ਚੋਣ ਕਮਿਸ਼ਨ ਨੇ ਵੈੱਬਸਾਈਟ ’ਤੇ ਅਪਲੋਡ ਕੀਤਾ ਚੋਣ ਬਾਂਡ ਦਾ ਡਾਟਾ

Sunday, Mar 17, 2024 - 09:21 PM (IST)

ਨਵੀਂ ਦਿੱਲੀ - ਲੋਕ ਸਭਾ ਚੋਣਾਂ 2024 ਦੀਆਂ ਤਰੀਕਾਂ ਦੇ ਐਲਾਨ ਤੋਂ ਠੀਕ ਅਗਲੇ ਦਿਨ ਚੋਣ ਕਮਿਸ਼ਨ ਨੇ ਐਤਵਾਰ (17 ਮਾਰਚ) ਨੂੰ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਤੋਂ ਚੋਣ ਬਾਂਡਾਂ ਬਾਰੇ ਤਾਜ਼ਾ ਜਾਣਕਾਰੀ ਦੇ ਡਾਟਾ ਨੂੰ ਆਪਣੀ ਵੈੱਬਸਾਈਟ ’ਤੇ ਅਪਲੋਡ ਕਰ ਦਿੱਤਾ ਹੈ। ਕਮਿਸ਼ਨ ਨੇ ਇਹ ਡਾਟਾ ਸੀਲਬੰਦ ਲਿਫਾਫੇ ’ਚ ਸੁਪਰੀਮ ਕੋਰਟ ਨੂੰ ਸੌਂਪਿਆ ਸੀ। ਕੋਰਟ ਨੇ ਬਾਅਦ ’ਚ ਕਮਿਸ਼ਨ ਨੂੰ ਇਸ ਡਾਟਾ ਨੂੰ ਜਨਤਕ ਕਰਨ ਲਈ ਕਿਹਾ ਸੀ।

ਭਾਜਪਾ ਨੇ ਕੁੱਲ 6,986.5 ਕਰੋੜ ਰੁਪਏ ਦੇ ਚੋਣ ਬਾਂਡ ਕੈਸ਼ ਕਰਵਾਏ ਅਤੇ ਪਾਰਟੀ ਨੂੰ 2019-20 ’ਚ ਸਭ ਤੋਂ ਵੱਧ 2,555 ਕਰੋੜ ਰੁਪਏ ਦਾ ਚੋਣ ਚੰਦਾ ਮਿਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਵੇਰਵੇ 12 ਅਪ੍ਰੈਲ 2019 ਤੋਂ ਪਹਿਲਾਂ ਦੀ ਮਿਆਦ ਨਾਲ ਸਬੰਧਤ ਹਨ। ਕਮਿਸ਼ਨ ਨੇ ਇਕ ਬਿਆਨ ’ਚ ਕਿਹਾ ਕਿ ਸਿਆਸੀ ਪਾਰਟੀਆਂ ਨੇ ਸੁਪਰੀਮ ਕੋਰਟ ਦੇ 12 ਅਪ੍ਰੈਲ, 2019 ਦੇ ਅੰਤਰਿਮ ਹੁਕਮ ਅਨੁਸਾਰ ਸੀਲਬੰਦ ਲਿਫਾਫੇ ’ਚ ਚੋਣ ਬਾਂਡ ਨਾਲ ਸਬੰਧਤ ਡਾਟਾ ਦਾਖਲ ਕੀਤਾ ਸੀ। ਉਥੇ ਹੀ, ਹੁਣ ਰੱਦ ਹੋ ਚੁੱਕੇ ਚੋਣ ਬਾਂਡ ਦੇ ਸਭ ਤੋਂ ਵੱਡੇ ਖਰੀਦਦਾਰ ‘ਫਿਊਚਰ ਗੇਮਿੰਗ ਐਂਡ ਹੋਟਲ ਸਰਵਿਸਿਜ਼’ ਨੇ ਇਸ ਦੇ ਜ਼ਰੀਏ ਤਾਮਿਲਨਾਡੂ ਦੀ ਸੱਤਾਧਾਰੀ ਪਾਰਟੀ ਡੀ. ਐੱਮ. ਕੇ. ਨੂੰ 509 ਕਰੋੜ ਰੁਪਏ ਦਾ ਚੰਦਾ ਦਿੱਤਾ।

ਭਾਜਪਾ ਨੂੰ 2018 ’ਚ ਚੋਣ ਬਾਂਡ ਸਕੀਮ ਲਾਗੂ ਹੋਣ ਤੋਂ ਬਾਅਦ ਸਭ ਤੋਂ ਵੱਧ 6,986.5 ਕਰੋੜ ਰੁਪਏ ਦਾ ਫੰਡ ਪ੍ਰਾਪਤ ਹੋਇਆ। ਇਸ ਤੋਂ ਬਾਅਦ ਪੱਛਮੀ ਬੰਗਾਲ ਦੀ ਸੱਤਾਧਾਰੀ ਪਾਰਟੀ ਤ੍ਰਿਣਮੂਲ ਕਾਂਗਰਸ (1,397 ਕਰੋੜ ਰੁਪਏ), ਕਾਂਗਰਸ (1,334 ਕਰੋੜ ਰੁਪਏ) ਅਤੇ ਬੀ. ਆਰ. ਐੱਸ. (1,322 ਕਰੋੜ ਰੁਪਏ) ਦਾ ਸਥਾਨ ਰਿਹਾ। ਅੰਕੜਿਆਂ ਮੁਤਾਬਕ, ਓਡਿਸ਼ਾ ਦੀ ਸੱਤਾਧਾਰੀ ਪਾਰਟੀ ਬੀਜਦ ਨੂੰ 944.5 ਕਰੋੜ ਰੁਪਏ ਮਿਲੇ। ਇਸ ਤੋਂ ਬਾਅਦ ਡੀ. ਐੱਮ. ਕੇ. ਨੇ 656.5 ਕਰੋੜ ਰੁਪਏ ਅਤੇ ਆਂਧਰਾ ਪ੍ਰਦੇਸ਼ ਦੀ ਸੱਤਾਧਾਰੀ ਪਾਰਟੀ ਵਾਈ. ਐੱਸ. ਆਰ. ਕਾਂਗਰਸ ਨੇ ਲੱਗਭਗ 442.8 ਕਰੋੜ ਰੁਪਏ ਦੇ ਬਾਂਡ ਕੈਸ਼ ਕਰਵਾਏ। ਜਦ (ਐੱਸ) ਨੂੰ 89.75 ਕਰੋੜ ਰੁਪਏ ਦੇ ਬਾਂਡ ਮਿਲੇ, ਜਿਸ ’ਚ ਚੋਣ ਬਾਂਡ ਦੀ ਦੂਜੀ ਸਭ ਤੋਂ ਵੱਡੀ ਖਰੀਦਦਾਰ ਮੇਘਾ ਇੰਜਨੀਅਰਿੰਗ ਤੋਂ 50 ਕਰੋੜ ਰੁਪਏ ਸ਼ਾਮਲ ਹਨ।

ਸ਼੍ਰੋਮਣੀ ਅਕਾਲੀ ਦਲ ਨੂੰ ਮਿਲੇ 7.26 ਕਰੋੜ
ਤੇਲਗੂ ਦੇਸ਼ਮ ਪਾਰਟੀ (ਟੀ. ਡੀ. ਪੀ.) ਨੇ 181.35 ਕਰੋੜ ਰੁਪਏ, ਸ਼ਿਵ ਸੈਨਾ ਨੇ 60.4 ਕਰੋੜ ਰੁਪਏ, ਰਾਜਦ ਨੇ 56 ਕਰੋੜ ਰੁਪਏ, ਸਮਾਜਵਾਦੀ ਪਾਰਟੀ ਨੇ 14.05 ਕਰੋੜ ਰੁਪਏ ਚੋਣ ਬਾਂਡ ਰਾਹੀਂ ਪ੍ਰਾਪਤ ਕੀਤੇ। ਅੰਕੜਿਆਂ ’ਚ ਕਿਹਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਨੇ 7.26 ਕਰੋੜ ਰੁਪਏ, ਅੰਨਾ ਡੀ. ਐੱਮ. ਕੇ. ਨੇ 6.05 ਕਰੋੜ ਰੁਪਏ ਅਤੇ ਨੈਸ਼ਨਲ ਕਾਨਫਰੰਸ ਨੇ 50 ਲੱਖ ਰੁਪਏ ਦੇ ਬਾਂਡ ਕੈਸ਼ ਕਰਵਾਏ।

1368 ਕਰੋੜ ਦੇ ਬਾਂਡ ‘ਫਿਊਚਰ ਗੇਮਿੰਗ’ ਨੇ ਖਰੀਦੇ
‘ਲਾਟਰੀ ਕਿੰਗ’ ਸੈਂਟੀਆਗੋ ਮਾਰਟਿਨ ਦੀ ਫਿਊਚਰ ਗੇਮਿੰਗ 1,368 ਕਰੋੜ ਰੁਪਏ ਨਾਲ ਚੋਣ ਬਾਂਡ ਦੀ ਸਭ ਤੋਂ ਵੱਡੀ ਖਰੀਦਦਾਰ ਸੀ, ਜਿਸ ਵਿਚੋਂ ਲੱਗਭਗ 37 ਫੀਸਦੀ ਡੀ. ਐੱਮ. ਕੇ. ਨੂੰ ਗਿਆ। ਡੀ. ਐੱਮ. ਕੇ. ਦੇ ਹੋਰ ਪ੍ਰਮੁੱਖ ਦਾਨੀਆਂ ’ਚ ਮੇਘਾ ਇੰਜੀਨੀਅਰਿੰਗ 105 ਕਰੋੜ ਰੁਪਏ, ਇੰਡੀਆ ਸੀਮੈਂਟਸ 14 ਕਰੋੜ ਰੁਪਏ ਅਤੇ ਸਨ ਟੀ. ਵੀ. 100 ਕਰੋੜ ਰੁਪਏ ਸ਼ਾਮਲ ਹਨ।


Inder Prajapati

Content Editor

Related News