ਜੰਮੂ ਕਸ਼ਮੀਰ : ਸ਼ੋਪੀਆਂ 'ਚ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਢੇਰ, ਇਕ ਨਾਗਰਿਕ ਦੀ ਮੌਤ
Friday, Feb 25, 2022 - 12:59 PM (IST)
ਸ਼੍ਰੀਨਗਰ (ਵਾਰਤਾ)- ਦੱਖਣੀ ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਸੁਰੱਖਿਆ ਫ਼ੋਰਸਾਂ ਨਾਲ ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ। ਪੁਲਸ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁਕਾਬਲੇ ਦੌਰਾਨ ਗੋਲੀ ਲੱਗਣ ਨਾਲ ਇਕ ਆਮ ਨਾਗਰਿਕ ਦੀ ਮੌਤ ਹੋ ਗਈ। ਪੁਲਸ ਦੇ ਇਕ ਅਧਿਕਾਰੀ ਅਨੁਸਾਰ, ਦੱਖਣੀ ਕਸ਼ਮੀਰ 'ਚ ਸ਼ੋਪੀਆ ਜ਼ਿਲ੍ਹੇ ਦੇ ਅਮਸ਼ੀਪੋਰਾ ਇਲਾਕੇ 'ਚ ਮੁਕਾਬਲਾ ਉਸ ਸਮੇਂ ਸ਼ੁਰੂ ਹੋਇਆ, ਜਦੋਂ ਸੁਰੱਖਿਆ ਫ਼ੋਰਸਾਂ ਦੀਆਂ ਸਾਂਝੀਆਂ ਟੀਮਾਂ ਨੇ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਇਲਾਕੇ 'ਚ ਅੱਤਵਾਦ ਰੋਕੂ ਮੁਹਿੰਮ ਸ਼ੁਰੂ ਕੀਤੀ। ਸਾਂਝੀਆਂ ਫ਼ੋਰਸਾਂ ਨੇ ਸ਼ੱਕੀ ਸਥਾਨ ਵੱਲ ਵਧਣਾ ਸ਼ੁਰੂ ਕੀਤਾ ਤਾਂ ਉੱਥੇ ਲੁੱਕੇ ਅੱਤਵਾਦੀਆਂ ਨੇ ਗੋਲੀਆਂ ਚਲਾਈਆਂ, ਜਿਸ ਨਾਲ ਮੁਕਾਬਲਾ ਸ਼ੁਰੂ ਹੋ ਗਿਆ। ਮੁਕਾਬਲੇ 'ਚ 2 ਅੱਤਵਾਦੀ ਮਾਰੇ ਗਏ ਹਨ।
ਮ੍ਰਿਤਕ ਅੱਤਵਾਦੀਆਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ। ਪੁਲਸ ਨੇ ਇਕ ਟਵੀਟ 'ਚ ਕਿਹਾ,''ਹਥਿਆਰ ਅਤੇ ਗੋਲਾ-ਬਾਰੂਦ ਸਮੇਤ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਹੈ। ਭਾਲ ਜਾਰੀ ਹੈ।'' ਸ਼ੋਪੀਆਂ ਜ਼ਿਲ੍ਹੇ 'ਚ ਪਿਛਲੇ 6 ਦਿਨਾਂ 'ਚ ਇਹ ਦੂਜਾ ਮੁਕਾਬਲਾ ਹੈ। 19 ਫਰਵਰੀ ਨੂੰ ਚੇਰਮਾਰਗ ਜ਼ੈਨਾਪੋਰਾ 'ਚ ਇਕ ਮੁਕਾਬਲੇ 'ਚ 2 ਫ਼ੌਜੀ ਅਤੇ ਲਸ਼ਕਰ-ਏ-ਤੋਇਬਾ ਦਾ ਇਕ ਸਥਾਨਕ ਅੱਤਵਾਦੀ ਮਾਰਿਆ ਗਿਆ ਸੀ।