CBI ਵਲੋਂ ਪੁੱਛ-ਗਿੱਛ ਲਈ ਬੁਲਾਉਣ ''ਤੇ ਸਿਸੋਦੀਆ ਦਾ ਜਵਾਬ, ਅਜੇ ਮੈਂ ਬਜਟ ''ਚ ਰੁੱਝਿਆ ਹਾਂ

Sunday, Feb 19, 2023 - 02:43 PM (IST)

CBI ਵਲੋਂ ਪੁੱਛ-ਗਿੱਛ ਲਈ ਬੁਲਾਉਣ ''ਤੇ ਸਿਸੋਦੀਆ ਦਾ ਜਵਾਬ, ਅਜੇ ਮੈਂ ਬਜਟ ''ਚ ਰੁੱਝਿਆ ਹਾਂ

ਨਵੀਂ ਦਿੱਲੀ- ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਐਤਵਾਰ ਨੂੰ ਅਪੀਲ ਕੀਤੀ ਕਿ ਸੀ. ਬੀ. ਆਈ. ਨੂੰ ਆਬਕਾਰੀ ਨੀਤੀ ਮਾਮਲੇ 'ਚ ਉਨ੍ਹਾਂ ਤੋਂ ਪੁੱਛ-ਗਿੱਛ ਫਰਵਰੀ ਦੇ ਆਖ਼ਰੀ ਹਫ਼ਤੇ ਤੱਕ ਟਾਲ ਦੇਣੀ ਚਾਹੀਦੀ ਹੈ।  ਕਿਉਂਕਿ ਉਹ ਦਿੱਲੀ ਦੇ ਬਜਟ ਨੂੰ ਅੰਤਿਮ ਰੂਪ ਦੇਣ 'ਚ ਰੁੱਝੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਸੀ. ਬੀ. ਆਈ. ਸਿਸੋਦੀਆ ਦੀ ਬੇਨਤੀ 'ਤੇ ਗੌਰ ਕਰ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਵਿਚ ਦੋਸ਼ ਪੱਤਰ ਦਾਖ਼ਲ ਕੀਤੇ ਜਾਣ ਦੇ ਕਰੀਬ 3 ਮਹੀਨੇ ਬਾਅਦ ਸਿਸੋਦੀਆ ਨੂੰ ਐਤਵਾਰ ਨੂੰ ਪੁੱਛ-ਗਿੱਛ ਲਈ ਬੁਲਾਇਆ ਗਿਆ ਸੀ।

ਦਿੱਲੀ ਸਰਕਾਰ ਦੇ ਵਿੱਤ ਵਿਭਾਗ ਦਾ ਚਾਰਜ ਸੰਭਾਲਣ ਵਾਲੇ ਸਿਸੋਦੀਆ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਸੀ. ਬੀ. ਆਈ ਨੂੰ ਪੱਤਰ ਲਿਖਿਆ ਹੈ ਅਤੇ ਫਰਵਰੀ ਦੇ ਆਖਰੀ ਹਫ਼ਤੇ ਤੱਕ ਦਾ ਸਮਾਂ ਮੰਗਿਆ ਹੈ ਕਿਉਂਕਿ ਮੈਂ ਦਿੱਲੀ ਦੇ ਬਜਟ ਨੂੰ ਅੰਤਿਮ ਰੂਪ ਦੇ ਰਿਹਾ ਹਾਂ ਅਤੇ ਇਹ ਇਕ ਮਹੱਤਵਪੂਰਨ ਸਮਾਂ ਹੈ। ਮੈਂ ਉਨ੍ਹਾਂ ਨੂੰ ਕਿਹਾ ਹੈ ਕਿ ਮੈਂ ਫਰਵਰੀ ਦੇ ਆਖਰੀ ਹਫਤੇ ਤੋਂ ਬਾਅਦ ਆਵਾਂਗਾ। ਸਿਸੋਦੀਆ ਨੇ ਅੱਗੇ ਕਿਹਾ ਕਿ ਵਿੱਤ ਮੰਤਰੀ ਹੋਣ ਦੇ ਨਾਤੇ ਬਜਟ ਨੂੰ ਸਮੇਂ ਸਿਰ ਪੇਸ਼ ਕਰਨਾ ਮੇਰਾ ਫਰਜ਼ ਹੈ ਅਤੇ ਮੈਂ ਇਸ ਲਈ ਦਿਨ-ਰਾਤ ਕੰਮ ਕਰ ਰਿਹਾ ਹਾਂ। ਮੈਂ ਸੀ.ਬੀ.ਆਈ. ਨੂੰ ਫਰਵਰੀ ਦੇ ਅਖੀਰਲੇ ਹਫ਼ਤੇ ਮਗਰੋਂ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਬੇਨਤੀ ਕੀਤੀ ਹੈ। 

ਦੱਸ ਦੇਈਏ ਕਿ ਸਿਸੋਦੀਆ ਤੋਂ ਇਸ ਤੋਂ ਪਹਿਲਾਂ ਪਿਛਲੇ ਸਾਲ 17 ਅਕਤੂਬਰ ਨੂੰ ਵੀ ਇਸ ਮਾਮਲੇ ਵਿਚ ਪੁੱਛ-ਗਿੱਛ ਕੀਤੀ ਗਈ ਸੀ ਅਤੇ ਉਨ੍ਹਾਂ ਦੇ ਘਰ ਤੇ ਬੈਂਕ ਲਾਕਰ ਦੀ ਤਲਾਸ਼ੀ ਲਈ ਸੀ। ਆਮ ਆਦਮੀ ਪਾਰਟੀ (ਆਪ) ਦੇ ਆਗੂ ਸਿਸੋਦੀਆ ਨੂੰ ਚਾਰਜਸ਼ੀਟ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਅਤੇ ਹੋਰ ਸ਼ੱਕੀਆਂ ਖ਼ਿਲਾਫ਼ ਜਾਂਚ ਅਜੇ ਜਾਰੀ ਹੈ।
 


author

Tanu

Content Editor

Related News