ਕੋਵਿਡ ਦੀਆਂ ਫਰਜ਼ੀ ਖਬਰਾਂ ਲਈ ਫੇਸਬੁੱਕ ਨੇ ਸ਼ੁਰੂ ਕੀਤਾ ‘ਥਰਡ ਪਾਰਟੀ ਫੈਕਟ ਚੈਕਿੰਗ’ ਪ੍ਰੋਗਰਾਮ

Friday, Jun 18, 2021 - 10:47 AM (IST)

ਕੋਵਿਡ ਦੀਆਂ ਫਰਜ਼ੀ ਖਬਰਾਂ ਲਈ ਫੇਸਬੁੱਕ ਨੇ ਸ਼ੁਰੂ ਕੀਤਾ ‘ਥਰਡ ਪਾਰਟੀ ਫੈਕਟ ਚੈਕਿੰਗ’ ਪ੍ਰੋਗਰਾਮ

ਨਵੀਂ ਦਿੱਲੀ– ਕੋਰੋਨਾ ਵਾਇਰਸ ਬਾਰੇ ਇਸ ਵੇਲੇ ਸੋਸ਼ਲ ਮੀਡੀਆ ’ਤੇ ਭੁਲੇਖਾ ਪਾਊ ਤੇ ਫਰਜ਼ੀ ਖਬਰਾਂ ਦਾ ਹੜ੍ਹ ਜਿਹਾ ਆ ਗਿਆ ਹੈ। ਚੈਟਿੰਗ ਐਪ ਵਟਸਐਪ ’ਤੇ ਤਾਂ ਲੋਕ ਬਿਨਾਂ ਪੁਸ਼ਟੀ ਕੀਤੇ ਹੀ ਮੈਸੇਜ ਅੱਗੇ ਵਧਾ ਰਹੇ ਹਨ। ਹਾਲਾਂਕਿ ਬਾਅਦ ’ਚ ਇਹ ਮੈਸੇਜ ਝੂਠੇ ਸਾਬਤ ਹੰਦੇ ਹਨ। ਅਜਿਹੇ ਹਾਲਾਤ ਦਰਮਿਆਨ ਕੋਰੋਨਾ ਬਾਰੇ ਲੋਕਾਂ ਤਕ ਝੂਠੀ ਤੇ ਤੱਥਾਂ ਤੋਂ ਰਹਿਤ ਜਾਣਕਾਰੀ ਨਾ ਪਹੁੰਚੇ, ਇਸ ਦੇ ਲਈ ਫੇਸਬੁੱਕ ਵਲੋਂ ਥਰਡ ਪਾਰਟੀ ਫੈਕਟ ਚੈਕਿੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿਚ ਸਿਹਤ ਮਾਹਿਰ ਸਿਹਤ ਨਾਲ ਸਬੰਧਤ ਭੁਲੇਖੇ ਦੂਰ ਕਰਨ ਦੀ ਕੋਸ਼ਿਸ਼ ਕਰਨਗੇ।

ਦਿ ਹੈਲਦੀ ਇੰਡੀਅਨ ਪ੍ਰਾਜੈਕਟ ਨਾਲ ਭਾਈਵਾਲੀ
ਭਾਰਤ ਵਿਚ ਜਿਵੇਂ-ਜਿਵੇਂ ਕੋਰੋਨਾ ਦਾ ਕਹਿਰ ਵਧਿਆ ਹੈ, ਇਸ ਬਾਰੇ ਲੋਕਾਂ ’ਚ ਭੁਲੇਖੇ ਵੀ ਖੂਬ ਫੈਲੇ ਹਨ। ਕਿਤੇ ਲੋਕ ਕੋਰੋਨਾ ਮਾਈ ਦੀ ਪੂਜਾ ਕਰ ਰਹੇ ਹਨ ਤਾਂ ਕਿਤੇ ਇਸ ਦਾ ਮੰਦਰ ਵੀ ਬਣ ਗਿਆ ਹੈ ਪਰ ਹੁਣ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਇਸ ਬਾਰੇ ਨਵੀਂ ਪਹਿਲ ਕਰਨ ਵਾਲੀ ਹੈ। ਇਸ ਨਾਲ ਤੁਸੀਂ ਫਰਜ਼ੀ ਖਬਰਾਂ ਤੋਂ ਦੂਰ ਰਹੋਗੇ। ਸਿਹਤ ਨਾਲ ਸਬੰਧਤ ਸਮੱਸਿਆਵਾਂ ਨੂੰ ਸਮਝਣ ’ਚ ਮਦਦ ਲਈ ਫੇਸਬੁੱਕ ਨੇ ‘ਦਿ ਹੈਲਦੀ ਇੰਡੀਅਨ ਪ੍ਰਾਜੈਕਟ’ ਭਾਵ ਥਿਪ ਨਾਲ ਭਾਈਵਾਲੀ ਕੀਤੀ ਹੈ। ਥਿਪ ਭਾਰਤ ’ਚ ਫੇਸਬੁੱਕ ਦਾ ਪਹਿਲਾ ਸਿਹਤ ਮਾਹਿਰ ਭਾਈਵਾਲ ਹੈ। ਕੰਪਨੀ ਦਾ ਕਹਿਣਾ ਹੈ ਕਿ ਥਿਪ ਤਜਰਬੇਕਾਰ ਡਾਕਟਰਾਂ ਦੀ ਮਦਦ ਨਾਲ ਤੱਥਾਂ ਦੀ ਜਾਂਚ ਕਰੇਗਾ ਅਤੇ ਗੁੰਮਰਾਹ ਕਰਨ ਵਾਲੀਆਂ ਖਬਰਾਂ ਤੇ ਗਲਤ ਦਾਅਵਿਆਂ ਤੋਂ ਤੁਹਾਨੂੰ ਦੂਰ ਰੱਖੇਗਾ। ਇਹ ਹਿੰਦੀ, ਅੰਗਰੇਜ਼ੀ, ਬੰਗਲਾ, ਪੰਜਾਬੀ ਤੇ ਗੁਜਰਾਤੀ ਭਾਸ਼ਾ ਵਿਚ ਲੋਕਾਂ ਨੂੰ ਦਵਾਈ, ਡਾਈਟ ਤੇ ਇਲਾਜ ਬਾਰੇ ਜਾਣਕਾਰੀ ਦੇਵੇਗਾ।

ਕੋਵਿਡ-19 ਨਾਲ ਸਬੰਧਤ 1.2 ਕਰੋੜ ਤੋਂ ਵੱਧ ਪੋਸਟ ਹਟਾਏ
ਫੇਸਬੁੱਕ ਨੇ ਮਹਾਮਾਰੀ ਦੌਰਾਨ ਆਪਣੇ ਫੋਟੋ ਸ਼ੇਅਰਿੰਗ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਅਤੇ ਆਪਣੇ ਖੁਦ ਦੇ ਪਲੇਟਫਾਰਮ ਤੋਂ ਦੁਨੀਆ ਭਰ ਵਿਚ ਕੋਵਿਡ-19 ਨਾਲ ਸਬੰਧਤ 1.2 ਕਰੋੜ ਤੋਂ ਵੱਧ ਪੋਸਟਾਂ ਹਟਾ ਦਿੱਤੀਆਂ ਹਨ, ਜਿਨ੍ਹਾਂ ਵਿਚ ਇਸ ਬੀਮਾਰੀ ਸਬੰਧੀ ‘ਨੁਕਸਾਨਦੇਹ’ ਸੂਚਨਾ ਦਿੱਤੀ ਗਈ ਸੀ।

ਕੋਰੋਨਾ ਨਾਲ ਸਬੰਧਤ ਇਲਾਜ ਦੇ ਇਸ਼ਤਿਹਾਰਾਂ ’ਤੇ ਪਾਬੰਦੀ
ਫੇਸਬੁੱਕ ਨੇ ਕੋਰੋਨਾ ਵਾਇਰਸ ਦੇ ਇਲਾਜ ਨਾਲ ਸਬੰਧਤ ਇਸ਼ਤਿਹਾਰਾਂ ’ਤੇ ਪਾਬੰਦੀ ਲਾ ਦਿੱਤੀ ਹੈ। ਕੰਪਨੀ ਨਵੇਂ ਐਲਗੋਰਿਦਮ ਦੀ ਵੀ ਵਰਤੋਂ ਕਰ ਰਹੀ ਹੈ। ਇਸ ਦੇ ਨਾਲ ਹੀ ਉਹ ਸਿਹਤ ਅਧਿਕਾਰੀਆਂ, ਸੂਬਾ ਜਾਂ ਸਥਾਨਕ ਸਿਹਤ ਵਿਭਾਗਾਂ ਵਲੋਂ ਵਾਇਰਸ ਸਬੰਧੀ ਦਿੱਤੇ ਗਏ ਤੱਥਾਂ ਨੂੰ ਆਪਣੇ ਯੂਜ਼ਰਜ਼ ਸਾਹਮਣੇ ਰੱਖਣ ਦੀ ਕੋਸ਼ਿਸ਼ ਵੀ ਕਰ ਰਹੀ ਹੈ।


author

Rakesh

Content Editor

Related News