ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ

Sunday, Aug 02, 2020 - 03:21 PM (IST)

ਮਾਹਰਾਂ ਦੀ ਸਲਾਹ : ਚੀਨ ਖਿਲਾਫ ਭਾਰਤ ਨੂੰ ਵੀਅਤਨਾਮ ਤੇ ਇੰਡੋਨੇਸ਼ੀਆ ਵਰਗੇ ਦੇਸ਼ਾਂ ਦੀ ਲੈਣੀ ਚਾਹੀਦੀ ਮਦਦ

ਨਵੀਂ ਦਿੱਲੀ- ਭਾਰਤ-ਚੀਨ ਸਰਹੱਦੀ ਵਿਵਾਦ 'ਤੇ ਇਕ ਵੈਬੀਨਾਰ ਕੀਤਾ ਗਿਆ, ਜਿਸ ਵਿਚ ਭਾਰਤ ਦੀ ਚੀਨ ਪ੍ਰਤੀ ਨੀਤੀ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਵਿਚ ਸੁਪਰੀਮ ਕੋਰਟ ਦੇ ਵਕੀਲ ਅਤੇ ਪਾਰਲੀਮੈਂਟਰੀ ਮੈਂਬਰ ਡਾ. ਅਭਿਸ਼ੇਕ ਸਿੰਘਵੀ,  ਕਾਂਗਰਸ ਪਾਰਟੀ ਦੇ ਐੱਮ. ਐੱਲ. ਏ. ਨਿਨੋਂਗ ਅਰਿੰਗ, ਡਾਕਟਰ ਅਵਿਨਾਸ਼ ਗੋਡਬੋਲੇ ਸਣੇ ਹੋਰ ਕਈ ਉੱਚ ਮਾਹਿਰਾਂ ਨੇ ਹਿੱਸਾ ਲਿਆ। ਇਸ ਵਿਚ ਇਸ ਗੱਲ 'ਤੇ ਵਿਚਾਰ ਕੀਤਾ ਗਿਆ ਕਿ ਭਾਰਤ ਨੂੰ ਵੀਅਤਨਾਮ, ਇੰਡੋਨੇਸ਼ੀਆ ਤੇ ਫਿਲਪੀਨਜ਼ ਵਰਗੇ ਦੇਸ਼ਾਂ ਤੋਂ ਮਦਦ ਲੈਣੀ ਚਾਹੀਦੀ ਹੈ। 

ਚੀਨ ਵਿਵਾਦ 'ਤੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਫ਼ੌਜ ਦੀ ਤਾਇਨਾਤੀ ਬਹੁਤ ਜ਼ਰੂਰੀ ਹੈ ਤਾਂ ਕਿ ਡਰ ਪੈਦਾ ਕੀਤਾ ਜਾਵੇ ਤੇ ਇਸ ਨੂੰ ਬੈਲੰਸ ਕੀਤਾ ਜਾ ਸਕੇ। 
ਸਿੰਗਵੀ ਨੇ ਕਿਹਾ ਕਿ ਭਾਰਤ ਨੂੰ ਆਪਣੇ ਮਿਲਟਰੀ ਬਜਟ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਨੂੰ ਦੌਲਤ ਬੇਗ ਓਲਡੀ ਸੜਕ ਨੂੰ ਇਕ ਲੈਂਡਿੰਗ ਗਰਾਊਂਡ ਲਈ ਪੂਰੀ ਤਰ੍ਹਾਂ ਵਰਤਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਅਰੁਣਾਚਲ ਪ੍ਰਦੇਸ਼ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੁਝਾਅ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤ ਦੀ ਪਿੱਠ ਪਿੱਛੇ ਚੀਨ ਬਹੁਤ ਕੁੱਝ ਕਰ ਰਿਹਾ ਹੈ ਤੇ ਭਾਰਤ ਦਾ ਇਸ 'ਤੇ ਧਿਆਨ ਨਹੀਂ ਜਾ ਸਕਿਆ ਇਸ ਲਈ ਅੱਗੇ ਤੋਂ ਧਿਆਨ ਰੱਖਣ ਲਈ ਭਾਰਤ ਨੂੰ ਡਰੋਨ ਦੀ ਵਰਤੋਂ ਨੂੰ ਹੋਰ ਤੇਜ਼ ਕਰਨਾ ਚਾਹੀਦਾ ਹੈ। 

ਬੈਠਕ ਵਿਚ ਸੁਝਾਅ ਦਿੱਤਾ ਗਿਆ ਕਿ ਭਾਰਤ ਆਸੀਆਨ , ਕੁਆਡ, ਮਾਲਾਬਰ, ਡੀ-10 ਵਰਗੇ ਗਠਜੋੜ ਸੰਗਠਨਾਂ ਦੀ ਮਦਦ ਇਸ ਲਈ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਹਾਲ ਹੀ ਵਿਚ ਤਾਈਵਾਨ ਨਾਲ ਆਪਣੇ ਵਪਾਰ ਨੂੰ 66 ਮਿਲੀਅਨ ਤੋਂ ਵਧਾ ਕੇ 6 ਬਿਲੀਅਨ ਕਰ ਦਿੱਤਾ ਹੈ। ਸਾਨੂੰ ਤਾਈਵਾਨ ਨਾਲ ਕੂਟਨੀਤਕ ਰਿਸ਼ਤੇ ਹੋਰ ਮਜਬੂਤ ਕਰਨੇ ਚਾਹੀਦੇ ਹਨ। 

ਬੈਠਕ ਵਿਚ ਕਿਹਾ ਗਿਆ ਕਿ ਅਸੀਂ ਫਿਲੀਪੀਨਜ਼, ਇੰਡੋਨੇਸ਼ੀਆ, ਵੀਅਤਨਾਮ ਵਰਗੇ ਦੇਸ਼ਾਂ ਦੀ ਸ਼ਕਤੀ ਨੂੰ ਘੱਟ ਸਮਝ ਰਹੇ ਹਾਂ ਅਤੇ ਸਾਨੂੰ ਇਨ੍ਹਾਂ ਸਭ ਨਾਲ ਮਿਲ ਕੇ ਚੀਨ ਨਾਲ ਟੱਕਰ ਲੈਣ ਲਈ ਇਕੱਠੇ ਹੋਣ ਦੀ ਜ਼ਰੂਰਤ ਹੈ। ਚੀਨ ਦਾ ਵੀਅਤਨਾਮ ਨਾਲ ਵੀ ਸੰਘਰਸ਼ ਚੱਲ ਰਿਹਾ ਹੈ, ਅਜਿਹੇ ਵਿਚ ਭਾਰਤ ਲਈ ਇਹ ਮਦਦਗਾਰ ਹੋ ਸਕਦੇ ਹਨ। ਦੱਖਣੀ ਚੀਨ ਸਾਗਰ ਕਾਰਨ ਚੀਨ ਕਈ ਦੇਸ਼ਾਂ ਨਾਲ ਪੰਗੇ ਲੈ ਰਿਹਾ ਹੈ। ਫਿਲਪੀਨਜ਼ ਨਾਲ ਵੀ ਚੀਨ ਵਧੀਕੀ ਕਰ ਰਿਹਾ ਹੈ। ਚੀਨ ਦੇ ਸ਼ਿੰਜਿਯਾਂਗ ਸੂਬੇ ’ਚ ਉਈਗਰ ਮੁਸਲਿਮਾਂ ’ਤੇ ਹੋ ਰਹੇ ਅੱਤਿਆਚਾਰਾਂ ਕਾਰਨ ਵੀ ਚੀਨ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ। 


author

Lalita Mam

Content Editor

Related News