ਪੜ੍ਹਾਈ ਤੇ ਕੜਾਹੀ ਦਰਮਿਆਨ ਦੀ ਲੜਾਈ ਹਨ ਇਹ ਚੋਣਾਂ : ਕਨ੍ਹਈਆ ਕੁਮਾਰ

04/18/2019 11:50:05 AM

ਬੇਗੂਸਰਾਏ— ਮੌਜੂਦਾ ਲੋਕ ਸਭਾ ਚੋਣਾਂ 'ਚ ਬਿਹਾਰ ਦੀ ਬੇਗੂਸਰਾਏ ਸੀਟ 'ਤੇ ਕੇਂਦਰੀ ਮੰਤਰੀ ਗਿਰੀਰਾਜ ਸਿੰਘ ਨੂੰ ਸਖਤ ਟੱਕਰ ਰਹੇ ਜੇ.ਐੱਨ.ਯੂ. ਵਿਦਿਆਰਥੀ ਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਕਪਾ ਉਮੀਦਵਾਰ ਕਨ੍ਹਈਆ ਕੁਮਾਰ ਨੇ ਇਸ ਮੁਕਾਬਲੇ ਨੂੰ ਪੜ੍ਹਾਈ ਅਤੇ ਕੜਾਹੀ ਦਰਮਿਆਨ ਦੀ ਲੜਾਈ ਕਰਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਤਾਂ ਪੜ੍ਹ-ਲਿਖ ਕੇ ਆਪਣਾ ਅਤੇ ਦੇਸ਼ ਦਾ ਭਵਿੱਖ ਬਣਾਉਣ ਦੇ ਇਛੁੱਕ ਨੌਜਵਾਨ ਹਨ ਅਤੇ ਦੂਜੇ ਪਾਸੇ ਉਹ ਲੋਕ ਹਨ, ਜੋ ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਤੋਂ ਪਕੌੜੇ ਤਲਵਾਉਣਾ ਚਾਹੁੰਦੇ ਹਨ। ਐੱਨ.ਸੀ.ਈ.ਆਰ.ਟੀ. ਦੀ 9ਵੀਂ ਦੀ ਕਿਤਾਬ 'ਚ ਲੋਕਤੰਤਰ ਦਾ ਪਾਠ ਹਟਾਏ ਜਾਣ ਦੇ ਸੰਦਰਭ 'ਚ ਕਨ੍ਹਈਆ ਨੇ ਕਿਹਾ,''ਜੇਕਰ ਅਸੀਂ ਚੁੱਪ ਰਹੇ ਤਾਂ ਕੱਲ ਪੂਰੇ ਦੇਸ਼ ਤੋਂ ਹੀ ਲੋਕਤੰਤਰ ਨੂੰ ਹਟਾ ਦਿੱਤਾ ਜਾਵੇਗਾ।'' ਚੋਣਾਂ 'ਚ ਜੇ.ਐੱਨ.ਯੂ. ਮਾਮਲੇ ਅਤੇ ਦੇਸ਼ਧਰੋਹ ਦਾ ਮੁੱਖ ਮੁੱਦਾ ਬਣਾਏ ਜਾਣ 'ਤੇ ਕਨ੍ਹਈਆ ਕੁਮਾਰ ਦਾ ਕਹਿਣਾ ਹੈ,''ਜੇਕਰ ਮੈਂ ਦੇਸ਼ਧਰੋਹੀ ਹਾਂ, ਅਪਰਾਧੀ ਹਾਂ, ਦੋਸ਼ੀ ਹਾਂ ਤਾਂ ਸਰਕਾਰ ਮੈਨੂੰ ਜੇਲ 'ਚ ਕਿਉਂ ਨਹੀਂ ਪਾ ਦਿੰਦੀ? ਜੇਕਰ ਮੈਂ ਕੁਝ ਗਲਤ ਕੀਤਾ ਹੈ ਤਾਂ ਸਰਕਾਰ ਕਾਰਵਾਈ ਕਰੇ। ਜੇਕਰ ਮੈਂ ਦੇਸ਼ਧਰੋਹੀ ਹਾਂ ਤਾਂ ਚੋਣਾਂ ਕਿਵੇਂ ਲੜ ਰਿਹਾ ਹਾਂ?''

ਕਨ੍ਹਈਆ ਨੇ ਕਿਹਾ,''ਮੇਰਾ ਚੋਣਾਂ ਲੜਨਾ ਹੀ ਇਸ ਗੱਲ ਦਾ ਸਬੂਤ ਹੈ ਕਿ ਦੇਸ਼ਧਰੋਹ ਦੇ ਦੋਸ਼ ਬੇਬੁਨਿਆਦ ਹਨ। ਜਨਤਾ ਸਭ ਜਾਣਦੀ ਹੈ। ਲੋਕ ਅਸਲ ਮੁੱਦਿਆਂ 'ਤੇ ਗੱਲ ਕਰਨਾ ਚਾਹੁੰਦੇ ਹਨ ਪਰ ਭਾਜਪਾ ਮਨਗੜ੍ਹਤ ਮੁੱਦਿਆਂ ਨਾਲ ਲੋਕਾਂ ਨੂੰ ਵੰਡ ਰਹੀ ਹੈ, ਕਿਉਂਕਿ ਉਸ ਕੋਲ ਜਨਤਾ ਨਾਲ ਜੁੜਿਆ ਕੋਈ ਮੁੱਦਾ ਨਹੀਂ ਹੈ। ਪਿਛਲੇ 5 ਸਾਲਾਂ 'ਚ ਕੇਂਦਰ ਸਰਕਾਰ ਨੇ ਕੁਝ ਵੀ ਠੋਸ ਨਹੀਂ ਕੀਤਾ, ਇਸ ਲਈ ਉਹ ਵਹਿਮ ਫੈਲਾ ਰਹੀ ਹੈ।'' ਭਾਕਪਾ ਉਮੀਦਵਾਰ ਨੇ ਕਿਹਾ ਕਿ ਸਾਜਿਸ਼ ਕਰਨ ਵਾਲਿਆਂ ਨੂੰ ਦੇਸ਼ ਦੀ ਚਿੰਤਾ ਨਹੀਂ ਹੈ ਸਗੋਂ ਉਹ ਚਾਹੁੰਦੇ ਹਨ ਕਿ ਦੇਸ਼ 'ਚ ਨਾ ਕੋਈ ਬੋਲੇ, ਨਾ ਸਵਾਲ ਕਰੇ। ਕੁਮਾਰ ਨੇ ਕਿਹਾ,''ਮੈਂ ਖੁਦ ਨੂੰ ਮਿਲ ਰਹੇ ਜਨ ਸਮਰਥਨ ਤੋਂ ਉਤਸ਼ਾਹਤ ਹਾਂ ਅਤੇ ਮੈਨੂੰ ਆਪਣੀ ਸਫ਼ਲਤਾ ਦਾ ਪੂਰਾ ਭਰੋਸਾ ਵੀ ਹੈ। ਸਿਆਸੀ ਲੜਾਈ 'ਚ ਸੱਚਾਈ ਅਤੇ ਈਮਾਨਦਾਰੀ ਹੋਵੇ ਤਾਂ ਜਨਤਾ ਦਾ ਸਹਿਯੋਗ ਖੁਦ ਮਿਲਦਾ ਹੈ।''

ਚੋਣਾਵੀ ਚੰਦੇ ਬਾਰੇ ਪੁੱਛਣ 'ਤੇ ਕਨ੍ਹਈਆ ਨੇ ਕਿਹਾ,''ਮੇਰਾ ਮੰਨਣਾ ਹੈ ਕਿ ਜਨਤਾ ਦੀ ਲੜਾਈ ਜਨਤਾ ਦੇ ਪੈਸੇ ਨਾਲ ਹੋਵੇ। ਮੇਰੀ ਪੂਰੀ ਮੁਹਿੰਮ ਜਨਤਾ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਉਂਝ ਵੀ, ਇਹ ਲੜਾਈ ਤਾਂ ਪੜ੍ਹਾਈ ਅਤੇ ਕੜਾਹੀ ਦਰਮਿਆਨ ਹੈ- ਇਕ ਪਾਸੇ ਪੜ੍ਹ-ਲਿਖ ਕੇ ਆਪਣਾ ਅਤੇ ਦੇਸ਼ ਦਾ ਭਵਿੱਖ ਬਣਾਉਣ ਦੇ ਇਛੁੱਕ ਨੌਜਵਾਨ ਹਨ ਤਾਂ ਦੂਜੇ ਪਾਸੇ ਉਹ ਲੋਕ ਹਨ, ਜੋ ਇਨ੍ਹਾਂ ਪੜ੍ਹੇ-ਲਿਖੇ ਨੌਜਵਾਨਾਂ ਤੋਂ ਪਕੌੜੇ ਤਲਵਾਉਣਾ ਚਾਹੁੰਦੇ ਹਨ।''


DIsha

Content Editor

Related News