''ਕਿਸਾਨਾਂ ਨੂੰ ਰਾਸ਼ਟਰ ਵਿਰੋਧੀ ਆਖਣ ਵਾਲਿਆਂ ਨੂੰ ਪਾਕਿਸਤਾਨ ਚੱਲੇ ਜਾਣਾ ਚਾਹੀਦੈ''
Monday, Dec 14, 2020 - 04:07 PM (IST)
ਨਵੀਂ ਦਿੱਲੀ (ਭਾਸ਼ਾ)— ਆਮ ਆਦਮੀ ਪਾਰਟੀ ਨੇਤਾ ਅਤੇ ਬੁਲਾਰਾ ਰਾਘਵ ਚੱਢਾ ਨੇ ਸੋਮਵਾਰ ਯਾਨੀ ਕਿ ਅੱਜ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਜੋ ਵੀ 'ਰਾਸ਼ਟਰ-ਵਿਰੋਧੀ' ਆਖ ਰਹੇ ਹਨ, ਉੁਨ੍ਹਾਂ ਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਚੱਢਾ ਨੇ ਕਿਹਾ ਕਿ ਕਿਸਾਨਾਂ ਨੂੰ ਰਾਸ਼ਟਰ ਵਿਰੋਧੀ ਆਖਣ ਵਾਲਿਆਂ ਨੂੰ ਮੈਂ ਦੱਸਣਾ ਚਾਹੁੰਦਾ ਹਾਂ ਕਿ ਰਾਸ਼ਟਰ ਵਿਰੋਧੀ ਤੁਸੀਂ ਹੋ ਅਤੇ ਤੁਹਾਨੂੰ ਪਾਕਿਸਤਾਨ ਚਲੇ ਜਾਣਾ ਚਾਹੀਦਾ ਹੈ। ਉਨ੍ਹਾਂ ਦੀ ਭਾਰਤ ਵਿਚ ਕੋਈ ਥਾਂ ਨਹੀਂ ਹੈ।
ਰਾਘਵ ਚੱਢਾ ਦੀਆਂ ਟਿੱਪਣੀਆਂ 'ਤੇ ਦਿੱਲੀ ਭਾਜਪਾ ਦੇ ਬੁਲਾਰੇ ਵਰਿੰਦਰ ਬੱਬਰ ਨੇ ਕਿਹਾ ਕਿ ਸਾਰੇ ਲੋਕ ਕਿਸਾਨਾਂ ਦਾ ਸਮਰਥਨ ਕਰਦੇ ਹਨ ਅਤੇ ਭਾਜਪਾ ਵੀ ਕਰਦੀ ਹੈ। ਬੱਬਰ ਨੇ ਕਿਹਾ ਕਿ ਚੱਢਾ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਕੀ ਕਹਿਣਗੇ, ਜੋ ਪ੍ਰਧਾਨ ਮੰਤਰੀ ਨੂੰ ਮਾਰਨ ਦੀ ਗੱਲ ਕਰ ਰਹੇ ਹਨ ਅਤੇ ਦੇਸ਼ ਧਰੋਹ ਦੇ ਦੋਸ਼ਾਂ 'ਚ ਬੰਦ ਲੋਕਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ। ਕੁਝ ਕੇਂਦਰੀ ਮੰਤਰੀਆਂ ਦਾ ਦਾਅਵਾ ਹੈ ਕਿ ਕਿਸਾਨਾਂ ਦੇ ਪ੍ਰਦਰਸ਼ਨ 'ਤੇ ਮਾਓਵਾਦੀਆਂ, ਖੱਬੇਪੱਖੀ ਦਲਾਂ ਅਤੇ ਰਾਸ਼ਟਰ ਵਿਰੋਧੀ ਤੱਤਾਂ ਦਾ ਕਬਜ਼ਾ ਹੋ ਗਿਆ ਹੈ।
ਕਿਸਾਨ ਜਥੇਬੰਦੀਆਂ ਨੇ ਇਸ ਦੋਸ਼ ਨੂੰ ਖਾਰਜ ਕੀਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਇਸ ਮੁੱਦੇ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਕੁਝ ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਕਿਸਾਨਾਂ ਨੂੰ ਦੇਸ਼ ਧਰੋਹੀ ਅਤੇ ਰਾਸ਼ਟਰ ਵਿਰੋਧੀ ਕਹਿ ਰਹੇ ਹਨ। ਉਨ੍ਹਾਂ ਨੇ ਸਵਾਲ ਕੀਤਾ ਕਿ ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਕਿਸਾਨਾਂ ਨਾਲ ਜੁੜ ਰਹੇ ਅਤੇ ਉਨ੍ਹਾਂ ਨੂੰ ਸਮਰਥਨ ਦੇ ਰਹੇ ਇੰਨੇ ਸਾਬਕਾ ਫ਼ੌਜੀ, ਰਾਸ਼ਟਰੀ ਅਤੇ ਕੌਮਾਂਤਰੀ ਖਿਡਾਰੀ, ਗਾਇਕ ਅਤੇ ਸੈਲੀਬ੍ਰਿਟੀ, ਵਕੀਲ ਅਤੇ ਵਪਾਰੀ ਕੀ ਸਾਰੇ ਰਾਸ਼ਟਰ ਵਿਰੋਧੀ ਹਨ?
ਨੋਟ: ਰਾਘਵ ਚੱਢਾ ਦੇ ਇਸ ਬਿਆਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਰਾਏ