ਸਕੂਲ ਲੈਬ ''ਚ ਧਮਾਕਾ, ਚਾਰ ਵਿਦਿਆਰਥੀ ਝੁਲਸੇ
Tuesday, Feb 18, 2020 - 09:13 PM (IST)

ਸ਼ਿਮਲਾ — ਸਕੂਲ ਦੀ ਕੈਮਿਸਟਰੀ ਲੈਬ ਵਿਚ ਹੋਏ ਧਮਾਕੇ 'ਚ ਜ਼ਖਮੀ ਹੋਏ 12ਵੀਂ ਜਮਾਤ ਦੇ ਦੋ ਵਿਦਿਆਰਥੀਆਂ ਨੂੰ ਇਲਾਜ ਲਈ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ। ਇਹ ਜਾਣਕਾਰੀ ਹਿਮਾਚਲ ਪ੍ਰਦੇਸ਼ ਦੇ ਸਿੱਖਿਆ ਮੰਤਰੀ ਸੁਰੇਸ਼ ਭਾਰਦਵਾਜ ਨੇ ਮੰਗਲਵਾਰ ਨੂੰ ਦਿੱਤੀ। ਸੋਮਵਾਰ ਨੂੰ 12ਵੀਂ ਬੋਰਡ ਦੀ ਰਸਾਇਣ ਪ੍ਰੀਖਿਆ ਦੌਰਾਨ ਮਟਿਆਣਾ, ਥਿਓਗ ਸਬ-ਡਵੀਜ਼ਨ ਦੇ ਇਕ ਸਰਕਾਰੀ ਸਕੂਲ 'ਚ ਹੋਏ ਧਮਾਕੇ 'ਚ ਪੰਜ ਵਿਦਿਆਰਥੀ ਜ਼ਖਮੀ ਹੋ ਗਏ। ਭਾਰਦਵਾਜ ਨੇ ਇਕ ਬਿਆਨ 'ਚ ਕਿਹਾ ਕਿ ਦੋ ਜ਼ਖਮੀ ਵਿਦਿਆਰਥੀ ਮੁਕੁਲ ਪੰਚਤਾ ਅਤੇ ਅਜੀਤ ਨੂੰ ਅੱਖਾਂ ਅਤੇ ਚਿਹਰੇ 'ਤੇ ਡੂੰਘੇ ਜ਼ਖਮ ਹੋਣ ਕਾਰਨ ਇਥੋਂ ਦੇ ਆਈ.ਜੀ.ਐਮ.ਸੀ. ਹਸਪਤਾਲ ਤੋਂ ਪੀ.ਜੀ.ਆਈ. ਚੰਡੀਗੜ੍ਹ ਰੈਫ਼ਰ ਕੀਤਾ ਗਿਆ ਸੀ। ਉਸਨੇ ਬਿਆਨ 'ਚ ਕਿਹਾ ਕਿ ਮੈਂ ਪੀ.ਜੀ.ਆਈ. ਦੇ ਡਾਇਰੈਕਟਰ ਨਾਲ ਗੱਲ ਕੀਤੀ ਹੈ ਅਤੇ ਜ਼ਖਮੀ ਵਿਦਿਆਰਥੀਆਂ ਦੀ ਪੂਰੀ ਦੇਖਭਾਲ ਕਰਨ ਲਈ ਕਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੇ ਇਲਾਜ 'ਤੇ ਆਉਣ ਵਾਲਾ ਸਾਰਾ ਖਰਚਾ ਰਾਜ ਸਰਕਾਰ ਸਹਿਣ ਕਰੇਗੀ। ਮੰਤਰੀ ਨੇ ਦੱਸਿਆ ਕਿ ਦੋ ਹੋਰ ਜ਼ਖਮੀ ਵਿਦਿਆਰਥੀ ਬੰਟੀ ਸ਼ਰਮਾ ਅਤੇ ਨਿਕਿਤਾ ਵਰਮਾ ਨੂੰ ਇਲਾਜ ਤੋਂ ਬਾਅਦ ਆਈ.ਜੀ.ਐਮ.ਸੀ. ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਥਿਓਗ ਐਸ.ਡੀ.ਐਮ. ਨੂੰ ਲਿਖਤੀ ਜਾਣਕਾਰੀ ਦਿੰਦੇ ਹੋਏ ਸਕੂਲ ਦੇ ਪ੍ਰਿੰਸੀਪਲ ਨੇ ਖਦਸ਼ਾ ਜ਼ਾਹਰ ਕੀਤਾ ਕਿ ਅਜਿਹਾ ਲੱਗਦਾ ਹੈ ਕਿ ਇਹ ਧਮਾਕਾ 'ਮੈਗਨੀਸ਼ੀਅਮ ਨਾਈਟ੍ਰੇਟ' ਅਤੇ 'ਫੇਰੋਸ ਸਲਫੇਟ' ਦੇ ਗਲਤ ਮਿਲਾਵਟ ਕਾਰਨ ਹੋਇਆ ਸੀ।