ਗਰੀਬਾਂ ਤੋਂ ਸੁਪਨਾ ਦੇਖਣ ਦਾ ਹੱਕ ਵੀ ਖੋਹ ਲਿਆ ਗਿਆ : ਰਾਹੁਲ
Friday, Jun 27, 2025 - 12:08 AM (IST)

ਨਵੀਂ ਦਿੱਲੀ -ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੁੰਬਈ ਵਿਚ ਘਰਾਂ ਦੀਆਂ ਵਧਦੀਆਂ ਕੀਮਤਾਂ ਬਾਰੇ ਖ਼ਬਰਾਂ ਦਾ ਹਵਾਲਾ ਦਿੰਦੇ ਹੋਏ ਵੀਰਵਾਰ ਨੂੰ ਦਾਅਵਾ ਕੀਤਾ ਕਿ ਹੁਣ ਗਰੀਬਾਂ ਤੋਂ ਸੁਪਨਾ ਦੇਖਣ ਦਾ ਹੱਕ ਵੀ ਖੋਹ ਲਿਆ ਗਿਆ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇੇ ਆਪਣੇ ਵ੍ਹਟਸਐਪ ਚੈਨਲ ’ਤੇ ਇਕ ਅਖ਼ਬਾਰ ਦੀ ਰਿਪੋਰਟ ਸਾਂਝੀ ਕੀਤੀ ਅਤੇ ਪੋਸਟ ਕੀਤਾ ਕਿ ਹਾਂ, ਤੁਸੀਂ ਸਹੀ ਪੜ੍ਹਿਆ-ਅਤੇ ਜੇਕਰ ਯਕੀਨ ਨਹੀਂ ਹੋ ਰਿਹਾ, ਤਾਂ ਦੁਹਰਾਅ ਦਿੰਦਾ ਹਾਂ ਕਿ ਮੁੰਬਈ ਵਿਚ ਘਰ ਖਰੀਦਣ ਲਈ ਭਾਰਤ ਦੇ ਸਭ ਤੋਂ ਅਮੀਰ 5 ਫੀਸਦੀ ਨੂੰ ਵੀ 109 ਸਾਲਾਂ ਲਈ ਆਪਣੀ ਆਮਦਨ ਦਾ 30 ਫੀਸਦੀ ਬਚਾਉਣਾ ਪਵੇਗਾ।
ਉਨ੍ਹਾਂ ਕਿਹਾ ਕਿ ਇਹੋ ਹਾਲ ਜ਼ਿਆਦਾਤਰ ਵੱਡੇ ਸ਼ਹਿਰਾਂ ਦਾ ਹੈ, ਜਿਥੇ ਤੁਸੀਂ ਮੌਕੇ ਅਤੇ ਸਫਲਤਾ ਦੀ ਭਾਲ ਵਿਚ ਅੱਡੀਆਂ ਘਸਾ ਦਿੰਦੇ ਹੋ ਅਤੇ ਕਿਥੋਂ ਆਏਗੀ ਇੰਨੀ ਬੱਚਤ? ਕਾਂਗਰਸ ਆਗੂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗਰੀਬ ਅਤੇ ਮਿਡਲ ਕਲਾਸ ਦੀ ਵਿਰਾਸਤ ਦੌਲਤ ਨਹੀਂ, ਜ਼ਿੰਮੇਵਾਰੀਆਂ ਹੁੰਦੀਆਂ ਹਨ, ਜਿਵੇਂ ਕਿ ਬੱਚਿਆਂ ਦੀ ਮਹਿੰਗੀ ਸਿੱਖਿਆ, ਮਹਿੰਗੇ ਇਲਾਜ ਦੀ ਚਿੰਤਾ, ਮਾਤਾ-ਪਿਤਾ ਦੀ ਜ਼ਿੰਮੇਵਾਰੀ ਜਾਂ ਪਰਿਵਾਰ ਲਈ ਛੋਟੀ ਜਿਹੀ ਗੱਡੀ। ਫਿਰ ਵੀ ਦਿਲਾਂ ਵਿਚ ਰਹਿੰਦਾ ਹੈ ਇਕ ਸੁਪਨਾ-‘ਇਕ ਦਿਨ’ ਇਕ ਘਰ ਹੋਵੇਗਾ ਆਪਣਾ।
ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਉਹ ‘ਇਕ ਦਿਨ’ ਅਮੀਰਾਂ ਲਈ ਵੀ 109 ਸਾਲ ਦੂਰ ਹੋਏ, ਤਾਂ ਸਮਝੋ ਗਰੀਬਾਂ ਤੋਂ ਸੁਪਨਿਆਂ ਦਾ ਵੀ ਹੱਕ ਖੋਹ ਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਪਰਿਵਾਰ ਦੀ ਲੋੜ ਹੈ, ਸਕੂਨ ਵਾਲੀ ਚਾਰਦੀਵਾਰੀ ਅਤੇ ਸਿਰ ਢਕਣ ਵਾਲੀ ਛੱਤ-ਪਰ ਅਫਸੋਸ ਕਿ ਤੁਹਾਡੀ ਪੂਰੀ ਜ਼ਿੰਦਗੀ ਦੀ ਮਿਹਨਤ ਅਤੇ ਬੱਚਤ ਤੋਂ ਵੀ ਜ਼ਿਆਦਾ ਹੈ ਉਸਦੀ ਕੀਮਤ।
ਰਾਹੁਲ ਨੇ ਕਿਹਾ ਕਿ ਜਦੋਂ ਅਗਲੀ ਵਾਰ ਕੋਈ ਤੁਹਾਨੂੰ ਕੁੱਲ ਘਰੇਲੂ ਉਤਪਾਦ ਦੇ ਅੰਕੜੇ ਸੁਣਾਏ ਤਾਂ ਉਨ੍ਹਾਂ ਨੂੰ ਆਪਣੇ ਘਰੇਲੂ ਬਜਟ ਦੀ ਸੱਚਾਈ ਦਿਖਾਓ-ਹੋਰ ਪੁੱਛੋ, ਇਹ ਅਰਥਵਿਵਸਥਾ ਕਿਸ ਦੇ ਲਈ ਹੈ?