ਦਿੱਲੀ ਨਗਰ ਨਿਗਮ ਦਾ ਟੈਕਸ ਕਲੈਕਸ਼ਨ ਵਧਿਆ, ਕੇਜਰੀਵਾਲ ਨੇ ਭਾਜਪਾ ''ਤੇ ਵਿੰਨ੍ਹਿਆ ਨਿਸ਼ਾਨਾ
Monday, Jul 03, 2023 - 02:47 PM (IST)
ਨਵੀਂ ਦਿੱਲੀ (ਵਾਰਤਾ)- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹੁਣ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਬਣਨ ਤੋਂ ਬਾਅਦ ਲੋਕ ਖ਼ੁਦ ਹੀ ਅੱਗੇ ਵਧ ਕੇ ਟੈਕਸ ਦੇਣ ਲੱਗੇ ਹਨ, ਕਿਉਂਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਉਨ੍ਹਾਂ ਦਿੱਤਾ ਪਾਈ-ਪਾਈ ਲੋਕਾਂ ਦੇ ਵਿਕਾਸ 'ਤੇ ਖਰਚ ਹੋਵੇਗਾ। ਕੇਜਰੀਵਾਲ ਨੇ ਟਵੀਟ ਕਰ ਕੇ ਸੋਮਵਾਰ ਨੂੰ ਕਿਹਾ,''ਪਹਿਲੇ ਭਾਜਪਾ ਦੇ ਸਮੇਂ ਲੋਕ ਟੈਕਸ ਨਹੀਂ ਦਿੰਦੇ ਸਨ। ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦਾ ਦਿੱਤਾ ਹੋਇਆ ਟੈਕਸ ਚੋਰੀ ਹੋ ਜਾਵੇਗਾ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਲੋਕ ਖ਼ੁਦ ਹੀ ਅੱਗੇ ਵਧ ਕੇ ਟੈਕਸ ਦੇਣ ਲੱਗੇ ਹਨ। ਉਨ੍ਹਾਂ ਨੂੰ ਭਰੋਸਾ ਹੈ ਕਿ ਹੁਣ ਈਮਾਨਦਾਰ ਸਰਕਾਰ ਹੈ ਅਤੇ ਉਨ੍ਹਾਂ ਦਾ ਦਿੱਤਾ ਪਾਈ-ਪਾਈ ਲੋਕਾਂ ਦੇ ਵਿਕਾਸ 'ਤੇ ਖਰਚ ਹੋਵੇਗਾ।''
ਦਿੱਲੀ ਨਗਰ ਨਿਗਮ ਦੀ ਮੇਅਰ ਸ਼ੈਲੀ ਓਬਰਾਏ ਨੇ ਕਿਹਾ,''ਕੇਜਰੀਵਾਲ ਦੇ ਵਿਜਨ ਨਾਲ ਲੋਕਾਂ ਦਾ ਨਿਗਮ 'ਚ ਵਿਸ਼ਵਾਸ ਵਧਿਆ ਹੈ, ਜੋ ਅੰਕੜਿਆਂ 'ਚ ਦਿੱਸ ਰਿਹਾ ਹੈ। ਪਹਿਲੇ ਟੈਕਸ ਨੇਤਾਵਾਂ ਦੇ ਕੋਠੀ ਬੰਗਲੇ ਗੱਡੀ ਬਣਾਉਣ 'ਚ ਵਹਿ ਜਾਂਦਾ ਸੀ। ਹੁਣ ਨਿਗਮ 'ਚ ਈਮਾਨਦਾਰ ਸਰਕਾਰ ਹੈ। ਪਾਰਕ, ਨਾਲੀਆਂ, ਸੜਕਾਂ ਬਣਾਵਾਂਗੇ, ਸਿੱਖਿਆ ਸਿਹਤ ਸੇਵਾਵਾਂ ਠੀਕ ਕਰਾਂਗੇ ਅਤੇ ਕਰਮਚਾਰੀਆਂ ਦੀਆਂ ਸਮੱਸਿਆਵਾਂ ਖ਼ਤਮ ਕਰਾਂਗੇ।'' ਮੇਅਰ ਨੇ ਕਿਹਾ ਕਿ ਇਸ ਸਾਲ ਅਪ੍ਰੈਲ ਤੋਂ ਜੂਨ ਦੀ ਪਹਿਲੀ ਤਿਮਾਹੀ 'ਚ ਪ੍ਰਾਪਰਟੀ ਟੈਕਸ ਕਲੈਕਸ਼ਨ 1113 ਕਰੋੜ ਰੁਪਏ ਰਿਹਾ, ਜਦੋਂ ਕਿ 2022-23 (ਪਹਿਲੀ ਤਿਮਾਹੀ) 'ਚ 695 ਕਰੋੜ ਰੁਪਏ ਸੀ। 2021-22 (ਪਹਿਲੀ ਤਿਮਾਹੀ) 'ਚ 540 ਕਰੋੜ ਸੀ।