ਭਾਰਤ ’ਤੇ ਫਿਰ ਤੋਂ ਟੈਰਿਫ ਲਗਾਉਣ ਦੀ ਤਿਆਰੀ ’ਚ ਅਮਰੀਕਾ, 16 ਪ੍ਰਮੁੱਖ ਵਪਾਰਕ ਭਾਈਵਾਲ ਦੇਸ਼ਾਂ ਦੀ ਜਾਂਚ ਸ਼ੁਰੂ
Thursday, Mar 12, 2026 - 11:28 PM (IST)
ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ 16 ਪ੍ਰਮੁੱਖ ਵਪਾਰਕ ਭਾਈਵਾਲ ਦੇਸ਼ਾਂ ਦੀਆਂ ਉਨ੍ਹਾਂ ਵਪਾਰਕ ਨੀਤੀਆਂ ਅਤੇ ਪ੍ਰਥਾਵਾਂ ਖਿਲਾਫ ਨਵੀਂ ਜਾਂਚ ਸ਼ੁਰੂ ਕੀਤੀ ਹੈ, ਜਿਨ੍ਹਾਂ ਨੂੰ ਅਮਰੀਕਾ ਅਣਉੱਚਿਤ ਮੰਨਦਾ ਹੈ। ਇਸ ਕਦਮ ਨਾਲ ਭਾਰਤ ਸਮੇਤ ਕਈ ਦੇਸ਼ਾਂ ’ਤੇ ਵਾਧੂ ਟੈਰਿਫ (ਟੈਕਸ) ਅਤੇ ਹੋਰ ਜੁਰਮਾਨੇ ਲੱਗਣ ਦਾ ਰਸਤਾ ਸਾਫ਼ ਹੋ ਸਕਦਾ ਹੈ।
ਇਹ ਫੈਸਲਾ ਅਜਿਹੇ ਸਮੇਂ ਆਇਆ ਹੈ, ਜਦੋਂ ਸੁਪਰੀਮ ਕੋਰਟ ਵਲੋਂ ਟਰੰਪ ਵਲੋਂ ਪਹਿਲਾਂ ਲਗਾਏ ਗਏ ਟੈਰਿਫ ਨੂੰ ਖਾਰਜ ਕਰ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਹ ਹੁਣ ਨਵੇਂ ਬਦਲਾਂ ਦੀ ਤਲਾਸ਼ ਕਰ ਰਹੇ ਹਨ।
ਉਦਯੋਗਿਕ ਸਮਰੱਥਾ ਤੋਂ ਵੱਧ ਉਤਪਾਦਨ ਨੂੰ ਲੈ ਕੇ ਕੀਤੀ ਜਾ ਰਹੀ ਇਸ ਜਾਂਚ ਦੇ ਨਿਸ਼ਾਨੇ ’ਤੇ ਮੁੱਖ ਤੌਰ ’ਤੇ ਭਾਰਤ ਦੇ ਨਾਲ-ਨਾਲ ਯੂਰਪੀਅਨ ਯੂਨੀਅਨ, ਚੀਨ, ਜਾਪਾਨ ਅਤੇ ਕਈ ਹੋਰ ਵੱਡੀਆਂ ਅਰਥਵਿਵਸਥਾਵਾਂ ਹਨ। ਅਮਰੀਕਾ ਦੇ ਇਸ ਸਖ਼ਤ ਕਦਮ ਨਾਲ ਇਨ੍ਹਾਂ ਪ੍ਰਮੁੱਖ ਵਪਾਰਕ ਭਾਈਵਾਲਾਂ ਨਾਲ ਉਸ ਦੇ ਸਬੰਧਾਂ ’ਚ ਤਣਾਅ ਵਧਣ ਦੀ ਪੂਰੀ ਸੰਭਾਵਨਾ ਹੈ।
ਅਮਰੀਕੀ ਵਪਾਰ ਪ੍ਰਤੀਨਿਧੀ ਜੈਮੀਸਨ ਗ੍ਰੀਰ ਨੇ ਦੱਸਿਆ ਕਿ ਟਰੰਪ ਪ੍ਰਸ਼ਾਸਨ 2 ਵੱਖ-ਵੱਖ ਜਾਂਚਾਂ ਸ਼ੁਰੂ ਕਰ ਰਿਹਾ ਹੈ। ਪਹਿਲੀ ਜਾਂਚ ਲੋੜ ਤੋਂ ਵੱਧ ਉਤਪਾਦਨ ’ਤੇ ਕੇਂਦਰਿਤ ਹੈ, ਜਦੋਂਕਿ ਦੂਜੀ ਜਾਂਚ ਜ਼ਬਰਦਸਤੀ ਮਜ਼ਦੂਰੀ ਨਾਲ ਬਣੇ ਸਾਮਾਨ ਦੇ ਆਯਾਤ ਨੂੰ ਲੈ ਕੇ ਹੈ। ਉਨ੍ਹਾਂ ਕਿਹਾ ਕਿ ਇਸ ਗਰਮੀਆਂ ਤੱਕ ਚੀਨ, ਯੂਰਪੀਅਨ ਯੂਨੀਅਨ, ਭਾਰਤ, ਜਾਪਾਨ, ਦੱਖਣੀ ਕੋਰੀਆ ਅਤੇ ਮੈਕਸੀਕੋ ਖਿਲਾਫ ਨਵੇਂ ਟੈਰਿਫ ਲਗਾਏ ਜਾ ਸਕਦੇ ਹਨ।
ਇਸ ਸੂਚੀ ਵਿਚ ਤਾਈਵਾਨ, ਵੀਅਤਨਾਮ, ਥਾਈਲੈਂਡ, ਮਲੇਸ਼ੀਆ, ਕੰਬੋਡੀਆ, ਸਿੰਗਾਪੁਰ, ਇੰਡੋਨੇਸ਼ੀਆ, ਬੰਗਲਾਦੇਸ਼, ਸਵਿਟਜ਼ਰਲੈਂਡ ਅਤੇ ਨਾਰਵੇ ਵੀ ਸ਼ਾਮਲ ਹਨ। ਅਮਰੀਕਾ ਦੇ ਦੂਜੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਕੈਨੇਡਾ ਨੂੰ ਇਸ ਜਾਂਚ ਤੋਂ ਬਾਹਰ ਰੱਖਿਆ ਗਿਆ ਹੈ।
60 ਦੇਸ਼ਾਂ ’ਤੇ ਪਵੇਗਾ ਅਸਰ
ਜ਼ਬਰਨ ਮਜ਼ਦੂਰੀ ਨੂੰ ਲੈ ਕੇ ਜੋ ਦੂਜੀ ਜਾਂਚ ਕੀਤੀ ਜਾ ਰਹੀ ਹੈ, ਉਸ ਬਾਰੇ ਗ੍ਰੀਰ ਨੇ ਦੱਸਿਆ ਕਿ ਇਹ ਜਾਂਚ ਕੱਲ ਦੁਪਹਿਰ ਤੋਂ ਬਾਅਦ ਕਿਸੇ ਵੀ ਸਮੇਂ ਸ਼ੁਰੂ ਹੋ ਸਕਦੀ ਹੈ। ਇਸ ਜਾਂਚ ਦੇ ਘੇਰੇ ਵਿਚ ਲਗਭਗ 60 ਵਪਾਰਕ ਭਾਈਵਾਲ ਦੇਸ਼ ਆਉਣਗੇ, ਜਿਸ ਨਾਲ ਗਲੋਬਲ ਸਪਲਾਈ ਚੇਨ ’ਤੇ ਵਿਆਪਕ ਅਸਰ ਪੈ ਸਕਦਾ ਹੈ।
ਅਮਰੀਕਾ ਨੇ ਸਾਬਕਾ ਰਾਸ਼ਟਰਪਤੀ ਜੋ ਬਾਈਡੇਨ ਵਲੋਂ ਦਸਤਖਤ ਕੀਤੇ ‘ਉਈਗਰ ਫੋਰਸਡ ਲੇਬਰ ਪ੍ਰੋਟੈਕਸ਼ਨ ਐਕਟ’ ਤਹਿਤ ਪਹਿਲਾਂ ਹੀ ਚੀਨ ਦੇ ਸ਼ਿਨਜਿਆਂਗ ਖੇਤਰ ਤੋਂ ਆਉਣ ਵਾਲੇ ਸੋਲਰ ਪੈਨਲ ਅਤੇ ਹੋਰ ਸਾਮਾਨ ’ਤੇ ਕਾਰਵਾਈ ਕੀਤੀ ਹੈ। ਅਮਰੀਕਾ ਦਾ ਦੋਸ਼ ਹੈ ਕਿ ਚੀਨ ਨੇ ਉਈਗਰ ਅਤੇ ਹੋਰ ਮੁਸਲਿਮ ਘੱਟ ਗਿਣਤੀਆਂ ਲਈ ਲੇਬਰ ਕੈਂਪ ਬਣਾਏ ਹਨ (ਹਾਲਾਂਕਿ ਚੀਨ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰਦਾ ਹੈ)। ਹੁਣ ਇਸ ਜਾਂਚ ਦਾ ਦਾਇਰਾ ਹੋਰ ਦੇਸ਼ਾਂ ਤੱਕ ਵੀ ਵਧਾਇਆ ਜਾ ਸਕਦਾ ਹੈ।
