ਬੁਲੰਦ ਹੌਂਸਲੇ : ਕੋਰੋਨਾ ਤੋਂ ਠੀਕ ਹੋਣ ਦੇ 7 ਹਫ਼ਤਿਆਂ ਅੰਦਰ ਹੀ ਐਵਰੈਸਟ ਕੀਤਾ ਫਤਿਹ
Sunday, Jul 11, 2021 - 04:57 PM (IST)
ਨਵੀਂ ਦਿੱਲੀ- ਭਾਰਤੀ ਤਕਨਾਲੋਜੀ ਸੰਸਥਾ (ਆਈ.ਆਈ.ਟੀ.) ਦਿੱਲੀ ਦੇ ਸਾਬਕਾ ਵਿਦਿਆਰਥੀ ਨੀਰਜ ਚੌਧਰੀ ਜਿਸ ਦਿਨ ਕਾਠਮਾਂਡੂ ਤੋਂ ਮਾਊਂਟ ਐਵਰੈਸਟ ਦੀ ਚੜ੍ਹਾਈ ਸ਼ੁਰੂ ਕਰਨ ਵਾਲੇ ਸਨ, ਉਸੇ ਦਿਨ ਉਨ੍ਹਾਂ ਦੀ ਜਾਂਚ ਚ ਕੋਰੋਨਾ ਸੰਕਰਮਣ ਦੀ ਪੁਸ਼ਟੀ ਹੋਈ ਸੀ। ਸਿਹਤਮੰਦ ਹੋਣ ਦੇ ਸਿਰਫ਼ 7 ਹਫ਼ਤਿਆਂ ਅੰਦਰ ਹੀ ਉਹ ਆਧਾਰ ਕੰਪਲੈਕਸ 'ਤੇ ਪਰਤੇ ਅਤੇ ਐਵਰੈਸਟ ਦੇ ਸਿਖ਼ਰ 'ਤੇ ਰਾਸ਼ਟਰੀ ਝੰਡੇ ਨਾਲ ਆਈ.ਆਈ.ਟੀ. ਦਾ ਝੰਡਾ ਲਹਿਰਾਉਣ 'ਚ ਵੀ ਕਾਮਯਾਬ ਹੋਏ। ਦੇਸ਼ ਜਦੋਂ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ, ਰਾਜਸਥਾਨ 'ਚ ਚੌਧਰੀ (37) ਦੇ ਪਰਿਵਾਰ ਵਾਲੇ ਉਨ੍ਹਾਂ ਦੀ ਸਿਹਤ ਦੀ ਚਿੰਤਾ 'ਚ ਫ਼ੋਨ ਕਾਲ ਦਾ ਇੰਤਜ਼ਾਰ ਕਰ ਰਹੇ ਸਨ। ਚੌਧਰੀ ਨੇ 2009-11 ਦੌਰਾਨ ਆਈ.ਆਈ.ਟੀ. ਦਿੱਲੀ ਤੋਂ ਵਾਤਾਵਰਣ ਵਿਗਿਆਨ ਅਤੇ ਪ੍ਰਬੰਧਨ 'ਚ ਐਮਟੇਕ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਮੌਜੂਦਾ ਸਮੇਂ ਉਹ ਰਾਜਸਥਾਨ ਸਰਕਾਰ ਦੇ ਜਲ ਸਰੋਤ ਵਿਭਾਗ 'ਚ ਤਾਇਨਾਤ ਹਨ।
ਚੌਧਰੀ ਨੇ ਦੱਸਿਆ ਕਿ ਇਸ ਸਾਲ ਉਹ ਆਪਣੀ ਟੀਮ ਨਾਲ ਕਾਠਮਾਂਡੂ ਪਹੁੰਚੇ। ਉਨ੍ਹਾਂ ਕਿਹਾ,''ਮੇਰੀ ਜਾਂਚ 'ਚ ਕੋਰੋਨਾ ਦੀ ਪੁਸ਼ਟੀ ਹੋਈ ਅਤੇ ਮੈਨੂੰ ਜੈਪੁਰ ਸਥਿਤ ਆਪਣੇ ਘਰ ਵਾਪਸ ਆਉਣਾ ਪਿਆ। ਮੈਨੂੰ ਕੁਝ ਦਿਨਾਂ ਤੋਂ ਥਕਾਣ ਮਹਿਸੂਸ ਹੋ ਰਹੀ ਸੀ ਪਰ ਕੋਈ ਹੋਰ ਲੱਛਣ ਨਹੀਂ ਸੀ।'' ਉਨ੍ਹਾਂ ਕਿਹਾ,''ਉਸ ਸਮੇਂ ਵੀ, ਮੈਂ ਕੋਰੋਨਾ ਬਾਰੇ ਨਹੀਂ ਸੋਚ ਰਿਹਾ ਸੀ। ਮੈਂ ਇਹੀ ਸੋਚ ਰਿਹਾ ਸੀ ਕਿ ਮੈਂ ਉੱਥੇ ਪਹੁੰਚਣ ਲਈ ਕਿੰਨੀ ਕੋਸ਼ਿਸ਼ ਕੀਤੀ ਹੈ ਅਤੇ ਉਸ ਨੂੰ ਪੂਰਾ ਕਰਨ ਲਈ ਮੇਰੇ ਕੋਲ ਇਹੀ ਮੌਕਾ ਸੀ। ਮੈਨੂੰ ਲੱਗਦਾ ਹੈ ਕਿ ਦੂਜਾ ਮੌਕਾ ਜਲਦੀ ਨਹੀਂ ਮਿਲਣ ਦੇ ਉਤਸ਼ਾਹ ਨਾਲ ਹੀ ਮੈਨੂੰ ਆਪਣੇ ਸਰੀਰ ਨੂੰ ਤਿਆਰ ਕਰਨ ਦੀ ਪ੍ਰੇਰਨਾ ਮਿਲੀ।'' ਚੌਧਰੀ ਦੀ ਜਾਂਚ 'ਚ 27 ਮਾਰਚ ਨੂੰ ਸੰਕਰਮਣ ਦੀ ਪੁਸ਼ਟੀ ਹੋਈ ਪਰ ਉਹ ਅਪ੍ਰੈਲ 'ਚ ਕਾਠਮਾਂਡੂ ਪਰਤ ਆਏ ਸਨ ਅਤੇ 31 ਮਈ ਨੂੰ ਉਨ੍ਹਾਂ ਨੇ ਐਵਰੈਸਟ ਦੀ ਚੋਟੀ ਫਤਿਹ ਕਰ ਲਈ ਸੀ। ਚੌਧਰੀ, ਆਪਣੇ ਕਰੀਅਰ ਨਿਰਮਾਣ ਲਈ ਆਈ.ਆਈ.ਟੀ. ਦਿੱਲੀ ਨੂੰ ਧੰਨਵਾਦ ਦੇਣ ਅਤੇ ਪਰਬਤ ਦੀ ਚੜ੍ਹਾਈ ਮੁਹਿੰਮ ਲਈ 24 ਲੱਖ ਰੁਪਏ ਦਾ ਚੰਦਾ ਇਕੱਠਾ ਕਰਨ 'ਚ ਮਦਦ ਕਰਨ ਲਈ ਸੰਸਥਾ ਦੇ ਸਾਬਕਾ ਵਿਦਿਆਰਥੀ ਸੰਘ ਦੇ ਪ੍ਰਤੀ ਆਭਾਰ ਪ੍ਰਗਟ ਕਰਨ ਲਈ ਆਪਣੇ ਨਾਲ ਆਈ.ਆਈ.ਟੀ. ਦਾ ਝੰਡਾ ਲੈ ਕੇ ਗਏ ਸਨ। ਚੌਧਰੀ ਦੀ ਉਪਲੱਬਧੀ ਲਈ ਉਨ੍ਹਾਂ ਨੂੰ ਸਨਮਾਨਤ ਕਰਨ ਵਾਸਤੇ ਸ਼ੁੱਕਰਵਾਰ ਨੂੰ ਆਈ.ਆਈ.ਟੀ. ਦਿੱਲੀ 'ਚ ਇਕ ਸਮਾਰੋਹ ਦਾ ਆਯੋਜਨ ਕੀਤਾ ਸੀ।