੇ ਸੌਂਪੀ ਰਿਪੋਰਟ