ਆਬਕਾਰੀ ਨੀਤੀ ਮਾਮਲਾ:  ਅਦਾਲਤ ਨੇ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 10 ਜਨਵਰੀ ਤੱਕ ਵਧਾਈ

Thursday, Dec 21, 2023 - 04:13 PM (IST)

ਨਵੀਂ ਦਿੱਲੀ- ਦਿੱਲੀ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਆਬਕਾਰੀ ਨੀਤੀ ਘਪਲੇ ਮਾਮਲੇ 'ਚ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਨੇਤਾ ਸੰਜੇ ਸਿੰਘ ਦੀ ਨਿਆਂਇਕ ਹਿਰਾਸਤ 10 ਜਨਵਰੀ ਤੱਕ ਵਧਾ ਦਿੱਤੀ ਹੈ। ਵਿਸ਼ੇਸ਼ ਜੱਜ ਐਮ.ਕੇ. ਨਾਗਪਾਲ ਨੇ ਇਫੋਰਸਮੈਂਟ ਡਾਇਰੈਕਟੋਰੇਟ (ਈਡੀ) ਤੋਂ ਰਾਜ ਸਭਾ ਮੈਂਬਰ ਸਿੰਘ ਨੂੰ ਆਪਣੀ 5ਵੀਂ ਪੂਰਕ ਚਾਰਜਸ਼ੀਟ ਅਤੇ ਹੋਰ ਸਬੰਧਤ ਦਸਤਾਵੇਜ਼ਾਂ ਦੀ ਕਾਪੀ ਮੁਹੱਈਆ ਕਰਵਾਉਣ ਲਈ ਵੀ ਕਿਹਾ ਹੈ। ਸਿੰਘ ਨੂੰ ਕਥਿਤ ਘੁਟਾਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਸੁਣਵਾਈ ਦੌਰਾਨ ਈਡੀ ਦੇ ਵਕੀਲ ਨੇ ਸਿੰਘ ਨੂੰ ਇਸਤਗਾਸਾ ਦੀ ਸ਼ਿਕਾਇਤ ਦੇ ਨਾਲ-ਨਾਲ ਇਸਤਗਾਸਾ ਦੀਆਂ ਪਿਛਲੀਆਂ ਸ਼ਿਕਾਇਤਾਂ ਅਤੇ ਕੁਝ ਹੋਰ ਦਸਤਾਵੇਜ਼ ਪ੍ਰਦਾਨ ਕਰਨ ਲਈ ਸਮਾਂ ਮੰਗਿਆ। ਉਨ੍ਹਾਂ ਕਿਹਾ ਕਿ ਇਸਤਗਾਸਾ ਪੱਖ ਦੇ ਗਵਾਹ ਦੀ ਪਛਾਣ ਦਾ ਮਾਮਲਾ ਅਜੇ ਵੀ ਗਵਾਹ ਸੁਰੱਖਿਆ ਕਮੇਟੀ ਕੋਲ ਵਿਚਾਰ ਅਧੀਨ ਹੈ। ਵਕੀਲ ਨੇ ਕਿਹਾ ਕਿ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ 'ਆਪ' ਨੇਤਾ ਨੂੰ ਪੂਰਕ ਸ਼ਿਕਾਇਤ ਦੀ ਈ-ਕਾਪੀ ਪਹਿਲਾਂ ਹੀ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਅਦਾਲਤ ਨੇ ਕਿਹਾ ਕਿ ਇਹ ਨਿਰਦੇਸ਼ ਜਾਂਦਾ ਹੈ ਕਿ 23 ਦਸੰਬਰ ਤੱਕ ਮੁਲਜ਼ਮਾਂ ਦੇ ਵਕੀਲ ਨੂੰ ਦਸਤਾਵੇਜ਼ ਅਤੇ 5ਵੀਂ ਸ਼ਿਕਾਇਤ ਦੀ ਕਾਪੀ ਤੋਂ ਇਲਾਵਾ ਪਿਛਲੀਆਂ ਸਾਰੀਆਂ ਚਾਰਜਸ਼ੀਟਾਂ ਦੀਆਂ ਕਾਪੀਆਂ ਉਪਲਬਧ ਕਰਵਾਈਆਂ ਜਾਣ। ਅਦਾਲਤ ਨੇ ਕਿਹਾ ਕਿ ਇਸ ਨੂੰ 10 ਜਨਵਰੀ ਨੂੰ ਸੂਚੀਬੱਧ ਕਰੋ, ਜਦੋਂ ਮੁੱਖ ਕੇਸ ਦੀ ਸੁਣਵਾਈ ਤੈਅ ਹੈ। ਨਿਆਂਇਕ ਹਿਰਾਸਤ ਦੀ ਮਿਆਦ 10 ਜਨਵਰੀ ਤੱਕ ਵਧਾ ਦਿੱਤੀ ਗਈ ਹੈ।

ਦੱਸ ਦੇਈਏ ਕਿ ਮਨੀ ਲਾਂਡਰਿੰਗ ਵਿਰੋਧੀ ਏਜੰਸੀ ਨੇ ਸਿੰਘ ਨੂੰ 4 ਅਕਤੂਬਰ ਨੂੰ ਗ੍ਰਿਫਤਾਰ ਕੀਤਾ ਸੀ। ਈਡੀ ਨੇ ਸਿੰਘ ਵਿਰੁੱਧ 2 ਦਸੰਬਰ ਨੂੰ ਆਪਣੀ 5ਵੀਂ ਇਸਤਗਾਸਾ ਸ਼ਿਕਾਇਤ ਦਾਇਰ ਕੀਤੀ ਸੀ ਅਤੇ ਅਦਾਲਤ ਨੇ 19 ਦਸੰਬਰ ਨੂੰ ਇਸ ਦਾ ਨੋਟਿਸ ਲਿਆ ਸੀ। 11 ਦਸੰਬਰ ਨੂੰ ਅਦਾਲਤ ਨੇ ਉਸ ਦੀ ਨਿਆਂਇਕ ਹਿਰਾਸਤ 10 ਦਿਨਾਂ ਲਈ ਵਧਾ ਦਿੱਤੀ ਸੀ।
 


Tanu

Content Editor

Related News