ਕਿਸਾਨ ਅੰਦੋਲਨ: ਸਖ਼ਤ ਸੁਰੱਖਿਆ ਵਿਚਾਲੇ ਲਗਾਤਾਰ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹਨ ਪ੍ਰਦਰਸ਼ਨਕਾਰੀ
Friday, Dec 04, 2020 - 12:20 PM (IST)
ਨਵੀਂ ਦਿੱਲੀ- ਕੇਂਦਰ ਦੇ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਜ਼ਾਰਾਂ ਕਿਸਾਨ ਸ਼ੁੱਕਰਵਾਰ ਨੂੰ ਲਗਾਤਾਰ 9ਵੇਂ ਦਿਨ ਸਖਤ ਸੁਰੱਖਿਆ ਦਰਮਿਆਨ ਰਾਜਧਾਨੀ ਨਾਲ ਲੱਗਦੀਆਂ ਸਰਹੱਦਾਂ 'ਤੇ ਡਟੇ ਹਨ। ਸਰਕਾਰ ਨਾਲ ਵੀਰਵਾਰ ਦੀ ਗੱਲਬਾਤ ਇਕ ਵਾਰ ਫਿਰ ਬੇਨਤੀਜਾ ਰਹਿਣ ਤੋਂ ਬਾਅਦ, ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਸੰਗਠਨ ਦੀ ਅੱਗੇ ਦੀ ਕਾਰਵਾਈ ਨੂੰ ਲੈ ਕੇ ਅੱਜ ਯਾਨੀ ਸ਼ੁੱਕਰਵਾਰ ਨੂੰ ਬੈਠਕ ਕਰਨਗੇ। ਉੱਤਰ ਪ੍ਰਦੇਸ਼ ਦੇ ਪ੍ਰਦਰਸ਼ਨਕਾਰੀ ਕਿਸਾਨਾਂ ਨੇ ਯੂ.ਪੀ. ਗੇਟ ਕੋਲ ਰਾਸ਼ਟਰੀ ਰਾਜਮਾਰਗ-9 ਨੂੰ ਜਾਮ ਕਰ ਦਿੱਤਾ ਹੈ। ਉੱਥੇ ਹੀ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਦਿੱਲੀ ਆਉਣ ਵਾਲੇ ਦੂਜੇ ਪ੍ਰਵੇਸ਼ ਮਾਰਗਾਂ 'ਤੇ ਡਟੇ ਹਨ। ਕਿਸਾਨ ਸੰਗਠਨਾਂ ਅਤੇ ਕੇਂਦਰ ਦਰਮਿਆਨ ਅਗਲੇ ਦੌਰ ਦੀ ਗੱਲਬਾਤ ਸ਼ਨੀਵਾਰ ਨੂੰ ਹੋ ਸਕਦੀ ਹੈ। ਪ੍ਰਦਰਸ਼ਨ ਦੇ 9ਵੇਂ ਦਿਨ ਵੀ ਜਾਰੀ ਰਹਿਣ ਦੇ ਮੱਦੇਨਜ਼ਰ ਸਿੰਘੂ, ਟਿਕਰੀ, ਚਿੱਲਾ ਅਤੇ ਗਾਜੀਪੁਰ ਬਾਰਡਰ 'ਤੇ ਹੁਣ ਵੀ ਸੁਰੱਖਿਆ ਕਰਮੀ ਤਾਇਨਾਤ ਹਨ। ਇਸ ਵਿਚ ਦਿੱਲੀ ਪੁਲਸ ਨੇ ਸ਼ਹਿਰ 'ਚ ਆਵਾਜਾਈ ਲਈ ਲੋਕਾਂ ਨੂੰ ਹੋਰ ਬਦਲਵੇਂ ਮਾਰਗਾਂ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ।
ਇਹ ਵੀ ਪੜ੍ਹੋ : ਦਿੱਲੀ ਪੁਲਸ ਦੇ ਬੈਰੀਕੇਡਜ਼ ਲੰਘਣ ਲਈ ਕਿਸਾਨਾਂ ਨੇ ਪੰਜਾਬ ਤੋਂ ਮੰਗਵਾਏ ਘੋੜੇ
ਦਿੱਲੀ ਆਵਾਜਾਈ ਪੁਲਸ ਨੇ ਟਵੀਟ ਕਰ ਕੇ ਲੋਕਾਂ ਨੂੰ ਸਿੰਘੂ, ਲੰਪਰ, ਔਚੰਦੀ, ਸਾਫ਼ੀਆਬਾਦ, ਪਿਆਓ ਮਨਿਆਰੀ ਅਤੇ ਸਬੋਲੀ ਬਾਰਡਰ ਬੰਦ ਹੋਣ ਦੀ ਜਾਣਕਾਰੀ ਦਿੱਤੀ। ਉਸ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਰਾਜਮਾਰਗ-44 ਦੋਹਾਂ ਪਾਸਿਓਂ ਬੰਦ ਹੈ। ਉਸ ਨੇ ਲੋਕਾਂ ਨੂੰ ਰਾਸ਼ਟਰੀ ਰਾਜਮਾਰਗ-8, ਭੋਪੁਰਾ, ਅਪਸਰਾ ਬਾਰਡਰ ਅਤੇ ਪੈਰੀਫੇਰਸ ਐਕਸਪ੍ਰੈੱਸ ਵੇਅਰ ਤੋਂ ਹੋ ਕੇ ਦੂਜੇ ਮਾਰਗਾਂ ਤੋਂ ਜਾਣ ਲਈ ਕਿਹਾ ਹੈ। ਪ੍ਰਦਰਸ਼ਨ ਕਾਰਨ ਰਾਸ਼ਟਰੀ ਰਾਜਮਾਰਗ-24 'ਤੇ ਗਾਜ਼ੀਆਬਾਦ ਬਾਰਡਰ ਬੰਦ ਹੋਣ ਕਾਰਨ ਪੁਲਸ ਨੇ ਗਾਜ਼ੀਆਬਾਦ ਤੋਂ ਦਿੱਲੀ ਆ ਰਹੇ ਲੋਕਾਂ ਤੋਂ ਅਪਸਰਾ ਜਾਂ ਭੋਪੁਰਾ ਬਾਰਡਰ ਜਾਂ ਦਿੱਲੀ-ਨੋਇਡਾ ਡਾਇਰੈਕਟਰ (ਡੀ.ਐੱਨ.ਡੀ.) ਐਕਸਪ੍ਰੈੱਸ ਵੇਅ ਦੀ ਵਰਤੋਂ ਕਰਨ ਲਈ ਕਿਹਾ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਖੇਤੀਬਾੜੀ ਕਾਨੂੰਨ ਨੂੰ ਵਾਪਸ ਨਾ ਲਏ ਜਾਣ 'ਤੇ ਦਿੱਲੀ ਆ ਰਹੇ ਹੋਰ ਮਾਰਗਾਂ ਨੂੰ ਵੀ ਜਾਮ ਕਰਨ ਦੀ ਬੁੱਧਵਾਰ ਨੂੰ ਚਿਤਾਵਨੀ ਦਿੱਤੀ ਸੀ।
ਇਹ ਵੀ ਪੜ੍ਹੋ : ਸਿਰਸਾ ਨੇ ਕੰਗਨਾ ਰਣੌਤ ਨੂੰ ਭੇਜਿਆ ਕਾਨੂੰਨੀ ਨੋਟਿਸ, ਕਿਹਾ- ਬਿਨਾਂ ਸ਼ਰਤ ਮੰਗੋ ਮੁਆਫ਼ੀ
ਨੋਟ: ਕਿਸਾਨਾਂ ਦੇ ਲਗਾਤਾਰ ਦਿੱਤੇ ਜਾ ਰਹੇ ਧਰਨੇ ਸਬੰਧੀ ਕੀ ਹੈ ਤੁਹਾਡੀ ਰਾਏ? ਕਰੋ ਕੁਮੈਂਟ