ਐਲਨ ਮਸਕ ਦੀ ‘ਐਕਸ’ ਨੇ ਭਾਰਤ ਸਰਕਾਰ ’ਤੇ ਕੀਤਾ ਮੁਕੱਦਮਾ, ਲਾਇਆ ਇਹ ਦੋਸ਼
Friday, Mar 21, 2025 - 09:43 AM (IST)
 
            
            ਬੈਂਗਲੁਰੂ (ਭਾਸ਼ਾ)- ਅਮਰੀਕੀ ਅਰਬਪਤੀ ਐਲਨ ਮਸਕ ਦੀ ਮਾਲਕੀ ਵਾਲੀ ਸੋਸ਼ਲ ਮੀਡੀਆ ਕੰਪਨੀ ਐਕਸ (ਪੁਰਾਣਾ ਨਾਂ ਟਵਿੱਟਰ) ਨੇ ਭਾਰਤ ਸਰਕਾਰ ਖਿਲਾਫ ਕਰਨਾਟਕ ਹਾਈ ਕੋਰਟ ’ਚ ਇਕ ਮੁਕੱਦਮਾ ਦਰਜ ਕਰ ਕੇ ਕਥਿਤ ‘ਗੈਰ-ਕਾਨੂੰਨੀ ਸਮੱਗਰੀ ਰੈਗੂਲੇਸ਼ਨ ਅਤੇ ਮਨਮਾਨੀ ਸੈਂਸਰਸ਼ਿਪ’ ਨੂੰ ਚੁਣੌਤੀ ਦਿੱਤੀ ਹੈ। ‘ਐਕਸ’ ਨੇ ਸੂਚਨਾ ਤਕਨਾਲੋਜੀ (ਆਈ. ਟੀ.) ਐਕਟ ਦੀ ਕੇਂਦਰ ਦੀ ਵਿਆਖਿਆ, ਵਿਸ਼ੇਸ਼ ਤੌਰ ’ਤੇ ਉਸ ਵੱਲੋਂ ਧਾਰਾ 79 (3) (ਬੀ) ਦੀ ਵਰਤੋਂ ’ਤੇ ਚਿੰਤਾ ਪ੍ਰਗਟਾਈ, ਜਿਸ ਬਾਰੇ ਉਸ ਨੇ ਦਲੀਲ ਦਿੱਤੀ ਹੈ ਕਿ ਇਹ ਸੁਪਰੀਮ ਕੋਰਟ ਦੇ ਫੈਸਲਿਆਂ ਦੀ ਉਲੰਘਣਾ ਹੈ ਅਤੇ ਡਿਜੀਟਲ ਮੰਚ ’ਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਘੱਟ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਲਿਆਂਦਾ ਗਿਆ ਪੰਜਾਬ, 25 ਮਾਰਚ ਤਕ ਮਿਲਿਆ ਪੁਲਸ ਰਿਮਾਂਡ
ਮੁਕੱਦਮੇ ’ਚ ਦੋਸ਼ ਲਾਇਆ ਗਿਆ ਹੈ ਕਿ ਸਰਕਾਰ ਧਾਰਾ 69-ਏ ’ਚ ਦਰਸਾਈ ਕਾਨੂੰਨੀ ਪ੍ਰਕਿਰਿਆ ਨੂੰ ਅੱਖੋਂ-ਪਰੋਖੇ ਕਰਦੇ ਹੋਏ, ਇਕ ਸਮਾਨਾਂਤਰ ਸਮੱਗਰੀ ਬਲਾਕਿੰਗ ਸਿਸਟਮ ਬਣਾਉਣ ਲਈ ਉਕਤ ਧਾਰਾ ਦੀ ਵਰਤੋਂ ਕਰ ਰਹੀ ਹੈ। ਐਕਸ ਨੇ ਦਾਅਵਾ ਕੀਤਾ ਕਿ ਇਹ ਦ੍ਰਿਸ਼ਟੀਕੋਣ ਸ਼੍ਰੇਆ ਸਿੰਘਲ ਮਾਮਲੇ ’ਚ ਸੁਪਰੀਮ ਕੋਰਟ ਦੇ 2015 ਦੇ ਫੈਸਲੇ ਤੋਂ ਉਲਟ ਹੈ, ਜਿਸ ’ਚ ਇਹ ਸਥਾਪਤ ਕੀਤਾ ਗਿਆ ਸੀ ਕਿ ਸਮੱਗਰੀ ਨੂੰ ਸਿਰਫ ਉਚਿਤ ਕਾਨੂੰਨੀ ਪ੍ਰਕਿਰਿਆ ਜਾਂ ਧਾਰਾ 69-ਏ ਦੇ ਤਹਿਤ ਕਾਨੂੰਨੀ ਤੌਰ ’ਤੇ ਪਰਿਭਾਸ਼ਿਤ ਮਾਧਿਅਮ ਨਾਲ ਹੀ ਰੋਕਿਆ ਜਾ ਸਕਦਾ ਹੈ।
ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਅਨੁਸਾਰ, ਧਾਰਾ 79 (3) (ਬੀ) ਆਨਲਾਈਨ ਮੰਚਾਂ ਨੂੰ ਅਦਾਲਤ ਦੇ ਹੁਕਮ ਜਾਂ ਸਰਕਾਰੀ ਨੋਟੀਫਿਕੇਸ਼ਨ ਵੱਲੋਂ ਨਿਰਦੇਸ਼ਤ ਹੋਣ ’ਤੇ ਗ਼ੈਰ-ਕਾਨੂੰਨੀ ਸਮੱਗਰੀ ਨੂੰ ਹਟਾਉਣਾ ਲਾਜ਼ਮੀ ਕਰਦੀ ਹੈ। ਮੰਤਰਾਲਾ ਅਨੁਸਾਰ, ਜੇ ਕੋਈ ਡਿਜੀਟਲ ਮੰਚ 36 ਘੰਟਿਆਂ ਦੇ ਅੰਦਰ ਪਾਲਣਾ ਕਰਨ ’ਚ ਅਸਫਲ ਰਹਿੰਦਾ ਹੈ, ਤਾਂ ਉਸ ਨੂੰ ਧਾਰਾ 79 (1) ਦੇ ਤਹਿਤ ਸੁਰੱਖਿਆ ਗੁਆਉਣ ਦਾ ਜੋਖਮ ਹੁੰਦਾ ਹੈ ਅਤੇ ਉਸ ਨੂੰ ਭਾਰਤੀ ਦੰਡਾਵਲੀ (ਆਈ. ਪੀ. ਸੀ.) ਸਮੇਤ ਵੱਖ-ਵੱਖ ਕਾਨੂੰਨਾਂ ਤਹਿਤ ਜਵਾਬਦੇਹ ਠਹਿਰਾਇਆ ਜਾ ਸਕਦਾ ਹੈ। ਹਾਲਾਂਕਿ, ‘ਐਕਸ’ ਨੇ ਇਸ ਵਿਆਖਿਆ ਨੂੰ ਚੁਣੌਤੀ ਦਿੱਤੀ ਹੈ ਅਤੇ ਦਲੀਲ ਦਿੱਤੀ ਕਿ ਇਹ ਵਿਵਸਥਾ ਸਰਕਾਰ ਨੂੰ ਸਮੱਗਰੀ ਬਲਾਕ ਕਰਨ ਦਾ ਸੁਤੰਤਰ ਅਧਿਕਾਰ ਨਹੀਂ ਦਿੰਦੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਜ਼ੋਰਦਾਰ ਧਮਾਕਾ! ਕੰਬ ਗਿਆ ਪੂਰਾ ਇਲਾਕਾ
ਐਲਨ ਮਸਕ ਦੀ ਕੰਪਨੀ ਐਕਸ ਵੱਲੋਂ ਕੇਂਦਰ ਸਰਕਾਰ ’ਤੇ ਮੁਕੱਦਮਾ ਦਰਜ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਉਹ ਉਚਿਤ ਪ੍ਰਕਿਰਿਆ ਦੀ ਪਾਲਣਾ ਕਰੇਗੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਵੱਲੋਂ ਕਾਨੂੰਨ ਦੀ ਪਾਲਣਾ ਕਰਨ ਦੀ ਉਮੀਦ ਕਰੇਗੀ। ਸਰਕਾਰ ਦੇ ਇਕ ਸੂਤਰ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਸਰਕਾਰ ਕਾਨੂੰਨ ਅਨੁਸਾਰ ਕਾਰਵਾਈ ਕਰੇਗੀ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਨੂੰ ਵੀ ਕਾਨੂੰਨ ਦੀ ਪਾਲਣਾ ਕਰਨੀ ਹੋਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            