ਵਿਰੋਧੀਆਂ ਨੂੰ ਚੋਣ ਕਮਿਸ਼ਨ ਵਲੋਂ ਝਟਕਾ, ਆਖਰ ''ਚ ਹੀ ਹੋਵੇਗਾ VVPAT-EVM ਦਾ ਮਿਲਾਨ

05/22/2019 4:40:54 PM

ਨਵੀਂ ਦਿੱਲੀ— ਚੋਣ ਕਮਿਸ਼ਨ ਨੇ ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਵੀਵੀਪੈਟ ਦੀਆਂ ਪਰਚੀਆਂ ਨੂੰ ਗਿਣਨ ਦੀ ਵਿਰੋਧੀ ਦਲਾਂ ਦੀ ਮੰਗ ਨੂੰ ਖਾਰਜ ਕਰਦੇ ਹੋਏ ਕਿਹਾ ਹੈ ਕਿ ਵੋਟਾਂ ਦੀ ਗਿਣਤੀ, ਪਹਿਲਾਂ ਤੋਂ ਤੈਅ ਪ੍ਰਕਿਰਿਆ ਦੇ ਅਧੀਨ ਹੀ ਹੋਵੇਗੀ ਅਤੇ ਇਸ 'ਚ ਕੋਈ ਤਬਦੀਲੀ ਨਹੀਂ ਹੋਵੇਗੀ। ਦੱਸਣਯੋਗ ਹੈ ਕਿ ਤੇਦੇਪਾ ਮੁਖੀ ਚੰਦਰਬਾਬੂ ਨਾਇਡੂ ਦੀ ਅਗਵਾਈ 'ਚ ਕਾਂਗਰਸ ਸਮੇਤ 22 ਦਲਾਂ ਦੇ ਨੇਤਾਵਾਂ ਨੇ ਮੰਗਲਵਾਰ ਨੂੰ ਚੋਣ ਕਮਿਸ਼ਨ ਤੋਂ ਵੀਵੀਪੈਟ ਦੀਆਂ ਪਰਚੀਆਂ ਦੀ ਗਿਣਤੀ, ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਕਰਨ ਅਤੇ ਈ.ਵੀ.ਐੱਮ. ਅਤੇ ਵੀਵੀਪੈਟ ਦੇ ਵੋਟਾਂ ਦੀ ਗਿਣਤੀ 'ਚ ਅੰਤਰ ਪਾਏ ਜਾਣ 'ਤੇ ਪੂਰੇ ਵਿਧਾਨ ਸਭਾ ਖੇਤਰ 'ਚ ਈ.ਵੀ.ਐੱਮ. ਵੋਟਾਂ ਦਾ ਵੀਵੀਪੈਟ ਦੀਆਂ ਪਰਚੀਆਂ ਨਾਲ ਮਿਲਾਨ ਕਰਨ ਦੀ ਮੰਗ ਕੀਤੀ ਸੀ। ਮੌਜੂਦਾ ਵਿਵਸਥਾ 'ਚ ਈ.ਵੀ.ਐੱਮ. ਦੀਆਂ ਵੋਟਾਂ ਦਾ 5 ਵੋਟਿੰਗ ਕੇਂਦਰਾਂ ਦੀ ਵੀਵੀਪੈਟ ਦੀਆਂ ਪਰਚੀਆਂ ਨਾਲ ਮਿਲਾਨ ਵੋਟਾਂ ਦੀ ਗਿਣਤੀ ਤੋਂ ਬਾਅਦ ਕੀਤਾ ਜਾਂਦਾ ਹੈ।

ਸੂਤਰਾਂ ਅਨੁਸਾਰ ਵਿਰੋਧੀ ਦਲਾਂ ਦੀ ਮੰਗ 'ਤੇ ਵਿਚਾਰ ਕਰਨ ਲਈ ਕਮਿਸ਼ਨ ਦੀ ਬੁੱਧਵਾਰ ਨੂੰ ਹੋਈ ਬੈਠਕ 'ਚ 23 ਮਈ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ, ਪਹਿਲਾਂ ਤੋਂ ਤੈਅ ਵਿਵਸਥਾ ਦੇ ਅਧੀਨ ਹੀ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ 'ਚ ਕਿਹਾ ਗਿਆ ਹੈ ਕਿ ਹਰੇਕ ਲੋਕ ਸਭਾ ਖੇਤਰ ਦੀ ਵੋਟਾਂ ਦੀ ਗਿਣਤੀ ਦੌਰਾਨ ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਤੋਂ ਬਾਅਦ ਉਸ ਸੀਟ ਦੇ ਹਰੇਕ ਵਿਧਾਨ ਸਭਾ ਖੇਤਰ ਦੇ 5 ਵੋਟਿੰਗ ਕੇਂਦਰਾਂ ਦੀ ਵੀਵੀਪੈਟ ਪਰਚੀਆਂ ਦੀ ਗਿਣਤੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਕਮਿਸ਼ਨ ਨੇ ਈ.ਵੀ.ਐੱਮ. ਦੀਆਂ ਵੋਟਾਂ ਨਾਲ ਵੀਵੀਪੈਟ ਦੀਆਂ ਪਰਚੀਆਂ ਦੇ ਮਿਲਾਨ 'ਚ ਕੋਈ ਅੰਤਰ ਪਾਏ ਜਾਣ 'ਤੇ ਸੰਬੰਧਤ ਵਿਧਾਨ ਸਭਾ ਖੇਤਰ ਦੇ ਸਾਰੇ ਵੋਟਿੰਗ ਕੇਂਦਰਾਂ ਦੀ ਵੀਵੀਪੈਟ ਪਰਚੀਆਂ ਦਾ ਈ.ਵੀ.ਐੱਮ. ਦੀਆਂ ਵੋਟਾਂ ਨਾਲ ਮਿਲਾਨ ਕਰਨ ਦੀ ਮੰਗ ਨੂੰ ਵੀ ਖਾਰਜ ਕਰ ਦਿੱਤਾ। 

ਸਮਝਿਆ ਜਾਂਦਾ ਹੈ ਕਿ ਕਮਿਸ਼ਨ ਦੀ ਦਲੀਲ ਹੈ ਕਿ ਅਜਿਹਾ ਕਰਨ ਨਾਲ ਵੋਟਾਂ ਦੀ ਗਿਣਤੀ ਬਹੁਤ ਜ਼ਿਆਦਾ ਦੇਰ ਨਾਲ ਹੋਵੇਗੀ। ਇਸ ਦੇ ਮੱਦੇਨਜ਼ਰ ਕਮਿਸ਼ਨ ਨੇ ਸੁਪਰੀਮ ਕੋਰਟ ਦੇ ਆਦੇਸ਼ ਅਨੁਸਾਰ ਤੈਅ ਪ੍ਰਕਿਰਿਆ ਦੇ ਅਧੀਨ ਹੀ ਵੋਟਾਂ ਦੀ ਗਿਣਤੀ ਕਰਵਾਏ ਜਾਣ ਦਾ ਫੈਸਲਾ ਕੀਤਾ ਹੈ। ਇਸ ਦੇ ਅਧੀਨ ਵੋਟਾਂ ਦੀ ਗਿਣਤੀ ਦੀ ਸ਼ੁਰੂਆਤ ਕੇਂਦਰੀ ਅਤੇ ਰਾਜ ਪੁਲਸ ਫੋਰਸ, ਹਥਿਆਰਬੰਦ ਫੋਰਸ ਅਤੇ ਵਿਦੇਸ਼ਾਂ 'ਚ ਤਾਇਨਾਤ ਕੂਟਨੀਤਕ ਅਤੇ ਕਰਮਚਾਰੀਆਂ (ਸਰਵਿਸ ਵੋਟਰ) ਦੇ ਡਾਕ ਵੋਟ ਪੱਤਰਾਂ ਦੀ ਗਿਣਤੀ ਨਾਲ ਹੁੰਦੀ ਹੈ। ਇਸ ਤੋਂ ਬਾਅਦ ਈ.ਵੀ.ਐੱਮ. ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਂਦੀ ਹੈ ਅਤੇ ਇਸ ਤੋਂ ਬਾਅਦ ਈ.ਵੀ.ਐੱਮ. ਦੀਆਂ ਵੋਟਾਂ ਦਾ ਵੀਵੀਪੈਟ ਦੀਆਂ ਪਰਚੀਆਂ ਨਾਲ ਮਿਲਾਨ ਕੀਤੇ ਜਾਣ ਦੀ ਵਿਵਸਥਾ ਹੈ। ਈ.ਵੀ.ਐੱਮ. ਦੀਆਂ ਵੋਟਾਂ ਨਾਲ ਵੀਵੀਪੈਟ ਦੀਆਂ ਪਰਚੀਆਂ ਦਾ ਮਿਲਾਨ ਨਾ ਹੋਣ 'ਤੇ ਸਿਰਫ਼ ਮਿਲਾਨ ਵਾਲੇ ਵੋਟਿੰਗ ਕੇਂਦਰ 'ਤੇ ਵੀਵੀਪੈਟ ਦੀਆਂ ਪਰਚੀਆਂ ਨੂੰ ਵੋਟਾਂ ਦੀ ਅਸਲ ਗਿਣਤੀ ਮੰਨਿਆ ਜਾਂਦਾ ਹੈ।


DIsha

Content Editor

Related News