ਧਾਰਮਿਕ ਨਫ਼ਰਤ ਨਾਲ ਮੁਕਾਬਲਾ ਕਰਨ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਪਵੇਗਾ : ਡੋਭਾਲ
Sunday, Jul 31, 2022 - 12:10 PM (IST)
ਨਵੀਂ ਦਿੱਲੀ (ਭਾਸ਼ਾ)- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ. ਐੱਸ. ਏ.) ਅਜੀਤ ਡੋਭਾਲ ਨੇ ਸ਼ਨੀਵਾਰ ਨੂੰ ਕਿਹਾ ਕਿ ਕੁਝ ਲੋਕ ਧਰਮ ਅਤੇ ਵਿਚਾਰਧਾਰਾ ਦੇ ਨਾਂ ’ਤੇ ਦੁਸ਼ਮਣੀ ਪੈਦਾ ਕਰਦੇ ਹਨ, ਜੋ ਕਿ ਪੂਰੇ ਦੇਸ਼ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਦਾ ਮੁਕਾਬਲਾ ਕਰਨ ਲਈ ਧਰਮ ਗੁਰੂਆਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਗਲਤਫਹਿਮੀਆਂ ਨੂੰ ਦੂਰ ਕਰਨ ਅਤੇ ਹਰ ਧਾਰਮਿਕ ਸੰਸਥਾ ਨੂੰ ਭਾਰਤ ਦਾ ਹਿੱਸਾ ਬਣਾਉਣ ਲਈ ਯਤਨ ਕਰਨ ਦੀ ਜ਼ਰੂਰਤ ਹੈ। ਡੋਭਾਲ ਨੇ ਇਥੇ ‘ਕਾਂਸਟੀਚਿਊਸ਼ਨ ਕਲੱਬ’ ’ਚ ਆਲ ਇੰਡੀਆ ਸੂਫੀ ਸਜਦਾਨਸ਼ੀਨ ਕੌਂਸਲ (ਏ. ਆਈ. ਐੱਸ. ਐੱਸ. ਸੀ.) ਵੱਲੋਂ ਆਯੋਜਿਤ ਇਕ ਅੰਤਰ-ਧਾਰਮਿਕ ਸੰਮੇਲਨ ’ਚ ਵੱਖ-ਵੱਖ ਧਰਮਾਂ ਦੇ ਧਾਰਮਿਕ ਨੇਤਾਵਾਂ ਦੀ ਹਾਜ਼ਰੀ ’ਚ ਇਹ ਟਿੱਪਣੀ ਕੀਤੀ।
ਡੋਭਾਲ ਨੇ ਸੰਮੇਲਨ ’ਚ ਕਿਹਾ,‘‘ਕੁਝ ਲੋਕ ਧਰਮ ਦੇ ਨਾਂ ’ਤੇ ਨਫਰਤ ਪੈਦਾ ਕਰਦੇ ਹਨ, ਜਿਸ ਦਾ ਪੂਰੇ ਦੇਸ਼ ’ਤੇ ਬੁਰਾ ਅਸਰ ਪੈਂਦਾ ਹੈ। ਅਸੀਂ ਇਸ ’ਤੇ ਚੁੱਪ ਕਰ ਕੇ ਨਹੀਂ ਬੈਠ ਸਕਦੇ। ਧਾਰਮਿਕ ਦੁਸ਼ਮਣੀ ਦਾ ਮੁਕਾਬਲਾ ਕਰਨ ਲਈ ਸਾਨੂੰ ਮਿਲ ਕੇ ਕੰਮ ਕਰਨਾ ਹੋਵੇਗਾ ਅਤੇ ਹਰ ਧਾਰਮਿਕ ਸੰਸਥਾ ਨੂੰ ਭਾਰਤ ਦਾ ਹਿੱਸਾ ਬਣਾਉਣਾ ਹੋਵੇਗਾ। ਇਸ ’ਚ ਅਸੀਂ ਕਾਮਯਾਬ ਹੋਵਾਂਗੇ ਜਾਂ ਅਸਫਲ।” ਏ. ਆਈ. ਐੱਸ. ਐੱਸ. ਸੀ. ਦੀ ਅਗਵਾਈ ਹੇਠ ਆਯੋਜਿਤ ਸੰਮੇਲਨ ’ਚ ਧਾਰਮਿਕ ਨੇਤਾਵਾਂ ਨੇ 'ਪਾਪੁਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਵਰਗੇ ਸੰਗਠਨਾਂ ਅਤੇ ਅਜਿਹੇ ਹੋਰ ਮੋਰਚਿਆਂ' ’ਤੇ ਪਾਬੰਦੀ ਲਗਾਉਣ ਦਾ ਇਕ ਮਤਾ ਪਾਸ ਕੀਤਾ ਜੋ 'ਰਾਸ਼ਟਰ ਵਿਰੋਧੀ' ਗਤੀਵਿਧੀਆਂ ’ਚ ਸ਼ਾਮਲ ਰਹੇ ਹਨ।