ਆਫ਼ ਦਿ ਰਿਕਾਰਡ: ਪ੍ਰਹਿਲਾਦ ਜੋਸ਼ੀ ਦੀ ਸਭ ਤੋਂ ਵੱਡੀ ਪ੍ਰੀਖਿਆ
Saturday, Aug 01, 2026 - 05:33 PM (IST)
ਨਵੀਂ ਦਿੱਲੀ- ਧਰਮਿੰਦਰ ਪ੍ਰਧਾਨ ਭਾਵੇਂ ਵਿਵਾਦਾਂ ਦਰਮਿਆਨ ਸਿੱਖਿਆ ਮੰਤਰਾਲਾ ਤੋਂ ਚਲੇ ਗਏ ਹੋਣ ਪਰ ਉਨ੍ਹਾਂ ਤੋਂ ਬਾਅਦ ਆਉਣ ਵਾਲੇ ਪ੍ਰਹਿਲਾਦ ਜੋਸ਼ੀ ਨੂੰ ਉਹੀ ਅਣਸੁਲਝੀ ਸਿਰਦਰਦੀ ਵਿਰਾਸਤ ’ਚ ਮਿਲੀ ਹੈ-ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.)। 2017 ’ਚ ਭਾਰਤ ’ਚ ਸਭ ਤੋਂ ਵੱਡੀਆਂ ਦਾਖਲਾ ਪ੍ਰੀਖਿਆਵਾਂ ਕਰਵਾਉਣ ਲਈ ਇਕ ਖੁਦਮੁਖਤਿਆਰ ਸੰਸਥਾ ਦੇ ਤੌਰ ’ਤੇ ਬਣਾਈ ਗਈ ਐੱਨ. ਟੀ. ਏ. ਦਾ ਮਕਸਦ ਟੈਸਟਿੰਗ ਪ੍ਰਕਿਰਿਆ ਨੂੰ ਪ੍ਰੋਫੈਸ਼ਨਲ ਅਤੇ ਸੌਖਾਲਾ ਬਣਾਉਣਾ ਸੀ। ਇਸ ਦੀ ਬਜਾਏ ਇਹ ਪੇਪਰ ਲੀਕ, ਲਾਜਿਸਟਿਕ ਅਸਫਲਤਾਵਾਂ ਅਤੇ ਆਪਣੀ ਭਰੋਸੇਯੋਗਤਾ ’ਤੇ ਵਾਰ-ਵਾਰ ਉੱਠਣ ਵਾਲੇ ਸਵਾਲਾਂ ਦਾ ਸਮਾਨਾਰਥੀ ਬਣ ਗਈ।
ਏਜੰਸੀ ਦੀ ਸਭ ਤੋਂ ਵੱਡੀ ਕਮਜ਼ੋਰੀ ਉਸ ਦਾ ਢਾਂਚਾ ਹੈ। ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਪ੍ਰੀਖਿਆਵਾਂ ਕਰਵਾਉਣ ਦੇ ਬਾਵਜੂਦ, ਇਹ ਕਥਿਤ ਤੌਰ ’ਤੇ ਮੁਸ਼ਕਿਲ ਨਾਲ 25 ਅਧਿਕਾਰੀਆਂ ਦੀ ਸਥਾਈ ਗਿਣਤੀ ਨਾਲ ਕੰਮ ਕਰਦੀ ਹੈ, ਜੋ ਪ੍ਰਿੰਟਿੰਗ, ਆਵਾਜਾਈ ਅਤੇ ਆਈ. ਟੀ. ਇਨਫ੍ਰਾਸਟਰੱਕਚਰ ਲਈ ਨਿੱਜੀ ਠੇਕੇਦਾਰਾਂ ਅਤੇ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਇਕ ਵੱਡੀ ਫੌਜ ’ਤੇ ਬਹੁਤ ਜ਼ਿਆਦਾ ਨਿਰਭਰ ਹੈ। ਨੀਟ-ਯੂ. ਜੀ. ਅਤੇ ਯੂ. ਜੀ. ਸੀ-ਨੈੱਟ ਵਰਗੀਆਂ ਵੱਡੀਆਂ ਪ੍ਰੀਖਿਆਵਾਂ ਦੇ ਲੀਕ ਹੋਣ ਨਾਲ ਜੁੜੇ ਵੱਡੇ ਵਿਵਾਦਾਂ ਨਾਲ ਇਸ ਨਿਰਭਰਤਾ ਨੇ ਗੁਪਤ ਪ੍ਰਸ਼ਨ ਪੱਤਰਾਂ ਨੂੰ ਸੰਭਾਲਣ ’ਚ ਵਾਰ-ਵਾਰ ਉਸ ਦੀਆਂ ਕਮਜ਼ੋਰੀਆਂ ਨੂੰ ਉਜਾਗਰ ਕੀਤਾ ਹੈ। ਸਰਕਾਰ ਨੇ ਸ਼ਾਇਦ ਸਾਰੇ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੋਵੇ ਪਰ ਅੱਜਕੱਲ ਮੰਤਰਾਲਾ, ਪੀ. ਐੱਸ. ਯੂ., ਸੰਸਥਾਵਾਂ ਅਤੇ ਹਰ ਜਗ੍ਹਾ ਸਰਕਾਰ ਦੀ ਅੱਧੀ ਫੋਰਸ ਠੇਕੇ ’ਤੇ ਕੰਮ ਕਰਨ ਵਾਲੇ ਕਰਮਚਾਰੀ ਚਲਾ ਰਹੇ ਹਨ।
ਐੱਨ. ਟੀ. ਏ. ਨੂੰ ਕਿਵੇਂ ਮਾਪੀਏ? ਇਸ ਦੀ ਸਿੱਧੀ ਤੁਲਨਾ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ. ਪੀ. ਐੱਸ. ਸੀ.) ਨਾਲ ਕੀਤੀ ਜਾ ਸਕਦੀ ਹੈ। ਦਹਾਕਿਆਂ ਤੋਂ ਪੂਰੇ ਦੇਸ਼ ’ਚ ਬਰਾਬਰ ਤੌਰ ’ਤੇ ਸੰਵੇਦਨਸ਼ੀਲ ਪ੍ਰੀਖਿਆਵਾਂ ਕਰਵਾਉਣ ਦੇ ਬਾਵਜੂਦ, ਯੂ. ਪੀ. ਐੱਸ. ਸੀ. ਨੇ ਸਖਤ ਕੰਟਰੋਲ ਵਾਲੇ, ਵੱਖ-ਵੱਖ ਸਿਸਟਮ ਅਤੇ ਘੱਟ ਤੋਂ ਘੱਟ ਆਊਟਸੋਰਸਿੰਗ ਦੇ ਜ਼ਰੀਏ ਕਾਫੀ ਹੱਦ ਤੱਕ ਆਪਣਾ ਬੇਦਾਗ ਰਿਕਾਰਡ ਬਣਾਈ ਰੱਖਿਆ ਹੈ। ਜੋਸ਼ੀ ਲਈ, ਚੁਣੌਤੀ ਡੈਮੇਜ ਕੰਟਰੋਲ ਤੋਂ ਕਿਤੇ ਜ਼ਿਆਦਾ ਹੈ। ਜਦੋਂ ਤੱਕ ਐੱਨ. ਟੀ. ਏ. ’ਚ ਪੂਰੀ ਤਰ੍ਹਾਂ ਬਦਲਾਅ ਨਹੀਂ ਕੀਤਾ ਜਾਂਦਾ, ਹਰ ਪ੍ਰੀਖਿਆ ਦਾ ਸੀਜ਼ਨ ਇਕ ਰਾਜਨੀਤਿਕ ਅਤੇ ਪ੍ਰਬੰਧਕੀ ਬਾਰੂਦੀ ਸੁਰੰਗ ਵਰਗਾ ਬਣਿਆ ਰਹੇਗਾ ਅਤੇ ਹਰ ਸਿੱਖਿਆ ਮੰਤਰੀ ਨੂੰ ਇਸ ਦੀ ਕੀਮਤ ਚੁਕਾਉਣੀ ਪਵੇਗੀ।
