9000 ਰੁਪਏ ਦੀ ਜਾਅਲੀ ਕਰੰਸੀ ਬਰਾਮਦ, ਬੰਗਲਾਦੇਸ਼ ਤੋਂ ਮੰਗਵਾਏ ਸਨ ਨੋਟ

Monday, Mar 17, 2025 - 04:00 PM (IST)

9000 ਰੁਪਏ ਦੀ ਜਾਅਲੀ ਕਰੰਸੀ ਬਰਾਮਦ, ਬੰਗਲਾਦੇਸ਼ ਤੋਂ ਮੰਗਵਾਏ ਸਨ ਨੋਟ

ਸੂਰਤ- ਗੁਜਰਾਤ ਦੇ ਸੂਰਤ 'ਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ ਕੁੱਲ 9000 ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਵਿਚੋਂ ਇਕ ਸੁਰੇਸ਼ ਲਾਠੀਦੜੀਆ 'ਤੇ ਜਾਅਲੀ ਨੋਟ ਨਾਲ ਸਬੰਧਤ ਤਿੰਨ ਮਾਮਲੇ ਦਰਜ ਹਨ, ਜਿਨ੍ਹਾਂ ਦੀ ਜਾਂਚ NIA ਕਰ ਰਿਹਾ ਹੈ। ਸੂਰਤ ਵਿਸ਼ੇਸ਼ ਮੁਹਿੰਮ ਦਲ (SOG) ਨੇ ਇਕ ਬਿਆਨ ਵਿਚ ਦੱਸਿਆ ਕਿ ਸੁਰੇਸ਼ ਨੇ ਪੱਛਮੀ ਬੰਗਾਲ ਦੇ ਇਕ ਵਾਂਟੇਡ ਦੋਸ਼ੀ ਤੋਂ 6 ਲੱਖ ਰੁਪਏ ਮੁੱਲ ਦੇ ਜਾਅਲੀ ਨੋਟ 2 ਲੱਖ ਰੁਪਏ ਵਿਚ ਖਰੀਦੇ ਸਨ ਅਤੇ ਉਕਤ ਦੋਸ਼ੀ ਨੇ ਇਹ ਨੋਟ ਬੰਗਲਾਦੇਸ਼ ਤੋਂ ਖਰੀਦੇ ਸਨ। 

SOG ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਅਧਿਕਾਰੀਆਂ ਨੇ ਸ਼ਹਿਰ ਦੇ ਪੁਨਾ ਇਲਾਕੇ ਵਿਚ ਇਕ ਅਪਾਰਟਮੈਂਟ 'ਤੇ ਛਾਪਾ ਮਾਰਿਆ ਅਤੇ ਖਾਣ-ਪੀਣ ਕਾਰੋਬਾਰ ਨਾਲ ਜੁੜੇ ਵਿਜੇ ਚੌਹਾਨ (27) ਅਤੇ ਸੁਰੇਸ਼ ਲਾਠੀਦੜੀਆ (55) ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਨੇ ਦੱਸਿਆ ਕਿ ਦੋਹਾਂ ਪਾਸਿਓਂ 500-500 ਰੁਪਏ ਮੁੱਲ ਦੇ 18 ਨਕਲੀ ਨੋਟ ਸਨ, ਜਿਨ੍ਹਾਂ ਦਾ ਮੁੱਲ 9,000 ਰੁਪਏ ਹੈ।

SOG ਨੇ ਅੱਗੇ ਦੱਸਿਆ ਕਿ ਦੋਸ਼ੀ ਸਬਜ਼ੀ ਅਤੇ ਪਾਨ ਦੀਆਂ ਦੁਕਾਨਾਂ 'ਤੇ ਜਾਅਲੀ ਨੋਟਾਂ ਨੂੰ ਅਸਲੀ ਨੋਟਾਂ ਵਿਚ ਬਦਲਦੇ ਸਨ। SOG ਨੇ ਕਿਹਾ ਕਿ ਦੋਸ਼ੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਪੱਛਮੀ ਬੰਗਾਲ ਦੇ ਮਾਲਦਾ ਦੇ ਤਾਹਿਰ ਸ਼ੇਖ ਤੋਂ 6 ਲੱਖ ਰੁਪਏ ਮੁੱਲ ਦੇ ਜਾਅਲੀ ਨੋਟ ਦੋ ਲੱਖ ਰੁਪਏ 'ਚ ਖਰੀਦੇ ਸਨ। ਉਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਵਾਂਟੇਡ ਸ਼ੇਖ ਨੇ ਇਹ ਜਾਅਲੀ ਨੋਟ ਬੰਗਲਾਦੇਸ਼ ਤੋਂ ਖਰੀਦੇ ਸਨ। SOG ਮੁਤਾਬਕ ਜਾਅਲੀ ਨੋਟਾਂ ਤੋਂ ਇਲਾਵਾ ਪੁਲਸ ਨੇ ਇਕ ਡਿਟੈਕਟਰ ਮਸ਼ੀਨ ਅਤੇ ਕੁਝ ਮੋਬਾਇਲ ਫੋਨ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ 1.03 ਲੱਖ ਰੁਪਏ ਨਕਦੀ ਵੀ ਬਰਾਮਦ ਕੀਤੇ ਹਨ, ਜੋ ਦੋਸ਼ੀਆਂ ਨੇ ਨਕਲੀ ਨੋਟਾਂ ਦਾ ਆਦਾਨ-ਪ੍ਰਦਾਨ ਕਰ ਕੇ ਇਕੱਠੇ ਕੀਤੇ ਸਨ।


author

Tanu

Content Editor

Related News