3 ਸਾਲਾ ਬੱਚੀ ਨਾਲ ਬਜ਼ੁਰਗ ਨੇ ਕੀਤਾ ਗੈਰ-ਕੁਦਰਤੀ ਕੰਮ, ਇਸ ਤਰ੍ਹਾਂ ਚੜ੍ਹਿਆ ਪੁਲਸ ਦੇ ਹੱਥ
Thursday, Feb 10, 2022 - 01:09 PM (IST)
ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਤਿੰਨ ਸਾਲਾ ਬੱਚੀ ਨਾਲ ਇਕ ਬਜ਼ੁਰਗ ਵਿਅਕਤੀ ਵਲੋਂ ਗੈਰ-ਕੁਦਰਤੀ ਕੰਮ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ 'ਚ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਸ਼ੋਕਾ ਗਾਰਡਨ ਪੁਲਸ ਥਾਣਾ ਇੰਚਾਰਜ ਆਲੋਕ ਸ਼੍ਰੀਵਾਸਤਵ ਨੇ ਵੀਰਵਾਰ ਨੂੰ ਦੱਸਿਆ ਕਿ ਇਹ ਘਟਨਾ ਬੁੱਧਵਾਰ ਨੂੰ ਅਸ਼ੋਕਾ ਗਾਰਡਨ ਇਲਾਕੇ 'ਚ ਹੋਈ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਅਨੁਸਾਰ ਜਦੋਂ ਬੱਚੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ, ਉਸ ਸਮੇਂ ਮੁਹੱਲੇ 'ਚ ਰਹਿਣ ਵਾਲਾ 59 ਸਾਲਾ ਦੋਸ਼ੀ ਟੌਫ਼ੀ ਦਾ ਲਾਲਚ ਦੇ ਕੇ ਉਸ ਨੂੰ ਕੋਲ ਦੇ ਹੀ ਬੰਦ ਪਏ ਇਕ ਠੇਲੇ ਕੋਲ ਲੈ ਗਿਆ ਅਤੇ ਇਸ ਠੇਲੇ ਦੀ ਆੜ 'ਚ ਉਸ ਨਾਲ ਗੈਰ-ਕੁਦਰਤੀ ਕੰਮ ਕਰਨ ਲੱਗਾ। ਸ਼੍ਰੀਵਾਸਤਵ ਨੇ ਦੱਸਿਆ ਕਿ ਇਸ ਵਿਚ ਉੱਥੋਂ ਲੰਘ ਰਹੀ ਗਾਇਤਰੀ ਭਾਸਕਰ (30) ਨਾਮ ਦੀ ਔਰਤ ਨੇ ਉਸ ਨੂੰ ਦੇਖ ਲਿਆ ਅਤੇ ਰੌਲਾ ਪਾਉਣਾ ਸ਼ੁਰੂ ਰ ਦਿੱਤਾ। ਜਿਸ ਤੋਂ ਬਾਅਦ ਉੱਥੇ ਕੁਝ ਹੋਰ ਲੋਕ ਵੀ ਇਕੱਠੇ ਹੋ ਗਏ।
ਉਨ੍ਹਾਂ ਕਿਹਾ ਕਿ ਇਕੱਠੇ ਲੋਕਾਂ 'ਚ ਸ਼ਾਮਲ ਇਕ ਹੋਰ ਔਰਤ ਵਿਜਯਾ ਪਾਟਿਲ (30) ਨੇ 100 ਨੰਬਰ ਡਾਇਲ ਕਰ ਕੇ ਪੁਲਸ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਸ ਤੁਰੰਤ ਮੌਕੇ 'ਤੇ ਪਹੁੰਚ ਗਈ ਅਤੇ ਪੀੜਤ ਬੱਚੀ ਨੂੰ ਉਸ ਦੇ ਚੰਗੁਲ ਤੋਂ ਛੁਡਾ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੱਸਿਆ ਕਿ ਪੁਲਸ ਨੇ ਗਾਇਤਰੀ ਅਤੇ ਵਿਜਯਾ ਨੂੰ ਉਨ੍ਹਾਂ ਦੇ ਇਸ ਕੰਮ ਲਈ ਸਨਮਾਨਤ ਵੀ ਕੀਤਾ ਹੈ। ਸ਼੍ਰੀਵਾਸਤਵ ਨੇ ਦੱਸਿਆ ਕਿ ਦੋਸ਼ੀ ਵਿਰੁੱਧ ਆਈ.ਪੀ.ਸੀ. ਦੀ ਧਾਰਾ 363, 376, 377 ਅਤੇ ਪੋਕਸੋ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਦੋਸ਼ੀ ਪਹਿਲਾਂ ਵੀ 2-3 ਵਾਰ ਮੁਹੱਲੇ 'ਚ ਨਾਬਾਲਗ ਬੱਚੀਆਂ ਨਾਲ ਇਸ ਤਰ੍ਹਾਂ ਦੀ ਹਰਕਤ ਕਰ ਚੁਕਿਆ ਹੈ ਪਰ ਪਰਿਵਾਰ ਵਾਲਿਆਂ ਨੇ ਇੱਜ਼ਤ ਦੇ ਡਰ ਕਾਰਨ ਥਾਣੇ 'ਚ ਰਿਪੋਰਟ ਦਰਜ ਨਹੀਂ ਕਰਵਾਈ ਸੀ।