ਅੱਜ ਸ਼ਰਧਾਲੂਆਂ ਦੇ ਬਿਨਾਂ ਨਿਕਲੇਗੀ ਭਗਵਾਨ ਜਗਨਨਾਥ ਦੀ ਵਿਸ਼ਵ ਪ੍ਰਸਿੱਧ ਰਥ ਯਾਤਰਾ
Monday, Jul 12, 2021 - 12:03 PM (IST)
ਨੈਸ਼ਨਲ ਡੈਸਕ- ਪੁਰੀ 'ਚ ਲਗਾਤਾਰ ਦੂਜੀ ਵਾਰ ਬਿਨਾਂ ਸ਼ਰਧਾਲੂਆਂ ਦੀ ਮੌਜੂਦਗੀ ਦੇ ਭਗਵਾਨ ਜਗਨਨਾਥ ਦੀ ਰਥ ਯਾਤਰਾ ਨਿਕਲਣ ਜਾ ਰਹੀ ਹੈ। ਪਵਿੱਤਰ ਰਥਾਂ ਨੂੰ ਸੋਮਵਾਰ ਦੁਪਹਿਰ 3 ਵਜੇ ਰਵਾਨਾ ਕੀਤੇ ਜਾਣਗੇ। ਇਸ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਨੇ ਐਤਵਾਰ ਰਾਤ 8 ਵਜੇ ਤੋਂ 2 ਦਿਨਾਂ ਲਈ ਕਰਫਿਊ ਲਾਗੂ ਕਰ ਦਿੱਤਾ। ਪ੍ਰਸ਼ਾਸਨ ਨੇ ਸ਼੍ਰੀ ਜਗਨਨਾਥ ਮੰਦਰ ਤੋਂ ਸ਼੍ਰੀ ਗੁੰਡਿਚਾ ਮੰਦਰ ਦਰਮਿਆਨ 3 ਕਿਲੋਮੀਟਰ ਲੰਬੇ ਗਰਾਂਡ ਰੋਡ 'ਤੇ ਪਾਬੰਦੀ ਲਾਈ ਹੈ, ਜਿੱਥੇ ਮੈਡੀਕਲ ਐਮਰਜੈਂਸੀ ਤੋਂ ਇਲਾਵਾ ਹੋਰ ਸਾਰੀਆਂ ਗਤੀਵਿਧੀਆਂ 'ਤੇ ਰੋਕ ਰਹੇਗੀ।
ਕੋਰੋਨਾ ਮਹਾਮਾਰੀ ਦੇ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਇਸ ਸਾਲ ਧਾਰਮਿਕ ਆਯੋਜਨ ਦੇ ਸਹਿਜ ਸੰਚਾਲਨ ਲਈ ਘੱਟੋ-ਘੱਟ 65 ਦਸਤਿਆਂ ਦੀ ਤਾਇਨਾਤੀ ਕੀਤੀ ਗਈ ਹੈ। ਹਰੇਕ ਦਸਤੇ 'ਚ 30 ਜਵਾਨ ਸ਼ਾਮਲ ਹਨ। ਪੁਰੀ ਦੇ ਜ਼ਿਲ੍ਹਾ ਅਧਿਕਾਰੀ ਸਮਰਥ ਵਰਮਾ ਨੇ ਕਿਹਾ ਕਿ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਰਫਿਊ ਦੀ ਮਿਆਦ ਦੌਰਾਨ ਐਤਵਾਰ 8 ਵਜੇ ਤੋਂ ਮੰਗਲਵਾਰ ਰਾਤ 8 ਵਜੇ ਤੱਕ ਘਰੋਂ ਨਾ ਨਿਕਲਣ ਅਤੇ ਗਰਾਂਡ ਰੋਡ 'ਤੇ ਭੀੜ ਇਕੱਠੀ ਨਾ ਕਰਨ।
#WATCH | Lord Jagannath Rath Yatra to be held, without the participation of devotees today in Odisha's Puri pic.twitter.com/VB1x0Lmqcj
— ANI (@ANI) July 12, 2021
ਵਰਮਾ ਨੇ ਕਿਹਾ ਕਿ ਲੋਕ ਆਪਣੇ ਟੀਵੀ 'ਤੇ ਇਸ ਉਤਸਵ ਦਾ ਆਨੰਦ ਲੈ ਸਕਦੇ ਹਨ ਅਤੇ ਸਰਕਾਰ ਨੇ ਇਸ ਬਾਰੇ ਪ੍ਰਬੰਧ ਕੀਤੇ ਹਨ। ਉੱਥੇ ਹੀ ਇਸ ਤੋਂ ਪਹਿਲਾਂ ਪੁਰੀ ਜ਼ਿਲ੍ਹਾ ਪ੍ਰਸ਼ਾਸਨ ਨੇ ਸਾਰੇ ਸੁਰੱਖਿਆ ਕਰਮੀਆਂ ਨੂੰ ਹੋਟਲ, ਲਾਜ ਅਤੇ ਮਹਿਮਾਨ ਘਰਾਂ ਨੂੰ ਖ਼ਾਲੀ ਕਰਨ ਦਾ ਨਿਰਦੇਸ਼ ਦਿੱਤਾ, ਕਿਉਂਕਿ ਓਡੀਸ਼ਾ ਸਰਕਾਰ ਨੇ ਸੋਮਵਾਰ ਨੂੰ ਹੋਣ ਵਾਲੇ ਮਹਾ ਉਤਸਵ 'ਚ ਜਨ ਹਿੱਸੇਦਾਰੀ 'ਤੇ ਪਾਬੰਦੀ ਲਗਾ ਦਿੱਤੀ ਹੈ।