ਕਿਸਾਨ ਅੰਦੋਲਨ: ਸ਼ਬਦ-ਕੀਰਤਨ ਨਾਲ ਚੜ੍ਹਦਾ ਹੈ ਦਿਨ ਅਤੇ ਇੰਝ ਹੁੰਦੀ ਹੈ ਸ਼ਾਮ
Saturday, Dec 19, 2020 - 01:39 PM (IST)
ਪਲਵਲ— ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਜਾਰੀ ਹੈ। ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ’ਤੇ ਕਿਸਾਨ ਅੰਦੋਲਨ ਕਰ ਰਹੇ ਹਨ। ਅੰਦੋਲਨ ਕਦੋਂ ਤੱਕ ਚਲੇਗਾ, ਕੋਈ ਨਹੀਂ ਜਾਣਦਾ। ਅਜਿਹੇ ਵਿਚ ਧਰਨੇ ’ਤੇ ਬੈਠੇ ਕਿਸਾਨਾਂ ਨੇ ਆਪਣੀ ਰੁਟੀਨ ਤੈਅ ਕਰ ਲਈ ਹੈ। ਧਰਨੇ ’ਤੇ ਬੈਠੇ ਕਿਸਾਨਾਂ ਦੀ ਰੁਟੀਨ ਆਮ ਦਿਨਾਂ ਵਾਂਗ ਚੱਲਣ ਲੱਗੀ ਹੈ। ਕਿਸਾਨ ਅੰਦੋਲਨ ਵਿਚ ਦਿਨ ਦੀ ਸ਼ੁਰੂਆਤ ਸ਼ਬਦ-ਕੀਰਤਨ ਤੋਂ ਹੁੰਦੀ ਹੈ। ਫਿਰ ਚਾਹ ਨਾਸ਼ਤੇ ਤੋਂ ਬਾਅਦ ਧਰਨੇ ਦੇ ਨਾਲ ਲੰਗਰ ’ਚ ਸੇਵਾ ਕਰਨ ਮਗਰੋਂ ਕਿਸਾਨ ਤਾਸ਼ ਖੇਡਦੇ ਹਨ। ਫਿਰ ਸ਼ਾਮ ਦਾ ਲੰਗਰ ਪਕਾਉਣ ਦੀ ਤਿਆਰੀ ਹੋ ਜਾਂਦੀ ਹੈ। ਰਾਤ ’ਚ ਸਿਹਤ ਫਿਟ ਰੱਖਣ ਲਈ ਦੁੱਧ ਵੀ ਜ਼ੂਰਰ ਪੀਤਾ ਜਾਂਦਾ ਹੈ।
ਪਲਵਲ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੋਂ ਲੋਕ ਖਾਣ-ਪੀਣ ਦਾ ਸਾਮਾਨ ਲੈ ਕੇ ਪੁੱਜ ਰਹੇ ਹਨ। ਪਿੰਡ ਪ੍ਰਥਲਾ, ਆਟੋਹਾਂ ਅਤੇ ਆਲੇ-ਦੁਆਲੇ ਤੋਂ ਪਿੰਡ ਵਾਸੀ ਰੋਜ਼ਾਨਾ 200 ਤੋਂ 300 ਲੀਟਰ ਲੱਸੀ, 300 ਲੀਟਰ ਦੁੱਧ ਅਤੇ ਪਾਣੀ ਟਰਾਲੀਆਂ ’ਚ ਲੈ ਕੇ ਪਹੁੰਚਦੇ ਹਨ ਅਤੇ ਕਿਸਾਨਾਂ ’ਚ ਵੰਡਦੇ ਹਨ। ਕਿਸਾਨ ਇੱਥੇ ਸੇਵਾ ਦਾ ਜ਼ਿੰਮਾ ਵੀ ਖੁਦ ਚੁੱਕ ਰਹੇ ਹਨ ਅਤੇ ਬਜ਼ੁਰਗਾਂ-ਬੀਬੀਆਂ ਦੀ ਦੇਖ-ਰੇਖ ਵਿਚ ਲੱਗੇ ਰਹਿੰਦੇ ਹਨ। ਧਰਨੇ ’ਤੇ ਇਕੱਠੇ ਹੋਏ ਕਿਸਾਨਾਂ ਨੂੰ ਸਮਰਥਨ ਦੇਣ ਲਈ ਮੁਸਲਿਮ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵਧ ਰਹੀ ਹੈ।
ਇੱਥੇ ਇਹ ਲੋਕ ਲੰਗਰ ਤਿਆਰ ਕਰਨ ’ਚ ਹੱਥ ਵੰਡਾਉਂਦੇ ਹਨ। ਉਹ ਨਮਾਜ਼ ਵੀ ਇੱਥੇ ਧਰਨੇ ਦਰਮਿਆਨ ਸੜਕ ’ਤੇ ਬੈਠ ਕੇ ਪੜ੍ਹਦੇ ਹਨ ਅਤੇ ਫਿਰ ਸੇਵਾ ’ਚ ਜੁੱਟ ਜਾਂਦੇ ਹਨ। ਸ਼ੁੱਕਰਵਾਰ ਨੂੰ ਜੁਮੇ ਦੀ ਨਮਾਜ਼ ਉਨ੍ਹਾਂ ਨੇ ਸੜਕ ’ਤੇ ਹੀ ਅਦਾ ਕੀਤੀ।
ਇਕ ਪਾਸੇ ਜਿੱਥੇ ਸਰਕਾਰ ਅਤੇ ਕਿਸਾਨ ਆਹਮਣੇ-ਸਾਹਮਣੇ ਹਨ, ਉੱਥੋਂ ਹੀ ਦਿੱਲੀ ਦੀਆਂ ਤਿੰਨ ਸਰਹੱਦਾਂ- ਸਿੰਘੂ, ਟਿਕਰੀ ਅਤੇ ਗਾਜ਼ੀਪੁਰ ’ਤੇ ਤਣਾਅ ਬਰਕਰਾਰ ਹੈ। ਸਰਕਾਰ ਅਤੇ ਕਿਸਾਨਾਂ ਵਿਚਾਲੇ ਚੱਲ ਰਹੀ ਇਸ ਲੜਾਈ ’ਤੇ ਹਰ ਕਿਸੇ ਦੀ ਨਜ਼ਰ ਟਿਕੀ ਹੋਈ ਹੈ। ਪਲਵਲ ਦੇ ਕਿਸਾਨ ਪ੍ਰਦਰਸ਼ਨਕਾਰੀਆਂ ਦੀ ਸੇਵਾ ਵਿਚ ਦਿਨ-ਰਾਤ ਜੁੱਟੇ ਹੋਏ ਹਨ। ਇੱਥੇ ਇਨ੍ਹਾਂ ਕਿਸਾਨਾਂ ਲਈ ਕੈਂਪ ਲੱਗਾ ਹੈ, ਇਸ ’ਚ ਹਰ ਦਿਨ ਸੈਂਕੜੇ ਕਿਸਾਨਾਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ।