ਐਕਸਪ੍ਰੈੱਸ ਟਰੇਨ ''ਚ ਗਊ ਮਾਸ ਲੈ ਕੇ ਜਾਣ ਦਾ ਸ਼ੱਕ, ਬਜ਼ੁਰਗ ਦੀ ਕੁੱਟਮਾਰ

Saturday, Aug 31, 2024 - 03:07 PM (IST)

ਐਕਸਪ੍ਰੈੱਸ ਟਰੇਨ ''ਚ ਗਊ ਮਾਸ ਲੈ ਕੇ ਜਾਣ ਦਾ ਸ਼ੱਕ, ਬਜ਼ੁਰਗ ਦੀ ਕੁੱਟਮਾਰ

ਮੁੰਬਈ- ਮਹਾਰਾਸ਼ਟਰ ਦੇ ਨਾਸਿਕ ਜ਼ਿਲ੍ਹੇ ਵਿਚ ਇਗਤਪੁਰੀ ਦੇ ਨੇੜੇ ਇਕ ਐਕਸਪ੍ਰੈੱਸ ਟਰੇਨ ਵਿਚ ਗਊ ਮਾਸ ਲੈ ਕੇ ਜਾਣ ਦੇ ਸ਼ੱਕ ਵਿਚ ਇਕ ਬਜ਼ੁਰਗ ਵਿਅਕਤੀ ਦੀ ਉਸ ਦੇ ਸਹਿ-ਯਾਤਰੀਆਂ ਨੇ ਕੁੱਟਮਾਰ ਕਰ ਦਿੱਤੀ। ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਧਿਕਾਰੀ ਨੇ ਦੱਸਿਆ ਕਿ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਹੋਈ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਜੀ. ਆਰ. ਪੀ. ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਵਿਚ ਇਕ ਦਰਜਨ ਲੋਕ ਟਰੇਨ ਦੇ ਅੰਦਰ ਇਕ ਵਿਅਕਤੀ 'ਤੇ ਹਮਲਾ ਕਰਦੇ ਅਤੇ ਉਸ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਹਨ। ਜੀ. ਆਰ. ਪੀ. ਮੁਤਾਬਕ ਜਲਗਾਂਵ ਜ਼ਿਲ੍ਹੇ ਦੇ ਵਾਸੀ ਹਾਜੀ ਅਸ਼ਰਫ ਮੁਨਯਾਰ ਕਲਿਆਣ ਵਿਚ ਆਪਣੀ ਧੀ ਦੇ ਘਰ ਜਾ ਰਹੇ ਸਨ, ਤਾਂ ਇਗਤਪੁਰੀ ਨੇੜੇ ਉਨ੍ਹਾਂ ਦੇ ਸਹਿ-ਯਾਤਰੀਆਂ ਨੇ ਇਸ ਸ਼ੱਕ ਵਿਚ ਉਨ੍ਹਾਂ ਦੀ ਕੁੱਟਮਾਰ ਕਰ ਦਿੱਤੀ ਕਿ ਉਹ ਗਊ ਮਾਸ ਲੈ ਕੇ ਜਾ ਰਹੇ ਹਨ। 

ਅਧਿਕਾਰੀ ਨੇ ਕਿਹਾ ਕਿ ਅਸੀਂ ਵੀਡੀਓ ਦਾ ਨੋਟਿਸ ਲਿਆ ਹੈ ਅਤੇ ਪੀੜਤ ਦੀ ਪਛਾਣ ਕਰ ਲਈ ਗਈ ਹੈ। ਹਮਲੇ ਵਿਚ ਸ਼ਾਮਲ ਕੁਝ ਲੋਕਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਾਂਚ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਕੋਈ ਮਾਮਲਾ ਦਰਜ ਨਹੀਂ ਕੀਤਾ ਗਿਆ ਹੈ।


author

Tanu

Content Editor

Related News