ਜ਼ੋਰਦਾਰ ਧਮਾਕਾ ਹੋਣ ਕਾਰਨ ਉੱਡ ਗਈ ਫੈਕਟਰੀ ਦੀ ਛੱਤ, 4 ਔਰਤਾਂ ਦੀ ਮੌਤ
Monday, Jun 16, 2025 - 05:07 PM (IST)

ਅਮਰੋਹਾ- ਉੱਤਰ ਪ੍ਰਦੇਸ਼ ਵਿਚ ਅਮਰੋਹਾ ਜ਼ਿਲ੍ਹੇ ਦੇ ਰਜਬਪੁਰ ਇਲਾਕੇ 'ਚ ਸੋਮਵਾਰ ਦੁਪਹਿਰ ਨੂੰ ਇਕ ਪਟਾਕਾ ਫੈਕਟਰੀ 'ਚ ਜ਼ੋਰਦਾਰ ਧਮਾਕਾ ਹੋਣ ਨਾਲ ਫੈਕਟਰੀ ਦੀ ਛੱਤ ਉੱਡ ਗਈ ਅਤੇ ਇਕ ਬਾਲਗ ਸਮੇਤ 11 ਕੰਮ ਕਰਨ ਵਾਲੀਆਂ ਔਰਤਾਂ ਝੁਲਸ ਕੇ ਮਲਬੇ ਹੇਠ ਦੱਬ ਗਈਆਂ। ਇਨ੍ਹਾਂ ਵਿਚੋਂ 4 ਔਰਤਾਂ ਦੀ ਮੌਤ ਹੋ ਗਈ, ਜਦਕਿ ਕਿਸ਼ੋਰ ਸਮੇਤ 9 ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਜਿੱਥੇ ਨਾਜ਼ੁਕ ਹਾਲਤ ਦੇ ਚੱਲਦੇ ਔਰਤਾਂ ਅਤੇ ਕਿਸ਼ੋਰ ਦੀ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਹਨ। ਹਾਦਸੇ ਦੀ ਜਾਣਕਾਰੀ ਮਿਲਣ 'ਤੇ ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਨਿਧੀ ਗੁਪਤਾ ਵਤਸ ਅਤੇ ਪੁਲਸ ਸੁਪਰਡੈਂਟ ਅਮਿਤ ਕੁਮਾਰ ਆਨੰਦ ਮੌਕੇ 'ਤੇ ਪਹੁੰਚੇ ਅਤੇ ਨਿਰੀਖਣ ਕੀਤਾ।
ਪੁਲਸ ਸੁਪਰਡੈਂਟ ਅਮਿਤ ਕੁਮਾਰ ਆਨੰਦ ਨੇ ਦੱਸਿਆ ਕਿ ਥਾਣਾ ਰਜਬਪੁਰ ਖੇਤਰ ਅਧੀਨ ਪਿੰਡ ਅਤਰਾਸੀ ਵਿਚ ਕੋਤਵਾਲੀ ਹਾਪੁੜ ਖੇਤਰ ਦੇ 1248/02 ਭੰਡਾ ਪੱਟੀ ਦੇ ਨਿਵਾਸੀ ਸੈਫੁਰਰਹਿਮਾਨ ਵਲੋਂ ਇਕ ਲਾਇਸੈਂਸਸ਼ੁਦਾ ਪਟਾਕਿਆਂ ਦੀ ਫੈਕਟਰੀ ਚਲਾਈ ਜਾ ਰਹੀ ਹੈ। ਅੱਜ ਦੁਪਹਿਰ 12 ਵਜੇ ਦੇ ਕਰੀਬ ਪਟਾਕਿਆਂ ਦੀ ਫੈਕਟਰੀ ਵਿਚ ਅਚਾਨਕ ਹੋਏ ਜ਼ੋਰਦਾਰ ਧਮਾਕੇ ਕਾਰਨ ਫੈਕਟਰੀ ਦੀ ਛੱਤ ਉੱਡ ਗਈ। ਫੈਕਟਰੀ ਵਰਕਰ ਕਿਸ਼ੋਰ, ਵਿਸ਼ਾਲ, ਪੂਜਾ ਧੀ ਅਮਿਤ, ਪੂਜਾ ਧੀ ਗਿਰੀਸ਼ ਚੰਦਰ (27), ਮੋਨਾ (26), ਸੋਨੀਆ (37), ਪੂਜਾ ਪਤਨੀ ਰਾਜੇਸ਼ (32), ਰੂਮਾ, ਪ੍ਰਵੇਸ਼, ਸਲੋਨੀ, ਇੰਦਰਾਵਤੀ, ਰੁਖਸਾਨਾ, ਸ਼ਹਿਨਾਜ਼ ਬੁਰੀ ਤਰ੍ਹਾਂ ਸੜ ਗਏ। ਫੈਕਟਰੀ ਦੇ ਮਲਬੇ ਹੇਠ ਕਈ ਮਜ਼ਦੂਰ ਦੱਬੇ ਗਏ।
ਜਿਨ੍ਹਾਂ ਵਿੱਚੋਂ ਚਾਰ ਔਰਤਾਂ ਜਿਨ੍ਹਾਂ ਵਿਚ ਦਾਨਵੀਰ ਦੀ ਪਤਨੀ ਰੂਮਾ (27), ਸ਼੍ਰੀਮਤੀ ਪ੍ਰਵੇਸ਼, ਰੁਖਸਾਨਾ ਅਤੇ ਸ਼੍ਰੀਮਤੀ ਸ਼ਹਿਨਾਜ਼ ਸ਼ਾਮਲ ਸਨ, ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਐਂਬੂਲੈਂਸ ਅਤੇ ਪੁਲਸ ਵੱਲੋਂ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ। ਮਲਬੇ ਹੇਠ ਦੱਬੀਆਂ ਔਰਤਾਂ ਅਤੇ ਬੱਚਿਆਂ ਨੂੰ ਜ਼ਖਮੀ ਹਾਲਤ ਵਿਚ ਬਾਹਰ ਕੱਢਿਆ ਗਿਆ ਅਤੇ ਤੁਰੰਤ ਇਲਾਜ ਲਈ ਹਸਪਤਾਲ ਭੇਜਿਆ ਗਿਆ। ਲਾਸ਼ਾਂ ਨੂੰ ਪੋਸਟਮਾਰਟਮ ਹਾਊਸ ਭੇਜ ਦਿੱਤਾ ਗਿਆ। ਜ਼ਿਲ੍ਹਾ ਮੈਜਿਸਟ੍ਰੇਟ ਅਤੇ ਐੱਸ.ਪੀ. ਹਸਪਤਾਲ ਪਹੁੰਚੇ ਅਤੇ ਡਾਕਟਰਾਂ ਨੂੰ ਜ਼ਖਮੀਆਂ ਦਾ ਸਹੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ।