ਬਿਹਾਰ ’ਚ ਫਰਜ਼ੀ ਦਵਾਈ ਫੈਕਟਰੀ ਦਾ ਪਰਦਾਫਾਸ਼, ਇਕ ਗ੍ਰਿਫ਼ਤਾਰ
Saturday, Feb 14, 2026 - 11:18 PM (IST)
ਨਵੀਂ ਦਿੱਲੀ- ਦਿੱਲੀ ਕ੍ਰਾਈਮ ਬ੍ਰਾਂਚ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ (ਏ. ਐੱਨ. ਟੀ. ਐੱਫ.) ਨੇ ਨਕਲੀ ਦਵਾਈਆਂ ਅਤੇ ਓਪੀਓਈਡਜ਼ ਦੇ ਸੰਗਠਿਤ ਅੰਤਰਰਾਜੀ ਨੈੱਟਵਰਕ ਦੇ ਖ਼ਿਲਾਫ ਵੱਡੀ ਕਾਰਵਾਈ ਕਰਦੇ ਹੋਏ ਬਿਹਾਰ ਦੇ ਗਯਾ ’ਚ ਚੱਲ ਰਹੀ ਫਰਜ਼ੀ ਦਵਾਈ ਫੈਕਟਰੀ ਦਾ ਪਰਦਾਫਾਸ਼ ਕੀਤਾ ਹੈ। ਇਸ ਹਾਈ-ਪ੍ਰੋਫਾਈਲ ਆਪ੍ਰੇਸ਼ਨ ’ਚ ਗਿਰੋਹ ਦੇ ਮਾਸਟਰ ਕੋ-ਆਰਡੀਨੇਟਰ ਅਰੁਣ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਭਾਰੀ ਮਾਤਰਾ ’ਚ ਸਪਿਊਰੀਅਸ ਡਰੱਗਜ਼, ਓਪੀਓਈਡਜ਼ ਅਤੇ ਆਧੁਨਿਕ ਮਸ਼ੀਨਰੀ ਜ਼ਬਤ ਕੀਤੀ ਗਈ।
ਐਡੀਸ਼ਨਲ ਸੀ. ਪੀ. ਮੰਗੇਸ਼ ਕਸ਼ਯਪ ਦੇ ਮੁਤਾਬਕ, ਕ੍ਰਾਈਮ ਬ੍ਰਾਂਚ ਨੇ ਸਾਲ 2025 ’ਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਸੀ। ਤਕਨੀਕੀ ਅਤੇ ਹਿਊਮਨ ਇੰਟੈਲੀਜੈਂਸ ਦੇ ਆਧਾਰ ’ਤੇ ਪਟਨਾ ’ਚ ਇਕ ਫਰਜ਼ੀ ਫਾਰਮਾਸਿਊਟੀਕਲ ਯੂਨਿਟ ਦੇ ਪਰਦਾਫਾਸ਼ ਤੋਂ ਬਾਅਦ ਮਿਲੇ ਅਹਿਮ ਸੁਰਾਗਾਂ ਨੇ ਜਾਂਚ ਨੂੰ ਨਵੀਂ ਦਿਸ਼ਾ ਦਿੱਤੀ, ਜਿਸ ਦੇ ਆਧਾਰ ’ਤੇ ਬਿਹਾਰ ਸਥਿਤ ਗਯਾ ਤੱਕ ਫੈਲੇ ਇਸ ਰੈਕੇਟ ਦਾ ਖੁਲਾਸਾ ਹੋ ਸਕਿਆ।
