ਉੱਤਰਾਖੰਡ ’ਚ ਨਕਲੀ ਸਿਮ ਕਾਰਡ ਗਿਰੋਹ ਦਾ ਪਰਦਾਫਾਸ਼
Saturday, Sep 13, 2025 - 10:12 PM (IST)

ਪਿਥੌਰਾਗੜ੍ਹ/ਨੈਨੀਤਾਲ- ਉੱਤਰਾਖੰਡ ਵਿਚ ਪਿਥੌਰਾਗੜ੍ਹ ਪੁਲਸ ਨੇ ਇਕ ਨਕਲੀ ਸਿਮ ਕਾਰਡ ਗਿਰੋਹ ਦਾ ਪਰਦਾਫਾਸ਼ ਕੀਤਾ ਹੈ ਅਤੇ 282 ਸਰਗਰਮ (ਐਕਟੀਵੇਟਿਡ) ਸਿਮ ਕਾਰਡਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੰਗੋਲੀਹਾਟ ਪੁਲਸ ਨੂੰ ਨਕਲੀ ਸਿਮ ਕਾਰਡ ਗਿਰੋਹ ਦੇ ਸਬੰਧ ਵਿਚ ਸੂਚਨਾ ਮਿਲੀ।
ਇਸ ਆਧਾਰ ’ਤੇ ਕੋਤਵਾਲੀ ਰੰਗੋਲੀਹਾਟ ਦੇ ਇੰਚਾਰਜ ਇੰਸਪੈਕਟਰ ਕੈਲਾਸ਼ ਚੰਦਰ ਜੋਸ਼ੀ ਦੀ ਅਗਵਾਈ ਹੇਠ ਇਕ ਟੀਮ ਨੇ ਪਿੰਡ ਹਾਟਲੇਖ ’ਚ ਇਕ ਘਰ ’ਤੇ ਛਾਪਾ ਮਾਰਿਆ। ਇਸ ਦੌਰਾਨ ਇਕ ਵਿਅਕਤੀ ਨੂੰ ਵੱਡੀ ਮਾਤਰਾ ਵਿਚ ਨਕਲੀ ਸਿਮ ਕਾਰਡਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ। ਜਾਂਚ ਵਿਚ ਪਤਾ ਲੱਗਾ ਹੈ ਕਿ ਮੁਲਜ਼ਮ ਭੋਲੇ-ਭਾਲੇ ਪਿੰਡ ਵਾਸੀਆਂ ਨੂੰ ਸਿਮ ਕਾਰਡ ਵੇਚਦੇ ਸਮੇਂ ਧੋਖੇ ਨਾਲ ਇਕ ਦੀ ਥਾਂ ’ਤੇ ਕਈ ਸਿਮ ਕਾਰਡ ਐਕਟੀਵੇਟ ਕਰ ਕੇ ਆਪਣੇ ਕੋਲ ਰੱਖ ਲੈਂਦਾ ਸੀ ਅਤੇ ਬਾਅਦ ਵਿਚ ਉਨ੍ਹਾਂ ਨੂੰ ਮਹਿੰਗੇ ਭਾਅ ’ਤੇ ਵੇਚ ਦਿੰਦਾ ਸੀ।