ਕਿਸਾਨ ਦੀ ਲਾਸ਼ ਨੂੰ ਤਿਰੰਗੇ ''ਚ ਲਪੇਟ ਸ਼ਵ ਯਾਤਰਾ ਕੱਢਣ ''ਤੇ ਪਰਿਵਾਰ ਵਾਲਿਆਂ ਵਿਰੁੱਧ ਮਾਮਲਾ ਦਰਜ
Friday, Feb 05, 2021 - 01:32 PM (IST)
ਪੀਲੀਭੀਤ- ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ 'ਚ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਦੀ ਲਾਸ਼ 'ਤੇ ਤਿਰੰਗਾ ਰੱਖ ਕੇ ਸ਼ਵ ਯਾਤਰਾ ਕੱਢੀ ਗਈ। ਇਸ ਸੰਬੰਧ 'ਚ ਪੁਲਸ ਨੇ ਕਿਸਾਨ ਦੀ ਮਾਂ ਅਤੇ ਭਰਾ ਵਿਰੁੱਧ ਰਾਸ਼ਟਰੀ ਮਾਣ ਅਪਮਾਨ ਰੋਕੂ ਐਕਟ 1971 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਖੇਤੀ ਕਾਨੂੰਨਾਂ ਵਿਰੁੱਧ ਗਾਜ਼ੀਪੁਰ ਸਰਹੱਦ 'ਤੇ ਚੱਲ ਰਹੇ ਅੰਦੋਲਨ 'ਚ ਸ਼ਾਮਲ ਹੋਣ ਇੱਥੋਂ ਇਕ ਨੌਜਵਾਨ ਗਿਆ ਸੀ, ਜਿਸ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਵੀਰਵਾਰ ਨੂੰ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਅੰਤਿਮ ਸੰਸਕਾਰ ਇਕ ਸ਼ਹੀਦ ਦੀ ਤਰ੍ਹਾਂ ਕੀਤਾ। ਪੁਲਸ ਸੁਪਰਡੈਂਟ ਜੈ ਪ੍ਰਕਾਸ਼ ਯਾਦਵ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸੇਹਰਾਮਊ ਥਾਣੇ ਅਧੀਨ ਬਾਰੀ ਬੁਝੀਆ ਪਿੰਡ ਦਾ ਵਾਸੀ ਬਲਜਿੰਦਰ (30) ਆਪਣੇ ਦੋਸਤਾਂ ਨਾਲ 23 ਜਨਵਰੀ ਨੂੰ ਗਾਜ਼ੀਪੁਰ ਸਰਹੱਦ 'ਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਧਰਨਾ ਪ੍ਰਦਰਸ਼ਨ 'ਚ ਸ਼ਾਮਲ ਹੋਣ ਗਿਆ ਸੀ।
ਉਕਤ ਨੌਜਵਾਨ 24 ਜਨਵਰੀ ਨੂੰ ਲਾਪਤਾ ਹੋ ਗਿਆ ਸੀ। ਯਾਦਵ ਨੇ ਕਿਹਾ ਕਿ 25 ਜਨਵਰੀ ਨੂੰ ਸੜਕ ਹਾਦਸੇ 'ਚ ਬਲਜਿੰਦਰ ਦੀ ਮੌਤ ਹੋ ਗਈ ਅਤੇ ਇਸ ਸੰਬੰਧ 'ਚ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਪੁਲਸ ਨੇ ਲਾਸ਼ ਨੂੰ ਮੁਰਦਾਘਰ ਰੱਖਵਾ ਦਿੱਤਾ। ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ 2 ਫਰਵਰੀ ਨੂੰ ਮਿਲੀ। ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਪਰਿਵਾਰ ਵਾਲੇ, ਲਾਸ਼ ਨੂੰ ਲੈ ਕੇ ਪੀਲੀਭੀਤ ਆਪਣੇ ਪਿੰਡ ਪਹੁੰਚੇ। ਪੁਲਸ ਸੁਪਰਡੈਂਟ ਅਨੁਸਾਰ ਪਰਿਵਾਰ ਵਾਲੇ ਲਾਸ਼ ਨੂੰ ਤਿਰੰਗੇ 'ਚ ਲਪੇਟ ਕੇ ਅੰਤਿਮ ਸੰਸਕਾਰ ਲਈ ਲੈ ਗਏ। ਤਿਰੰਗੇ 'ਚ ਲਪੇਟ ਕੇ ਸ਼ਵ ਯਾਤਰਾ ਲਿਜਾਉਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਵੀਡੀਓ ਦੇ ਆਧਾਰ 'ਤੇ ਸੇਰਾਮਊ ਪੁਲਸ ਨੇ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਅਤੇ ਮਾਂ ਜਸਵੀਰ ਕੌਰ ਸਮੇਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਰਾਕੇਸ਼ ਟਿਕੈਤ ਬੋਲੇ- ਮੇਰੇ ਮੰਚ ਤੋਂ ਮੋਦੀ ਨੂੰ ਕੋਈ ਨਹੀਂ ਕੱਢ ਸਕਦਾ ਗਾਲ੍ਹ