ਪਿਤਾ ਬਣਨਾ ਸਿਰਫ਼ ਜ਼ਿੰਮੇਵਾਰੀ ਨਹੀਂ, ਸਰੀਰ ਤੇ ਦਿਮਾਗ ਦਾ ਵੀ ਵੱਡਾ ਬਦਲਾਅ
Tuesday, Apr 21, 2026 - 04:48 AM (IST)
ਜਾਲੰਧਰ : ਬੱਚੇ ਦੇ ਜਨਮ ਦੀ ਪ੍ਰਕਿਰਿਆ ਕੇਵਲ ਮਾਂ ਹੀ ਨਹੀਂ ਸਗੋਂ ਪਿਤਾ ਬਣਨ ਵਾਲੇ ਮਰਦਾਂ ਦੇ ਸਰੀਰ ਅਤੇ ਦਿਮਾਗ ਨੂੰ ਵੀ ਡੂੰਘਾਈ ਨਾਲ ਪ੍ਰਭਾਵਿਤ ਕਰਦੀ ਹੈ। ਵਿਗਿਆਨਕ ਖੋਜਾਂ ਦੱਸਦੀਆਂ ਹਨ ਕਿ ਗਰਭ ਅਵਸਥਾ ਦੌਰਾਨ ਹੀ ਮਰਦਾਂ ਦੇ ਹਾਰਮੋਨ ਬਦਲਣ ਲੱਗਦੇ ਹਨ, ਜਿਸ ਨਾਲ ਉਨ੍ਹਾਂ ਦੇ ਵਿਵਹਾਰ ਅਤੇ ਭਾਵਨਾਵਾਂ ’ਚ ਅਹਿਮ ਬਦਲਾਅ ਆਉਂਦੇ ਹਨ।
ਪਿਤਾ ਬਣਨ ਦੀ ਪ੍ਰਕਿਰਿਆ ’ਚ ਮਰਦਾਂ ਦਾ ਟੈਸਟੋਸਟੀਰੋਨ ਪੱਧਰ ਘਟਦਾ ਹੈ, ਜਦਕਿ ਆਕਸੀਟੋਸਿਨ ਵਰਗੇ ਹਾਰਮੋਨ ਵਧਦੇ ਹਨ। ਇਸ ਨਾਲ ਉਹ ਵਧੇਰੇ ਸੰਵੇਦਨਸ਼ੀਲ, ਚੌਕਸ ਅਤੇ ਦੇਖਭਾਲ ਕਰਨ ਵਾਲੇ ਬਣ ਜਾਂਦੇ ਹਨ। ਇਹ ਬਦਲਾਅ ਉਨ੍ਹਾਂ ਨੂੰ ਬੱਚੇ ਦੀਆਂ ਲੋੜਾਂ ਪ੍ਰਤੀ ਵਧੇਰੇ ਜਾਗਰੂਕ ਬਣਾਉਂਦਾ ਹੈ।
ਜਿੰਨੀ ਜ਼ਿਆਦਾ ਭਾਗੀਦਾਰੀ, ਉਨਾ ਡੂੰਘਾ ਬਦਲਾਅ
ਖੋਜ ਅਨੁਸਾਰ ਜੋ ਮਰਦ ਬੱਚੇ ਦੀ ਦੇਖਭਾਲ ’ਚ ਸਰਗਰਮ ਭੂਮਿਕਾ ਨਿਭਾਉਂਦੇ ਹਨ, ਉਨ੍ਹਾਂ ’ਚ ਇਹ ਜੈਵਿਕ ਪਰਿਵਰਤਨ ਹੋਰ ਵੀ ਸਪੱਸ਼ਟ ਹੁੰਦੇ ਹਨ। ਲੰਬੇ ਸਮੇਂ ਤੱਕ ਇਹ ਮੰਨਿਆ ਜਾਂਦਾ ਸੀ ਕਿ ਸਰਗਰਮ ਪਿਤ੍ਰਤਵ ਕੇਵਲ ਸਮਾਜਿਕ ਕਾਰਨਾਂ ਨਾਲ ਜੁੜਿਆ ਹੈ ਪਰ ਹੁਣ ਵਿਗਿਆਨੀ ਮੰਨਦੇ ਹਨ ਕਿ ਇਹ ਡੂੰਘੀ ਜੈਵਿਕ ਪ੍ਰਕਿਰਿਆ ਦਾ ਨਤੀਜਾ ਵੀ ਹੈ।
ਪਿਤ੍ਰਤਵ ਦੀ ਛੁਪੀ ਜੈਵਿਕ ਸਮਰੱਥਾ
ਪ੍ਰਾਈਮਟੋਲੋਜਿਸਟ ਸਾਰਾ ਬਲਾਫਰ ਹਾਰਡੀ ਆਪਣੀ ਪੁਸਤਕ ‘ਫਾਦਰ ਟਾਈਮ’ ’ਚ ਦੱਸਦੀ ਹੈ ਕਿ ਮਰਦਾਂ ’ਚ ਵੀ ਉਨੀ ਹੀ ਡੂੰਘੀ ਪਾਲਣ-ਪੋਸ਼ਣ ਦੀ ਸਮਰੱਥਾ ਹੁੰਦੀ ਹੈ, ਜਿੰਨੀ ਇਕ ਮਾਂ ’ਚ। ਉਨ੍ਹਾਂ ਅਨੁਸਾਰ ਇਹ ਸਮਰੱਥਾ ਮਨੁੱਖੀ ਵਿਕਾਸ ਦੌਰਾਨ ਵਿਕਸਿਤ ਹੋਈ ਹੈ, ਜਿਸ ਨੂੰ ‘ਐਲੋਪੈਰੈਂਟਲ ਸਬਸਟਰੇਟ’ ਕਿਹਾ ਜਾਂਦਾ ਹੈ।
ਟੈਸਟੋਸਟੀਰੋਨ ’ਚ ਗਿਰਾਵਟ ਦੇ ਵਿਗਿਆਨਕ ਪ੍ਰਮਾਣ
ਰਿਪੋਰਟ ਮੁਤਾਬਕ ਲੀ ਗੇਟਲਰ ਵੱਲੋਂ ਕੀਤੇ ਗਏ ਸਰਵੇ ’ਚ ਪਾਇਆ ਗਿਆ ਕਿ ਜੋ ਮਰਦ ਪਿਤਾ ਬਣਦੇ ਹਨ, ਉਨ੍ਹਾਂ ਦੇ ਟੈਸਟੋਸਟੀਰੋਨ ਪੱਧਰ ’ਚ ਜ਼ਿਕਰਯੋਗ ਗਿਰਾਵਟ ਆਉਂਦੀ ਹੈ। ਫਿਲੀਪੀਨਜ਼ ਦੇ ਸੇਬੂ ਸਿਟੀ ’ਚ 624 ਨੌਜਵਾਨਾਂ ’ਤੇ ਕੀਤੇ ਗਏ ਇਸ ਅਧਿਐਨ ਨੇ ਦਿਖਾਇਆ ਕਿ ਪਿਤ੍ਰਤਵ ਦੇ ਨਾਲ ਸਰੀਰ ’ਚ ਹਾਰਮੋਨਲ ਬਦਲਾਅ ਸਪੱਸ਼ਟ ਰੂਪ ਨਾਲ ਜੁੜੇ ਹੋਏ ਹਨ।
ਦਿਮਾਗ ’ਚ ਵੀ ਹੁੰਦੇ ਹਨ ਸੰਰਚਨਾਤਮਕ ਬਦਲਾਅ
ਡਾਰਬੀ ਸੈਕਸਬੀ ਦੀ ਖੋਜ ’ਚ ਸਾਹਮਣੇ ਆਇਆ ਕਿ ਪਿਤਾ ਬਣਨ ਵਾਲੇ ਮਰਦਾਂ ਦੇ ਦਿਮਾਗ ’ਚ ਵਾਸਤਵਿਕ ਸੰਰਚਨਾਤਮਕ ਬਦਲਾਅ ਹੁੰਦੇ ਹਨ। ਦਿਮਾਗ ਨਵੀਆਂ ਜ਼ਿੰਮੇਵਾਰੀਆਂ ਅਤੇ ਭਾਵਨਾਤਮਕ ਜੁੜਾਵ ਅਨੁਸਾਰ ਖ਼ੁਦ ਨੂੰ ਢਾਲਦਾ ਹੈ। ਮਾਹਿਰਾਂ ਅਨੁਸਾਰ ਪਿਤ੍ਰਤਵ ਇਕ ਤਰ੍ਹਾਂ ਨਾਲ ‘ਦੂਜੀ ਕਿਸ਼ੋਰ ਅਵਸਥਾ’ ਵਰਗਾ ਹੁੰਦਾ ਹੈ, ਜਿਸ ’ਚ ਮਰਦ ਦਾ ਦਿਮਾਗ ਅਤੇ ਵਿਵਹਾਰ ਨਵੇਂ ਸਮਾਜਿਕ ਅਤੇ ਭਾਵਨਾਤਮਕ ਦਬਾਵਾਂ ਦੇ ਅਨੁਕੂਲ ਬਦਲਦਾ ਹੈ। ਇਹ ਬਦਲਾਅ ਉਨ੍ਹਾਂ ਨੂੰ ਬਿਹਤਰ ਦੇਖਭਾਲਕਰਤਾ ਅਤੇ ਜ਼ਿੰਮੇਵਾਰ ਅਭਿਭਾਵਕ ਬਣਨ ’ਚ ਮਦਦ ਕਰਦਾ ਹੈ।
ਵਿਕਾਸਵਾਦੀ ਵਿਰਾਸਤ ਦਾ ਹਿੱਸਾ ਹੈ ਪਿਤ੍ਰਤਵ
ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਕੋਈ ਆਧੁਨਿਕ ਸਮਾਜਿਕ ਬਦਲਾਅ ਨਹੀਂ, ਸਗੋਂ ਮਨੁੱਖੀ ਵਿਕਾਸ ਦੀ ਪ੍ਰਕਿਰਿਆ ਦਾ ਹਿੱਸਾ ਹੈ। ਮਰਦਾਂ ਦੇ ਦਿਮਾਗ ’ਚ ਪਹਿਲਾਂ ਤੋਂ ਮੌਜੂਦ ਪਾਲਣ-ਪੋਸ਼ਣ ਦੀ ਸਮਰੱਥਾ ਪਿਤਾ ਬਣਨ ’ਤੇ ਸਰਗਰਮ ਹੋ ਜਾਂਦੀ ਹੈ, ਜਿਸ ਨਾਲ ਉਹ ਬੱਚਿਆਂ ਦੇ ਪਾਲਣ-ਪੋਸ਼ਣ ’ਚ ਅਹਿਮ ਭੂਮਿਕਾ ਨਿਭਾ ਪਾਉਂਦੇ ਹਨ।
