EVM ਹੈੱਕ: ਚੋਣ ਕਮਿਸ਼ਨ ਨੇ ਹੈੱਕਰ ਦੇ ਖਿਲਾਫ ਦਰਜ ਕਰਵਾਈ FIR

Tuesday, Jan 22, 2019 - 05:51 PM (IST)

EVM ਹੈੱਕ: ਚੋਣ ਕਮਿਸ਼ਨ ਨੇ ਹੈੱਕਰ ਦੇ ਖਿਲਾਫ ਦਰਜ ਕਰਵਾਈ FIR

ਨਵੀਂ ਦਿੱਲੀ— ਈ.ਵੀ.ਐੱਮ. 'ਤੇ ਪੈਦਾ ਹੋਏ ਵਿਵਾਦ ਨੂੰ ਵਧਦਾ ਦੇਖ ਹੁਣ ਚੋਣ ਕਮਿਸ਼ਨ (ਈ.ਸੀ.ਆਈ.) ਨੇ ਦਿੱਲੀ ਪੁਲਸ ਨੂੰ ਪੱਤਰ ਲਿਖਿਆ ਹੈ। ਕਮਿਸ਼ਨ ਨੇ ਆਪਣੇ ਪੱਤਰ 'ਚ ਇਸ ਪੂਰੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰ ਕੇ ਮਾਮਲੇ ਦੀ ਜਾਂਚ ਕਰਨ ਦੀ ਮੰਗ ਕੀਤੀ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਲੰਡਨ 'ਚ ਹੋਏ ਪ੍ਰੋਗਰਾਮ 'ਚ ਸਈਅਦ ਸ਼ੁਜਾ ਵੱਲੋਂ ਕੀਤੇ ਗਏ ਦਾਅਵਿਆਂ ਦੀ ਜਾਂਚ ਕੀਤੀ ਜਾਵੇ। ਸ਼ੁਜਾ ਨੇ ਦਾਅਵਾ ਕੀਤਾ ਸੀ ਕਿ ਭਾਰਤ 'ਚ ਇਸਤੇਮਾਲ ਹੋਣ ਵਾਲੇ ਈ.ਵੀ.ਐੱਮ. ਹੈੱਕ ਕੀਤੇ ਜਾ ਸਕਦੇ ਹਨ।

ਚੋਣ ਕਮਿਸ਼ਨ ਨੇ ਆਪਣੇ ਪੱਤਰ 'ਚ ਕਿਹਾ ਕਿ ਕੁਝ ਮੀਡੀਆ ਰਿਪੋਰਟਸ ਰਾਹੀਂ ਕਮਿਸ਼ਨ ਦੇ ਨੋਟਿਸ 'ਚ ਇਹ ਗੱਲ ਆਈ ਹੈ ਕਿ ਸਈਅਦ ਸ਼ੁਜਾ ਨੇ ਦਾਅਵਾ ਕੀਤਾ ਹੈ ਕਿ ਉਹ ਈ.ਵੀ.ਐੱਮ. ਡਿਜ਼ਾਈਨ ਟੀਮ ਦੇ ਮੈਂਬਰ ਸਨ ਅਤੇ ਉਹ ਭਾਰਤ 'ਚ ਇਸਤੇਮਾਲ ਹੋ ਰਹੀ ਈ.ਵੀ.ਐੱਮ. ਨੂੰ ਹੈੱਕ ਕਰ ਸਕਦੇ ਹਨ। ਚੋਣ ਕਮਿਸ਼ਨ ਨੇ ਦਿੱਲੀ ਪੁਲਸ ਨੂੰ ਪੂਰੇ ਮਾਮਲੇ ਦੀ ਜਾਂਚ ਕਰਨ ਨੂੰ ਕਿਹਾ ਹੈ। ਸਾਈਬਰ ਐਕਸਪਰਟ ਵਲੋਂ ਕੀਤੇ ਗਏ ਦਾਅਵਿਆਂ ਤੋਂ ਬਾਅਦ ਭਾਜਪਾ ਅਤੇ ਕਾਂਗਰਸ 'ਚ ਵੀ ਜ਼ੁਬਾਨੀ ਜੰਗ ਛਿੜ ਗਈ ਹੈ। ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਰਵੀਸ਼ੰਕਰ ਪ੍ਰਸਾਦ ਨੇ ਦੋਸ਼ ਲਗਾਇਆ ਕਿ ਰਾਹੁਲ ਚੋਣ ਹਾਰਨ ਦੇ ਡਰ ਕਾਰਨ ਇਹ ਕੁਝ ਕਰਵਾ ਰਹੇ ਹਨ। ਉਨ੍ਹਾਂ ਨੇ ਕਿਹਾ,''2019 ਦੀਆਂ ਚੋਣਾਂ 'ਚ ਕਾਂਗਰਸ ਹਾਰਨ ਦਾ ਬਹਾਨਾ ਹੁਣ ਤੋਂ ਲੱਭ ਰਹੀ ਹੈ। ਰਾਹੁਲ ਜੀ ਹੋਮਵਰਕ ਨਹੀਂ ਕਰਦੇ ਹਨ ਅਤੇ ਉਨ੍ਹਾਂ ਦੀ ਪੂਰੀ ਟੀਮ ਵੀ ਹੋਮਵਰਕ ਨਹੀਂ ਕਰਦੀ ਹੈ, ਇਹ ਵੀ ਹੁਣ ਪਤਾ ਲੱਗ ਗਿਆ ਹੈ।

ਭਾਜਪਾ ਨੇ ਕਿਹਾ ਕਿ ਹੈਕਥਾਨ 'ਚ ਦੱਸਿਆ ਗਿਆ ਕਿ ਸ਼ੁਜਾ ਵੱਡੇ ਹੈੱਕਰ ਹਨ। ਅਚਾਨਕ ਉਹ ਕਿੱਥੋਂ ਪ੍ਰਗਟ ਹੋ ਗਏ। ਕਿਹਾ ਗਿਆ ਸੀ ਕਿ ਈ.ਵੀ.ਐੱਮ. ਨੂੰ ਹੈੱਕ ਕਰਦੇ ਹੋਏ ਦਿਖਾਇਆ ਜਾਵੇਗਾ ਪਰ ਉਹ ਅਮਰੀਕਾ ਤੋਂ ਪ੍ਰਗਟ ਹੁੰਦੇ ਹਨ। ਚਿਹਰਾ ਢੱਕੇ ਰਹਿੰਦੇ ਹਨ। ਉਨ੍ਹਾਂ ਨੇ ਉੱਥੇ ਸਿਰਫ ਬਕਵਾਸ ਕੀਤੀ।'' ਉਨ੍ਹਾਂ ਨੇ ਕਿਹਾ ਕਿ ਸ਼ੁਜਾ ਨੇ ਆਪਣੇ ਦਾਅਵੇ 'ਚ ਕੋਈ ਸਬੂਤ ਪੇਸ਼ ਨਹੀਂ ਕੀਤੇ। ਜ਼ਿਕਰਯੋਗ ਹੈ ਕਿ ਇਕ ਅਮਰੀਕੀ ਸਾਈਬਰ ਐਕਸਪਰਟ ਦਾ ਦਾਅਵਾ ਹੈ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਹੈੱਕ ਕੀਤਾ ਜਾ ਸਕਦਾ ਹੈ। ਲੰਡਨ 'ਚ ਹੋਈ ਹੈਕਥਾਨ 'ਚ ਇਸ ਸਾਈਬਰ ਐਕਸਪਰਟ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਨੇ ਗੋਪੀਨਾਥ ਮੁੰਡੇ ਦੀ 2014 'ਚ ਹੱਤਿਆ ਕੀਤੀ ਗਈ ਸੀ। ਐਕਸਪਰਟ ਸਈਅਦ ਸ਼ੁਜਾ ਦਾ ਕਹਿਣਾ ਹੈ ਕਿ ਮੁੰਡੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਨੂੰ ਹੈੱਕ ਕਰਨ ਬਾਰੇ ਜਾਣਕਾਰੀ ਰੱਖਦੇ ਹਨ। ਇਸ ਹੈਕਥਾਨ 'ਚ ਕਾਂਗਰਸ ਨੇਤਾ ਕਪਿਲ ਸਿੱਬਲ ਵੀ ਮੌਜੂਦ ਸਨ। ਉੱਥੇ ਹੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਕਿਹਾ ਕਿ ਭਾਰਤ 'ਚ ਇਸਤੇਮਾਲ ਕੀਤੀ ਜਾਣ ਵਾਲੀ ਮਸ਼ੀਨ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉੱਥੇ ਹੀ ਦੂਜੇ ਪਾਸੇ ਮਹਾਰਾਸ਼ਟਰ ਦੇ ਵਿੱਤ ਮੰਤਰੀ ਅਤੇ ਭਾਜਪਾ ਨੇਤਾ ਸੁਧੀਰ ਮੁਨਗੰਟੀਵਾਰ ਨੇ ਵੀ ਸਾਈਬਰ ਮਾਹਰ ਸਈਅਦ ਸ਼ੁਜਾ ਦੇ ਖਿਲਾਫ ਜਾਂਚ ਦੀ ਮੰਗ ਕੀਤੀ ਹੈ।


author

DIsha

Content Editor

Related News