ਹਰਿਆਣਾ ਦੇ ਸਾਬਕਾ ਵਿਧਾਇਕ ਦਾ ਗੋਲ਼ੀਆਂ ਮਾਰ ਕੇ ਕੀਤਾ ਕਤਲ, 1 ਸੁਰੱਖਿਆ ਕਰਮਚਾਰੀ ਦੀ ਵੀ ਹੋਈ ਮੌਤ
Monday, Feb 26, 2024 - 04:36 AM (IST)
ਬਹਾਦਰਗੜ੍ਹ (ਪ੍ਰਵੀਨ ਭਾਰਦਵਾਜ)- ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਹਰਿਆਣਾ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨਫੇ ਸਿੰਘ ਰਾਠੀ ਅਤੇ ਉਨ੍ਹਾਂ ਦੇ ਇਕ ਵਰਕਰ ਦੀ ਇਕ ਕਾਰ ’ਚ ਆਏ 4-5 ਹਮਲਾਵਰਾਂ ਨੇ ਐਤਵਾਰ ਸ਼ਾਮ ਇੱਥੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਘਟਨਾ ਦੌਰਾਨ ਰਾਠੀ ਦਾ ਡਰਾਈਵਰ ਅਤੇ ਗੰਨਮੈਨ ਵੀ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸ਼ਹਿਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਰਾਤ ਦੇਰ ਗਏ ਤਕ ਨਾਜ਼ੁਕ ਬਣੀ ਹੋਈ ਸੀ। ਮ੍ਰਿਤਕ ਵਰਕਰ ਦੀ ਪਛਾਣ ਜੈਕਿਸ਼ਨ ਦਲਾਲ ਵਜੋਂ ਹੋਈ ਹੈ।
ਨਫੇ ਸਿੰਘ ਰਾਠੀ ਦੀ ਕਾਰ ’ਤੇ ਅੰਨ੍ਹੇਵਾਹ ਫਾਇਰਿੰਗ ਦੀ ਸੂਚਨਾ ਮਿਲਦਿਆਂ ਹੀ ਪਰਿਵਾਰਕ ਮੈਂਬਰਾਂ ਦੇ ਨਾਲ ਹੀ ਸਮਰਥਕ ਅਤੇ ਸ਼ਹਿਰ ਦੇ ਕਈ ਲੋਕ ਨਿੱਜੀ ਹਸਪਤਾਲ ਪਹੁੰਚ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. ਤੇ ਹੋਰ ਪੁਲਸ ਅਧਿਕਾਰੀ ਵੀ ਹਸਪਤਾਲ ਪਹੁੰਚੇ। ਮੌਕੇ ਤੋਂ 18 ਗੋਲੀਆਂ ਦੇ ਖੋਲ ਮਿਲੇ ਹਨ। ਪੁਲਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਕਿ ਇਹ ਵਾਰਦਾਤ ਕਿਸੇ ਗੈਂਗ ਨਾਲ ਜੁੜੇ ਲੋਕਾਂ ਨੇ ਕੀਤੀ ਜਾਂ ਹੋਰ ਬਦਮਾਸ਼ਾਂ ਨੇ।
ਜਾਣਕਾਰੀ ਅਨੁਸਾਰ ਨਫੇ ਸਿੰਘ ਰਾਠੀ ਐਤਵਾਰ ਸ਼ਾਮ ਆਪਣੀ ਫਾਰਚੂਨਰ ਕਾਰ ’ਚ ਪਿੰਡ ਬਰਾਹੀ ਤੋਂ ਬਹਾਦਰਗੜ੍ਹ ਆ ਰਹੇ ਸਨ। ਜੈਕਿਸ਼ਨ ਦਲਾਲ, ਡਰਾਈਵਰ ਸੰਜੇ ਅਤੇ ਗੰਨਮੈਨ ਸੰਜੀਤ ਉਨ੍ਹਾਂ ਦੀ ਕਾਰ ’ਚ ਸਨ। ਜਦੋਂ ਉਹ ਬਰਾਹੀ ਗੇਟ ਕੋਲ ਪਹੁੰਚੇ ਤਾਂ ਗੇਟ ਬੰਦ ਸੀ। ਇਸ ’ਤੇ ਉਨ੍ਹਾਂ ਦੀ ਕਾਰ ਗੇਟ ਕੋਲ ਰੁਕ ਗਈ। ਇਸੇ ਦੌਰਾਨ ਇੱਕ ਕਾਰ ਵਿੱਚ ਆਏ 4/5 ਨੌਜਵਾਨਾਂ ਨੇ ਰਾਠੀ ਦੀ ਕਾਰ ’ਤੇ ਅੰਨ੍ਹੇਵਾਹ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਕਾਰ ਦੀ ਅਗਲੀ ਸੀਟ ’ਤੇ ਬੈਠੇ ਰਾਠੀ ਅਤੇ ਪਿੱਛੇ ਬੈਠੇ ਜੈਕਿਸ਼ਨ ਦਲਾਲ ਨੂੰ ਕਈ ਗੋਲੀਆਂ ਲੱਗੀਆਂ। ਡਰਾਈਵਰ ਸੰਜੇ ਤੇ ਗੰਨਮੈਨ ਸੰਜੀਤ ਨੂੰ ਵੀ ਗੋਲੀਆਂ ਲੱਗੀਆਂ। ਗੋਲੀਆਂ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕ ਡਰ ਗਏ। ਵਾਰਦਾਤ ਨੂੰ ਅੰਜਾਮ ਦੇਣ ਪਿੱਛੋਂ ਹਮਲਾਵਰ ਫਰਾਰ ਹੋ ਗਏ। ਜ਼ਖਮੀ ਹੋਏ ਸਾਰੇ ਵਿਅਕਤੀਆਂ ਨੂੰ ਤੁਰੰਤ ਇਲਾਜ ਲਈ ਨਿੱਜੀ ਹਸਪਤਾਲ ਲਿਆਂਦਾ ਗਿਆ ਜਿੱਥੇ ਨਫੇ ਸਿੰਘ ਰਾਠੀ ਅਤੇ ਜੈਕਿਸ਼ਨ ਦਲਾਲ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e